31 ਕਰੋੜ ਦਾ ਠੇਕਾ ਲੈ ਕੇ ਕਰਨਾਲ ਦੀ ਕੰਪਨੀ ਨੇ ਪੱਟ ਸੁੱਟਿਆ ਬਰਨਾਲਾ 31 ਕਰੋੜ ਦਾ ਠੇਕਾ ਲੈ ਕੇ ਕਰਨਾਲ ਦੀ ਕੰਪਨੀ ਨੇ ਪੱਟ ਸੁੱਟਿਆ ਬਰਨਾਲਾ
Publish Date: Sat, 18 Jul 2026 06:58 PM (IST)
Updated Date: Sun, 19 Jul 2026 04:02 AM (IST)
ਨਵੀਂ ਪਾਈਪ ਲਾਈਨ ਪਾਉਣ ਦੇ ਚੱਕਰ ’ਚ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵੱਲੋਂ ਬਰਨਾਲਾ ਸ਼ਹਿਰ ਦੇ ਸੀਵਰੇਜ ਦੇ ਸੁਧਾਰ ਲਈ ਕਰਨਾਲ ਦੀ ਇੱਕ ਨਿੱਜੀ ਕੰਪਨੀ ‘ਰਾਮ ਨਰਾਇਣ ਜੈਨ’ ਨੂੰ 31 ਕਰੋੜ ਰੁਪਏ ਦਾ ਮੋਟਾ ਠੇਕਾ ਦਿੱਤਾ ਗਿਆ ਸੀ, ਪਰ ਇਹ ਵਿਕਾਸ ਕਾਰਜ ਹੁਣ ਸ਼ਹਿਰ ਵਾਸੀਆਂ ਲਈ ਵੱਡੀ ਮੁਸੀਬਤ ਦਾ ਸਬੱਬ ਬਣ ਗਿਆ ਹੈ। ਕੰਪਨੀ ਵੱਲੋਂ ਕੀਤੇ ਜਾ ਰਹੇ ਕੰਮ ਵਿੱਚ ਘੋਰ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਹਾਹਾਕਾਰ ਮੱਚੀ ਹੋਈ ਹੈ। -ਅਧਿਕਾਰੀਆਂ ਦੀ ਗੈਰ-ਹਾਜ਼ਰੀ ਤੇ ਠੇਕੇਦਾਰਾਂ ਦੀ ਗੁੰਮਰਾਹਕੁੰਨ ਖੇਡ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਮੌਕੇ ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਚਾਰ ਇੰਚੀ ਅਤੇ ਛੇ ਇੰਚੀ ਦੀਆਂ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਵੱਡੀਆਂ ਜੇ.ਸੀ.ਬੀ. ਮਸ਼ੀਨਾਂ ਨਾਲ ਅੰਨ੍ਹੇਵਾਹ ਕੀਤਾ ਜਾ ਰਿਹਾ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਸੀਵਰੇਜ ਬੋਰਡ ਦਾ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਮੌਕੇ ’ਤੇ ਕੰਮ ਦੀ ਨਿਗਰਾਨੀ ਲਈ ਮੌਜੂਦ ਨਹੀਂ ਹੈ। ਖੁਦ ਸੀਵਰੇਜ ਵਿਭਾਗ ਦੇ ਐਸਡੀਓ ਮਨਜੀਤ ਸਿੰਘ ਨਾਲ ਜਦ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਵਿਭਾਗ ਦੇ ਜੂਨੀਅਰ ਇੰਜੀਨੀਅਰ ਲੰਮੀ ਛੁੱਟੀ ’ਤੇ ਚੱਲ ਰਹੇ ਹਨ। ਉਹਨਾਂ ਆਪਣੇ ਬਾਰੇ ਵੀ ਦੱਸਿਆ ਕਿ ਉਨ੍ਹਾ ਦੀ ਡਿਊਟੀ ’ਤੇ ਸਟਾਫ ਇੰਸਪੈਕਸ਼ਨ ਰਿਪੋਰਟ (ਐਸਆਈਆਰ) ’ਚ ਲੱਗੀ ਹੋਈ ਹੈ। ਅਧਿਕਾਰੀਆਂ ਦੀ ਇਸ ਗੈਰ-ਹਾਜ਼ਰੀ ਦਾ ਫਾਇਦਾ ਚੁੱਕਦਿਆਂ ਕਰਨਾਲ ਦੀ ਕੰਪਨੀ ਦੇ ਠੇਕੇਦਾਰ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਠੇਕੇਦਾਰ ਦੇ ਬੰਦੇ ਖੁਦ ਨੂੰ ਹੀ ਸੀਵਰੇਜ ਬੋਰਡ ਦਾ ਜੇ.