- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸਿੱਧ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਨਾਲ 'ਰੂ-ਬ-ਰੂ' ਪ੍ਰੋਗਰਾਮ ਕਰਵਾਇਆ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ,
ਚੀਮਾ ਮੰਡੀ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਪੰਜਾਬੀ ਦੀ ਉੱਘੀ ਲੇਖਿਕਾ ਅਤੇ ਪੰਜਾਬੀ ਸਾਹਿਤ ਅਕਾਦਮੀ, ਚੰਡੀਗੜ੍ਹ ਦੀ ਸਾਬਕਾ ਚੇਅਰਪਰਸਨ ਡਾ. ਸਰਬਜੀਤ ਕੌਰ ਸੋਹਲ ਨਾਲ ਇੱਕ ਵਿਸ਼ੇਸ਼ ‘ਰੂ-ਬ-ਰੂ’ ਪ੍ਰੋਗਰਾਮ ਕੀਤਾ ਗਿਆ। ਡਾਇਟ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਅਤੇ ਸਟਾਫ ਨੇ ਡਾ. ਸੋਹਲ ਦਾ ਸੰਸਥਾ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਸੇਖੋਂ ਨੇ ਕਿਹਾ ਕਿ ਵਿੱਦਿਅਕ ਅਤੇ ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਦੀ ਆਮਦ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ।
ਸਮਾਗਮ ਦੀ ਸ਼ੁਰੂਆਤ ’ਚ ਡਾ. ਗੁਰਪ੍ਰੀਤ ਕੌਰ ਨੇ ਡਾ. ਸਰਬਜੀਤ ਕੌਰ ਸੋਹਲ ਦੇ ਵਿਅਕਤੀਗਤ ਅਤੇ ਸਾਹਿਤਕ ਸਫ਼ਰ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ । ਇਸ ਤੋਂ ਬਾਅਦ ‘ਰੂ-ਬ-ਰੂ’ ਦੌਰਾਨ ਡਾ. ਸਰਬਜੀਤ ਕੌਰ ਸੋਹਲ ਨੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀ ਜ਼ਿੰਦਗੀ, ਲੇਖਣੀ ਅਤੇ ਸਾਹਿਤਕ ਸਿਰਜਣਾ ਬਾਰੇ ਪੁੱਛੇ ਗਏ ਸਵਾਲਾਂ ਦੇ ਬਹੁਤ ਹੀ ਸਰਲ ਅਤੇ ਭਾਵਪੂਰਤ ਜਵਾਬ ਦਿੱਤੇ। ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਸਾਰਥਕ, ਰੌਚਕ ਅਤੇ ਸਿਰਜਣਾਤਮਕ ਬਣਾਉਣ ਲਈ ਗਿਆਨ ,ਕਲਾ ਅਤੇ ਸਾਹਿਤ ਬਹੁਤ ਜਰੂਰੀ ਹਨ । ਇਸ ਮੌਕੇ ਉਨ੍ਹਾਂ ਨੇ ਆਪਣੀਆਂ ਕੁੱਝ ਸਾਹਿਤਕ ਵੰਨਗੀਆਂ ਵੀ ਸਾਂਝੀਆਂ ਕੀਤੀਆਂ । ਉਨ੍ਹਾਂ ਸੰਸਥਾ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਮਿਸਾਲੀ ਕਾਰਜਾਂ ਦੀ ਸ਼ਲਾਘਾ ਕੀਤੀ । ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਸਰੋਜ ਸਿੰਗਲਾ ਨੇ ਬਖ਼ੂਬੀ ਨਿਭਾਈ। ਸਮਾਗਮ ਦੇ ਅੰਤ ਵਿੱਚ ਡਾ. ਅੰਗਰੇਜ ਸਿੰਘ ਵਿਰਕ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਕੁਲਵਿੰਦਰ ਸਿੰਘ, ਲੈਕਚਰਾਰ ਪਰਸ਼ੋਤਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਸਤਨਾਮ ਸਿੰਘ, ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ ਅਤੇ ਕੇਤਨ ਕੁਮਾਰ ਹਾਜ਼ਰ ਸਨ।