ਬਿਜਲੀ ਦੇ ਕੱਟਾਂ ਤੋਂ ਤੰਗ ਆ ਕੇ ਅਕਾਲੀ ਦਲ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਬਿਜਲੀ ਦੇ ਕੱਟਾਂ ਤੋਂ ਤੰਗ ਆ ਕੇ ਅਕਾਲੀ ਦਲ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
Publish Date: Wed, 16 Sep 2026 06:42 PM (IST)
Updated Date: Thu, 17 Sep 2026 04:03 AM (IST)
-ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਾਲੀ ਪੱਗ ਬੰਨ ਰੋਸ ਜਿਤਾਉਂਦਿਆਂ ਕਚਹਿਰੀ ਚੌਂਕ ਚ ਫੂਕਿਆ ਮੁੱਖ ਮੰਤਰੀ ਦਾ ਪੁਤਲਾ ---------------------------- ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਚ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਦੇ ਹੱਕ ਚ ਡਟਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਨੇ ਕਚਹਿਰੀ ਚੌਂਕ ਚ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ਦੌਰਾਨ ਕੁਲਵੰਤ ਸਿੰਘ ਕੀਤੂ ਨੇ ਸਿਰ ਤੇ ਕਾਲੀ ਪੱਗ ਬੰਨ੍ਹ ਕੇ ਆਪਣੇ ਵਿਰੋਧ ਦਾ ਇਜ਼ਹਾਰ ਕੀਤਾ ਤੇ ਅਕਾਲੀ ਜਥੇਦਾਰਾਂ ਨਾਲ ਮਿਲ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ। ਪ੍ਰਦਰਸ਼ਨ ਤੋਂ ਬਾਅਦ ਐੱਸ.ਡੀ.ਐੱਮ. ਬਰਨਾਲਾ ਰਾਹੀਂ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਬਿਜਲੀ ਦੇ ਵਾਰ-ਵਾਰ ਲੱਗ ਰਹੇ ਕੱਟਾਂ ਕਾਰਨ ਆਮ ਜਨਤਾ, ਦੁਕਾਨਦਾਰ, ਵਪਾਰੀ ਤੇ ਹੋਰ ਸਾਰੇ ਵਰਗਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣਾ ਮੌਜੂਦਾ ਸਰਕਾਰ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ, ਪਰ ਲਗਾਤਾਰ ਹੋ ਰਹੀ ਬਿਜਲੀ ਕਟੌਤੀ ਨੇ ਲੋਕਾਂ ਦਾ ਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੰਤਾ ਨੇ ਪੰਜਾਬ ਸਰਕਾਰ ਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸੂਬੇ ਦੇ ਲੋਕਾਂ ਨੂੰ ਆਪਣੀਆਂ ਮੁੱਢਲੀਆਂ ਸਹੂਲਤਾਂ ਲਈ ਵੀ ਸੜਕਾਂ ਤੇ ਆਉਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਬਿਜਲੀ ਵਿਭਾਗ ਤੁਰੰਤ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਣ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਕਰਕੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਜਲਦ ਤੋਂ ਜਲਦ ਰਾਹਤ ਦਵਾਉਣ। ਇਸ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਦੇ ਆਗੂ, ਵਰਕਰ ਤੇ ਸਮਰਥਕ ਵੱਡੀ ਗਿਣਤੀ ਚ ਹਾਜ਼ਰ ਸਨ, ਜਿਨ੍ਹਾਂ ਚ ਸਾਬਕਾ ਸੰਸਦੀ ਸਕੱਤਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਤੇਜਿੰਦਰ ਸਿੰਘ ਸੋਨੀ ਜਾਗਲ, ਰੁਪਿੰਦਰ ਸਿੰਘ ਸੰਧੂ, ਜਤਿੰਦਰ ਜਿਮੀ, ਬੇਅੰਤ ਬਾਠ, ਟਿੰਕੂ ਖਾਨ, ਤੇ ਬੀਰਇੰਦਰ ਸਿੰਘ ਲੱਕੀ ਸਣੇ ਧਾਰਮਿਕ ਆਗੂ ਸੁਰਜੀਤ ਸਿੰਘ ਠੀਕਰੀਵਾਲ ਮੈਨੇਜਰ, ਗੁਰਦੁਆਰਾ ਬਾਬਾ ਗਾਂਧਾ ਸਿੰਘ, ਮਹਿਲਾ ਵਿੰਗ ਤੋਂ ਜਸਵਿੰਦਰ ਕੌਰ ਤੇ ਸਰਬਜੀਤ ਕੌਰ ਆਦਿ ਇਸ ਰੋਸ ਪ੍ਰਦਰਸ਼ਨ ਚ ਹਾਜ਼ਰ ਸਨ।