- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢੋਲ ਦੀ ਥਾਪ ’ਤੇ ਫੁੱਲਾਂ ਦੀ ਬਰਖਾ ਨਾਲ ਭਗਤਾਂ ਦੇ ਘਰਾਂ ਬਿਰਾਜੇ ਸ੍ਰੀ ਗਣੇਸ਼

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਗਣੇਸ਼ ਚਤੁਰਥੀ ਦੀ ਸ਼ੁਰੂਆਤ ਸੋਮਵਾਰ ਤੋਂ ਘਰਾਂ ਵਿੱਚ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਸਥਾਪਿਤ ਕਰਨ ਨਾਲ ਹੋ ਗਈ। ਸਵੇਰੇ 11:02 ਵਜੇ ਤੋਂ ਦੁਪਹਿਰ 1:31 ਵਜੇ ਤੱਕ ਗਣੇਸ਼ ਸਥਾਪਨਾ ਅਤੇ ਪੂਜਾ ਦਾ ਸ਼ੁਭ ਮਹੂਰਤ ਰਿਹਾ। 10 ਦਿਨਾਂ ਤੱਕ ਵਿਧੀਵਤ ਪੂਜਾ-ਅਰਚਨਾ ਕਰਨ ਉਪਰੰਤ ਗਣਪਤੀ ਵਿਸਰਜਨ 25 ਸਤੰਬਰ ਨੂੰ ਕੀਤਾ ਜਾਵੇਗਾ।ਸ਼ਹਿਰ ਦੇ ਸ਼ਿਵ ਮੰਦਰ ਬਗੀਚੀਵਾਲਾ, ਮਾਤਾ ਕਾਲੀ ਮੰਦਰ, ਮਨਸਾ ਦੇਵੀ ਮੰਦਰ ਅਤੇ ਹਨੂਮਾਨ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ। ਬਾਜ਼ਾਰਾਂ ਵਿੱਚ ਵੀ ਖੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਸੋਮਵਾਰ ਨੂੰ ਪਰਿਵਾਰਾਂ ਵੱਲੋਂ ਵਿਧੀਵਤ ਭਗਵਾਨ ਸ੍ਰੀ ਗਣੇਸ਼ ਦੀਆਂ ਮੂਰਤੀਆਂ ਖਰੀਦ ਕੇ ਘਰ ਲਿਜਾਈਆਂ ਗਈਆਂ। ਬਾਜ਼ਾਰਾਂ ਵਿੱਚ ਔਰਤਾਂ ਨੇ ਵੀ ਘਰਾਂ ਵਿੱਚ ਪੂਜਾ ਲਈ ਪੂਜਾ ਸਮੱਗਰੀ ਦੀ ਜਮ ਕੇ ਖਰੀਦਦਾਰੀ ਕੀਤੀ।
ਦੂਜੇ ਪਾਸੇ, ਮੂਰਤੀਕਾਰ ਵੀ ਦਿਨ-ਰਾਤ ਮੂਰਤੀਆਂ ਤਿਆਰ ਕਰਨ ਵਿੱਚ ਜੁਟੇ ਹੋਏ ਹਨ। ਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਕਾਰਨ ਕੰਮ ਕੁਝ ਪ੍ਰਭਾਵਿਤ ਹੋਇਆ ਹੈ। ਮੂਰਤੀਆਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਉਪਰ ਤਿਰਪਾਲਾਂ ਪਾਈਆਂ ਗਈਆਂ ਹਨ। ਬਾਰਿਸ਼ ਕਾਰਨ ਮਿੱਟੀ ਨਾਲ ਬਣੀਆਂ ਕੁਝ ਮੂਰਤੀਆਂ ਨੂੰ ਨੁਕਸਾਨ ਵੀ ਪਹੁੰਚਿਆ ਹੈ।
ਈਕੋ-ਫ੍ਰੈਂਡਲੀ ਗਣੇਸ਼ ਮੂਰਤੀਆਂ ਦਾ ਰੁਝਾਨ
ਸ਼ਹਿਰ ਦੇ ਬਰਨਾਲਾ ਰੋਡ ’ਤੇ ਸਥਿਤ ਸੰਤ ਅਤਰ ਸਿੰਘ ਨਗਰ ਦੇ ਸਾਹਮਣੇ ਮੂਰਤੀਆਂ ਬਣਾਉਣ ਵਾਲੇ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਸ੍ਰੀ ਕ੍ਰਿਸ਼ਨ, ਸ੍ਰੀ ਗਣੇਸ਼, ਸ਼ਿਵ-ਪਾਰਵਤੀ, ਕੁਬੇਰ, ਮਾਤਾ ਦੁਰਗਾ, ਮਾਤਾ ਸਰਸਵਤੀ ਅਤੇ ਮਾਤਾ ਸ਼ੇਰਾਵਾਲੀ ਆਦਿ ਦੀਆਂ ਮੂਰਤੀਆਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਈਕੋ-ਫ੍ਰੈਂਡਲੀ ਮੂਰਤੀਆਂ ਦੇ ਵਿਸਰਜਨ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਇਨ੍ਹਾਂ ਮੂਰਤੀਆਂ ਦੀ ਕੀਮਤ 100 ਰੁਪਏ ਤੋਂ ਲੈ ਕੇ 3 ਹਜ਼ਾਰ ਰੁਪਏ ਤੱਕ ਰੱਖੀ ਗਈ ਹੈ।
