- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਆਗੂ ਵਿਨਰਜੀਤ ਗੋਲਡੀ ਮੰਤਰੀ ਅਮਨ ਅਰੋੜਾ ਤੇ ਵਰ੍ਹੇ

ਕਿਹਾ- ਬਿਕਰਮ ਮਜੀਠੀਆ ਬਾਰੇ ਕੀਤੀ ਬਿਆਨਬਾਜ਼ੀ ਗੁੰਮਰਾਹਕੁੰਨ
ਸਰਕਾਰ ਦੀਆਂ ਨਕਾਮੀਆ ਛੁਪਾਉਣ ਲਈ ਕੀਤਾ ਜਾ ਰਿਹੈ ਕੂੜ ਪ੍ਰਚਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਸ਼੍ਰੋਮਣੀ ਅਕਾਲੀ ਆਗੂ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਮਾਮਲਿਆਂ ਵਿੱਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੰਤਰੀ ਅਮਨ ਅਰੋੜਾ ਦੇ ਬਿਆਨਾਂ ਨੂੰ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਨਾਕਾਮੀਆਂ ਨੂੰ ਲੁਕਾਉਣ ਲਈ ਅਜਿਹੇ ਬਿਆਨਬਾਜ਼ੀ ਦਾ ਸਹਾਰਾ ਲੈ ਰਹੀ ਹੈ। ਵੀਰਵਾਰ ਨੂੰ ਸੁਨਾਮ ਵਿਖੇ ਆਪਣੇ ਦਫ਼ਤਰ ਵਿੱਚ ਸੱਦੀ ਪ੍ਰੈਸ ਕਾਨਫਰੰਸ ਮੌਕੇ ਬੋਲਦਿਆਂ ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀ ਆਗੂਆਂ, ਖ਼ਾਸ ਕਰਕੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਸਿਆਸੀ ਬਦਲਾਖ਼ੋਰੀ ਦੀ ਭਾਵਨਾ ਤਹਿਤ ਕੰਮ ਕਰ ਰਹੀ ਹੈ ਅਤੇ ਬੇਬੁਨਿਆਦ ਮੁੱਦੇ ਉਛਾਲ ਕੇ ਅਸਲ ਜਨਤਕ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ , ਸਰਕਾਰ ਹਰ ਮੋਰਚੇ ’ਤੇ ਫ਼ੇਲ੍ਹ ਸਾਬਤ ਹੋਈ ਹੈ। ਸਰਕਾਰ ਵੱਲੋਂ ਵਿਰੋਧੀ ਧਿਰ ਦੇ ਆਗੂਆਂ 'ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਅਤੇ ਤੱਥਾਂ ਤੋਂ ਰਹਿਤ ਹਨ। ਉਨ੍ਹਾਂ ਮੰਤਰੀ ਅਮਨ ਅਰੋੜਾ ਨੂੰ ਘੇਰਦਿਆਂ ਆਖਿਆ ਕਿ ਉਹ ਸੱਚਾਈ ਨੂੰ ਲੁਕਾਉਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਪੰਜਾਬ ਦੇ ਅਸਲ ਵਿਕਾਸ ਅਤੇ ਲੋਕ ਭਲਾਈ ਦੇ ਮੁੱਦਿਆਂ ਵੱਲ ਧਿਆਨ ਦੇਣ।
ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ, ਗੁਲਜ਼ਾਰ ਸਿੰਘ ਤੂਰਬੰਜਾਰਾ, ਮੋਹਨਜੀਤ ਸ਼ੇਰੋਂ, ਭੰਮੇ ਕਲਾਂ ਜਿਹੇ ਅਨੇਕਾਂ ਕਤਲਾਂ ਅਤੇ ਤਸ਼ੱਦਦਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਝੂਠਾ ਕੂੜ ਪ੍ਰਚਾਰ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਦੇ ਰਾਜ ਦੌਰਾਨ ਹੱਕ ਮੰਗਦੇ ਲੋਕਾਂ ਨੂੰ ਪੁਲਿਸ ਵੱਲੋਂ ਕੁੱਟਿਆ ਜਾ ਰਿਹਾ ਹੈ। ਨਸ਼ਿਆਂ ਖ਼ਿਲਾਫ ਬੋਲਣ ਵਾਲੇ ਮੋਹਨਜੀਤ ਸਿੰਘ ਸ਼ੇਰੋਂ ਵਰਗੇ ਨੌਜਵਾਨਾਂ ਖ਼ਿਲਾਫ਼ ਇਰਾਦਾ ਕਤਲ ਦੀਆਂ ਧਰਾਵਾਂ ਤਹਿਤ ਝੂਠੇ ਕੇਸ ਦਰਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਜਨਤਾ ਆਮ ਆਦਮੀ ਪਾਰਟੀ ਤੋਂ ਹਿਸਾਬ ਮੰਗਣ ਲਈ ਤਿਆਰ ਬੈਠੇ ਹਨ।