ਈ. ‘ਸ਼ੁਭਮ’ ਦੱਸ ਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ ਅਤੇ ਗਲਤ ਤਰੀਕੇ ਨਾਲ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਲੱਗੇ ਹੋਏ ਹਨ। --ਗਰਚਾ ਰੋਡ ’ਤੇ ਬਣੇ ਨਰਕ ਵਰਗੇ ਹਾਲਾਤ ਸ਼ਹਿਰ ਦੇ ਗਰਚਾ ਰੋਡ ’ਤੇ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ। ਇੱਥੇ ਪਿਛਲੇ ਇੱਕ ਹਫ਼ਤੇ ਤੋਂ ਲੋਕ ਬੂੰਦ-ਬੂੰਦ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਸੀਵਰੇਜ ਪਾਉਣ ਵੇਲੇ ਠੇਕੇਦਾਰਾਂ ਨੇ ਪੀਣ ਵਾਲੇ ਪਾਣੀ ਦੀਆਂ ਮੁੱਖ ਪਾਈਪਾਂ ਤੋੜ ਦਿੱਤੀਆਂ, ਜਿਸ ਕਾਰਨ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਗਲੀਆਂ ਵਿੱਚ ਪਹਿਲਾਂ ਤੋਂ ਮੌਜੂਦ ਸੀਵਰੇਜ ਦੀਆਂ ਮੋਟੀਆਂ ਪਾਈਪਾਂ ਨੂੰ ਵੀ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ। ਉੱਪਰ ਲੱਗੀਆਂ ਇੰਟਰਲਾਕਿੰਗ ਟਾਈਲਾਂ ਪੁੱਟਣ ਅਤੇ ਪਾਈਪਾਂ ਟੁੱਟਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਜਮ੍ਹਾਂ ਹੋ ਗਿਆ ਹੈ, ਜਿਸ ਨਾਲ ਪੂਰਾ ਇਲਾਕਾ ਗੰਦੇ ਪਾਣੀ ਦੇ ਛੱਪੜ ਵਿੱਚ ਤਬਦੀਲ ਹੋ ਚੁੱਕਾ ਹੈ। ਬਿਮਾਰੀਆਂ ਫੈਲਣ ਦੇ ਡਰੋਂ ਅਤੇ ਪ੍ਰੇਸ਼ਾਨੀ ਤੋਂ ਤੰਗ ਆ ਕੇ ਵਾਰਡ ਨੰਬਰ 17 ਦੇ ਮੁਹੱਲਾ ਨਿਵਾਸੀਆਂ ਨੇ ਆਜ਼ਾਦ ਚੋਣ ਜਿੱਤ ਕੇ ਆਈ ਮਹਿਲਾ ਕੌਂਸਲਰ ਦੇ ਪਤੀ ਜੁਗਰਾਜ ਸਿੰਘ ਨੂੰ ਮੌਕੇ ’ਤੇ ਸੱਦਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਗੁੱਸਾ ਕੱਢਦਿਆਂ ਖਰੀਆਂ-ਖਰੀਆਂ ਸੁਣਾਈਆਂ। -ਵਿਧਾਇਕ ਕਾਲਾ ਢਿੱਲੋ ਨੇ ਅਧਿਕਾਰੀਆਂ ਤੋਂ ਮੰਗੀ ਜਵਾਬਦੇਹੀ ਇਸ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਸਿਆਸੀ ਅਤੇ ਪ੍ਰਸ਼ਾਸਨਿਕ ਹਲਕੇ ਵੀ ਹਰਕਤ ਵਿੱਚ ਆ ਗਏ ਹਨ। ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਨੋਟਿਸ ਜਾਰੀ ਕਰਕੇ ਜਲਦੀ ਤੋਂ ਜਲਦੀ ਇਸ ਗੰਭੀਰ ਮਾਮਲੇ ਸਬੰਧੀ ਜਵਾਬਤਲਬੀ ਕੀਤੀ ਹੈ। -ਮੇਅਰ ਵੱਲੋਂ ਸਖ਼ਤ ਐਕਸ਼ਨ ਦੀ ਚੇਤਾਵਨੀ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ (ਜਿਨ੍ਹਾਂ ਵਿੱਚ ਟੁੱਟੀਆਂ ਪਾਈਪਾਂ ਅਤੇ ਗਲੀਆਂ ’ਚ ਖੜ੍ਹਾ ਗੰਦਾ ਪਾਣੀ ਸਾਫ਼ ਦਿਖਾਈ ਦੇ ਰਿਹਾ ਹੈ) ਦਾ ਨੋਟਿਸ ਲਿਆ ਹੈ। ਮੇਅਰ ਨੇ ਜਨਤਕ ਤੌਰ ’ਤੇ ਕਿਹਾ ਹੈ ਕਿ ਸੀਵਰੇਜ ਵਿਭਾਗ ਦੀ ਇਸ ਨਾਕਾਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਤੇ ਵਿਭਾਗੀ ਐਕਸ਼ਨ ਲਿਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਘਟੀਆ ਕਾਰਗੁਜ਼ਾਰੀ ਦਿਖਾਉਣ ਵਾਲੀ ਇਸ ਕੰਪਨੀ ਦੇ ਠੇਕੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।