100 ਤੋਂ 10 ਹਜ਼ਾਰ ਰੁਪਏ ਤੱਕ ਦੀਆਂ ਮੂਰਤੀਆਂ ਉਪਲੱਬਧ
ਮੂਰਤੀਕਾਰ ਪ੍ਰਕਾਸ਼ ਨੇ ਦੱਸਿਆ ਕਿ ਮੂਰਤੀਆਂ ਨੂੰ ਤਿਆਰ ਕਰਨ ਲਈ ਕਰੀਬ ਇੱਕ ਮਹੀਨਾ ਪਹਿਲਾਂ ਹੀ ਪੇਂਟਿੰਗ ਦੀ ਪੂਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਹਾਲਾਂਕਿ, ਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਕਾਰਨ ਕੰਮ ਕੁਝ ਪ੍ਰਭਾਵਿਤ ਰਿਹਾ। ਉਨ੍ਹਾਂ ਵੱਲੋਂ 1 ਤੋਂ 7 ਫੁੱਟ ਤੱਕ ਦੀਆਂ ਮੂਰਤੀਆਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ 100 ਰੁਪਏ ਤੋਂ ਸ਼ੁਰੂ ਹੋ ਕੇ 10 ਹਜ਼ਾਰ ਰੁਪਏ ਤੱਕ ਹੈ। ਕੁਝ ਸ਼ਰਧਾਲੂ ਇਸ ਤੋਂ ਵੱਡੀਆਂ ਅਤੇ ਮਹਿੰਗੀਆਂ ਮੂਰਤੀਆਂ ਵੀ ਖਰੀਦ ਕੇ ਲੈ ਜਾ ਰਹੇ ਹਨ।
ਮੂਰਤੀਆਂ ਵਿੱਚ ਮੋਰਪੰਖ ਵਾਲੇ ਸਿੰਘਾਸਨ ’ਤੇ ਬਿਰਾਜ਼ਮਾਨ ਗਣੇਸ਼ ਜੀ, ਸਿਰ ’ਤੇ ਪਿੱਪਲ ਦਾ ਵਿਸ਼ਾਲ ਪੱਤਾ ਧਾਰਨ ਕੀਤੇ ਗਣੇਸ਼ ਜੀ ਅਤੇ ਸ਼ਿਵਲਿੰਗ ਦੀ ਗੋਦ ਵਿੱਚ ਬੈਠੇ ਗਣੇਸ਼ ਜੀ ਦੀਆਂ ਮੂਰਤੀਆਂ ਖਾਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਢੋਲ ਦੀ ਥਾਪ ਨਾਲ ਕੀਤਾ ਗਣੇਸ਼ ਜੀ ਦਾ ਸਵਾਗਤ
ਗਣੇਸ਼ ਚਤੁਰਥੀ ਮੌਕੇ ਲੋਕਾਂ ਵੱਲੋਂ ਆਪਣੇ ਘਰਾਂ ਦੇ ਮੰਦਰਾਂ ਦੀ ਸਫ਼ਾਈ ਕੀਤੀ ਗਈ। ਇਸ ਤੋਂ ਬਾਅਦ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰਕੇ ਉਨ੍ਹਾਂ ਨੂੰ ਲੱਡੂ ਅਤੇ ਮੋਦਕ ਦਾ ਭੋਗ ਲਾਇਆ ਗਿਆ। ਕਈ ਪਰਿਵਾਰ ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਨਾਲ ਗਣੇਸ਼ ਜੀ ਦੀ ਮੂਰਤੀ ਘਰ ਲੈ ਕੇ ਪਹੁੰਚੇ। ਲੱਡੂ ਵੰਡਣ ਉਪਰੰਤ ਸ਼ਰਧਾਲੂਆਂ ਨੇ ਮੂਰਤੀ ਨੂੰ ਆਪਣੀਆਂ ਕਾਰਾਂ ਵਿੱਚ ਸਜਾ ਕੇ ਘਰਾਂ ਤੱਕ ਪਹੁੰਚਾਇਆ। ਇਸ ਤੋਂ ਇਲਾਵਾ ਲੋਕਾਂ ਨੇ ਵੱਖ-ਵੱਖ ਮੰਦਰਾਂ ਵਿੱਚ ਜਾ ਕੇ ਮੱਥਾ ਟੇਕਿਆ ਅਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੂਰਤੀ ਖਰੀਦਣ ਪਹੁੰਚੀ ਬਿਮਲਾ ਦੇਵੀ ਨੇ ਕਿਹਾ ਕਿ ਅੱਜ ਉਨ੍ਹਾਂ ਲਈ ਬਹੁਤ ਖੁਸ਼ੀ ਦਾ ਦਿਨ ਹੈ। ਉਹ ਆਪਣੇ ਪੂਰੇ ਪਰਿਵਾਰ ਨਾਲ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਲੈਣ ਪਹੁੰਚੀ ਹੈ।