ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਥੇਬੰਦੀ ਨੇ ਏਡੀਸੀ ਨੂੰ ਸੌਂਪਿਆ ਮੰਗ ਪੱਤਰ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਥੇਬੰਦੀ ਨੇ ਏਡੀਸੀ ਨੂੰ ਸੌਂਪਿਆ ਮੰਗ ਪੱਤਰ
Publish Date: Wed, 14 Oct 2026 04:36 PM (IST)
Updated Date: Thu, 15 Oct 2026 04:00 AM (IST)
: ਝੋਨੇ ਦੇ ਨੁਕਸਾਨ ਦਾ ਮੁਆਵਜ਼ਾ ਦੇਣ, ਖਰੀਦ ਦੀ ਹੱਦ ਵਧਾਉਣ ਤੇ ਸ਼ੈਲਰ ਇੰਡਸਟਰੀ ਨੂੰ ਰਾਹਤ ਦੇਣ ਦੀ ਮੰਗ : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਦੇ ਮੰਡੀਕਰਨ ਢਾਂਚੇ ਨਾਲ ਜੁੜੇ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਥੇਬੰਦੀ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦੇ ਨਾਂ ਏਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ੍ਰੋਮਣੀ ਪ੍ਰਬੰਧਕ ਕਮੇਟੀ, ਤੇਜਾ ਸਿੰਘ ਕਲਾਮਪੁਰ ਮੈਂਬਰ ਸ੍ਰੋਮਣੀ ਕਮੇਟੀ ਤੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਨੇ ਦੱਸਿਆ ਕਿ ਕਿਸਾਨ, ਆੜ੍ਹਤੀਏ ਤੇ ਸ਼ੈਲਰ ਮਾਲਕ ਪੰਜਾਬ ਦੇ ਮੰਡੀਕਰਨ ਢਾਂਚੇ ਦੇ ਤਿੰਨ ਅਹਿਮ ਥੰਮ੍ਹ ਹਨ ਤੇ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਹਾਲ ਹੀ ‘ਚ ਮੀਂਹ ਅਤੇ ਗੜੇਮਾਰੀ ਕਾਰਨ ਖੇਤਾਂ ‘ਚ ਖੜ੍ਹੀ ਫ਼ਸਲ ਅਤੇ ਮੰਡੀਆਂ ’ਚ ਪਏ ਝੋਨੇ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਤੇ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਕਿਸਾਨਾਂ ਦੇ ਸਮੁੱਚੇ ਝੋਨੇ ਦੀ ਖਰੀਦ ਯਕੀਨੀ ਬਣਾਉਣ ਲਈ ਯੂਆਰਐੱਸ (ਅੰਡਰ ਰਿਲੈਕਸਡ ਸਪੈਸੀਫਿਕੇਸ਼ਨ) ਤਹਿਤ ਨਮੀ ਅਤੇ ਦਾਗ਼ੀ ਦਾਣਿਆਂ ਦੇ ਮਾਪਦੰਡਾਂ ’ਚ ਛੋਟ ਦੇਣ ਦੀ ਮੰਗ ਕੀਤੀ ਗਈ। ਮੰਗ ਪੱਤਰ ’ਚ ਕਿਹਾ ਗਿਆ ਕਿ ਮੌਸਮ ਦੀ ਮਾਰ ਕਾਰਨ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੀ ਸੂਰਤ ’ਚ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ’ਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਦੀ ਸ਼ੈਲਰ ਇੰਡਸਟਰੀ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਮੰਗ ਕੀਤੀ ਗਈ ਕਿ ਹਰਿਆਣਾ ਦੀ ਤਰਜ਼ ’ਤੇ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਝੋਨੇ ਦੀ ਮਿਲਿੰਗ ਲਈ 30 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਇਸ ਦੇ ਨਾਲ ਹੀ ਹਾਈਬ੍ਰਿਡ ਝੋਨੇ ਦੇ ਟੁੱਟੇ ਦਾਣਿਆਂ ਦੀ ਨਿਰਧਾਰਤ ਹੱਦ 10 ਫ਼ੀਸਦੀ ਤੋਂ ਵਧਾ ਕੇ ਮੁੜ 25 ਫ਼ੀਸਦੀ ਕਰਨ ਦੀ ਮੰਗ ਰੱਖੀ ਗਈ। ਪੰਜਾਬ ’ਚ ਚੌਲਾਂ ਦੀ ਭੰਡਾਰਨ ਸਮਰੱਥਾ ਵਧਾਉਣਾ ਵੀ ਬਹੁਤ ਜ਼ਰੂਰੀ ਹੈ। ਪਿਛਲੇ ਸਾਲ ਸ਼ੈਲਰ ਮਾਲਕਾਂ ਨੂੰ ਚੌਲਾਂ ਦੇ ਭੰਡਾਰਨ ਲਈ ਉੱਤਰ ਪ੍ਰਦੇਸ਼, ਹਰਿਆਣਾ ਤੇ ਜੰਮੂ ’ਚ ਥਾਂ ਲੱਭਣੀ ਪਈ ਸੀ। ਇਸ ਲਈ ਸੂਬੇ ’ਚ ਹੀ ਲੋੜੀਂਦੀਆਂ ਭੰਡਾਰਨ ਸਹੂਲਤਾਂ ਵਿਕਸਤ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਖਰੀਦ ਹੱਦ 190 ਲੱਖ ਮੀਟ੍ਰਿਕ ਟਨ ਸੀ, ਜਿਸ ਨੂੰ ਘਟਾ ਕੇ ਇਸ ਵਾਰ 180 ਲੱਖ ਮੀਟ੍ਰਿਕ ਟਨ ਕਰ ਦਿੱਤਾ ਗਿਆ ਹੈ, ਜਦਕਿ ਫ਼ਸਲ ਦੀ ਪੈਦਾਵਾਰ 200 ਲੱਖ ਮੀਟ੍ਰਿਕ ਟਨ ਤੋਂ ਵੱਧ ਹੋਣ ਦੀ ਉਮੀਦ ਹੈ। ਇਸ ਲਈ ਖਰੀਦ ਹੱਦ ਘਟਾਉਣ ਦੀ ਬਜਾਏ ਇਸ ਨੂੰ 200 ਲੱਖ ਮੀਟ੍ਰਿਕ ਟਨ ਤੋਂ ਵੱਧ ਕਰਨ ਦੀ ਮੰਗ ਕੀਤੀ ਗਈ, ਤਾਂ ਜੋ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ’ਚ ਕੋਈ ਦਿੱਕਤ ਨਾ ਆਵੇ। ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਆਗੂਆਂ ਨੇ ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਮਾਮਲੇ ਸਬੰਧੀ ਕਤਲ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਘਟਨਾ ਤੋਂ ਪਹਿਲਾਂ ਹਮਲਾਵਰ ਵੱਲੋਂ ਕਿਸੇ ਨਾਲ ਫ਼ੋਨ ’ਤੇ ਗੱਲ ਕਰਨ ਦੇ ਕਥਿਤ ਤੱਥ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਕਤਲ ਪਿੱਛੇ ਕਿਸੇ ਸਾਜ਼ਿਸ਼ ਜਾਂ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਹੋਣ ਦੀ ਸੰਭਾਵਨਾ ਦੀ ਸੱਚਾਈ ਸਾਹਮਣੇ ਆ ਸਕੇ। ਇਸ ਮੌਕੇ ਹਰਪ੍ਰੀਤ ਸਿੰਘ ਰਾਜੀਆ, ਹਲਕਾ ਇਚਾਰਜ ਭਦੌੜ, ਮਹਿੰਦਰ ਸਿੰਘ ਚੁਹਾਣਕੇ, ਹਲਕਾ ਇੰਚਾਰਜ ਮਹਿਲ ਕਲਾਂ, ਹਰਦੇਵ ਸਿੰਘ ਕੁਰੜ, ਯਾਦਵਿੰਦਰ ਸਿੰਘ ਬਖਤਗੜ੍ਹ, ਬਿੰਦਰ ਸਿੰਘ ਉੱਗੋਕੇ, ਮੋਹਨਾ ਸਿੰਘ ਮਹਿਤਾ, ਤਰਨਜੀਤ ਸਿੰਘ ਦੁੱਗਲ ਦਿਹਾਤੀ ਪ੍ਰਧਾਨ, ਜਗਰਾਜ ਸਿੰਘ ਰਾਜਾ ਬੀਹਲਾ ਸਾਬਕਾ ਸਰਪੰਚ,ਬੱਬੂ ਉੱਪਲੀ, ਅਜੈਬ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ।