ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਮਨਾਇਆ ਕਾਲਾ ਦਿਵਸ
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮਨਾਇਆ ਕਾਲਾ ਦਿਵਸ
Publish Date: Wed, 01 Apr 2026 05:44 PM (IST)
Updated Date: Wed, 01 Apr 2026 05:46 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਕੇਂਦਰ ਸਰਕਾਰ ਵੱਲੋਂ ਲਿਆਂਦਾ ਗਏ ਚਾਰ ਨਵੇਂ ਲੇਬਰ ਕੋਡ ਖ਼ਿਲਾਫ਼ ਬੁੱਧਵਾਰ ਨੂੰ ਦੇਸ਼ ਭਰ ਵਿੱਚ ਟਰੇਡ ਯੂਨੀਅਨਾਂ ਵੱਲੋਂ ਕਾਲਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਤਹਿਤ ਸੰਗਰੂਰ ਜ਼ਿਲ੍ਹੇ ਵਿਚ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਂਗਨਵਾੜੀ ਸੈਂਟਰਾਂ ਵਿੱਚ ਬਲੈਕ ਡੇ ਵਜੋਂ ਮਨਾਇਆ ਗਿਆ। ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੀਲੋਵਾਲ, ਜ਼ਿਲ੍ਹਾ ਸਕੱਤਰ ਮਨਦੀਪ ਕੁਮਾਰੀ, ਕੈਸ਼ੀਅਰ ਹਰਪ੍ਰੀਤ ਕੌਰ ਛਾਜਲੀ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਲਾ ਦਿਵਸ ਮਨਾਉਂਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਕਿਰਤ ਕਾਨੂੰਨ (ਲੇਬਰ ਕੋਡਜ਼) ਨਾਲ ਮਜ਼ਦੂਰਾਂ ਦੀ ਸਥਿਤੀ ਸੁਧਰਨ ਦੀ ਬਜਾਏ ਉਨ੍ਹਾਂ ਨੂੰ ਪੁਰਾਣੇ ਦੌਰ ਦੀ ਗੁਲਾਮੀ ਅਤੇ ਸੋਸ਼ਣ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਮਜ਼ਦੂਰ ਆਪਣੀ ਮਿਹਨਤ ਨਾਲ ਦੇਸ਼ ਦੀ ਤਰੱਕੀ ਵਿਚ ਯੋਗਦਾਨ ਦਿੰਦਾ ਹੈ, ਹੁਣ ਉਨ੍ਹਾਂ ਦੇ ਹੱਕ ਹੀ ਖੋਹੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਨਾ ਸਿਰਫ ਉਨ੍ਹਾਂ ਦੀ ਮਿਹਨਤ ਦਾ ਮੁੱਲ ਘੱਟ ਹੋਵੇਗਾ, ਸਗੋਂ ਉਨ੍ਹਾਂ ਦੇ ਇਕਜੁੱਟ ਹੋਣ ਅਤੇ ਆਪਣੀਆਂ ਮੰਗਾਂ ਨੂੰ ਰੱਖਣ ਦੀ ਤਾਕਤ ਵੀ ਕਮਜ਼ੋਰ ਹੋ ਜਾਵੇਗੀ। ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਨਵੇਂ ਲੇਬਰ ਕੋਡ ਵਾਪਸ ਲਏ ਜਾਣ। ਆਗੂਆਂ ਨੇ ਸਮੂਹ ਵਰਕਰਾਂ, ਹੈਲਪਰ, ਕਿਰਤੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਨਵੇਂ ਲੋਕ ਵਿਰੋਧੀ ਕਾਨੂੰਨ ਖ਼ਿਲਾਫ਼ ਇਕਜੁੱਟ ਹੋ ਕੇ ਹੋਰ ਵੱਡੇ ਸੰਘਰਸ਼ਾਂ ਵਿੱਚ ਕੁੱਦਣ ਤਾਂ ਜੋ ਅਧਿਕਾਰਾਂ ਨੂੰ ਬਚਾਇਆ ਜਾ ਸਕੇ।