ਪੱਕੇ ਮੋਰਚਿਆਂ ਤੋਂ ਬਾਅਦ ਸਰਕਾਰੀ ਅਦਾਰਿਆਂ ਦੇ ਘਿਰਾਓ ਵੱਲ ਵਧੇ ਕਿਸਾਨ ਪੱਕੇ ਮੋਰਚਿਆਂ ਤੋਂ ਬਾਅਦ ਸਰਕਾਰੀ ਅਦਾਰਿਆਂ ਦੇ ਘਿਰਾਓ ਵੱਲ ਵਧੇ ਕਿਸਾਨ
Publish Date: Sat, 05 Sep 2026 05:51 PM (IST)
Updated Date: Sun, 06 Sep 2026 04:04 AM (IST)
ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ ਜਾਗਰਣ, ਮਾਲੇਰਕੋਟਲਾ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਡੀਸੀ ਦਫ਼ਤਰ ਮਾਲੇਰਕੋਟਲਾ ਅੱਗੇ ਲਾਇਆ ਪੱਕਾ ਮੋਰਚਾ ਛੇਵੇਂ ਦਿਨ ਵੀ ਜਾਰੀ ਰਿਹਾ। ਸਰਕਾਰ ਵੱਲੋਂ ਮੰਗਾਂ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਤੋਂ ਖ਼ਫ਼ਾ ਕਿਸਾਨਾਂ ਨੇ ਹੁਣ ਪੱਕੇ ਮੋਰਚਿਆਂ ਦੇ ਨਾਲ-ਨਾਲ ਸਰਕਾਰੀ ਅਦਾਰਿਆਂ ਦਾ ਘਿਰਾਓ ਕਰਨ ਦਾ ਰੁਖ਼ ਅਖ਼ਤਿਆਰ ਕਰ ਲਿਆ ਹੈ। ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਨੇ ਦੱਸਿਆ ਕਿ ਸਰਕਾਰ ਦੀ ਚੁੱਪੀ ਕਾਰਨ ਕਿਸਾਨਾਂ ਵਿੱਚ ਰੋਸ ਵਧ ਰਿਹਾ ਹੈ ਅਤੇ ਸੰਘਰਸ਼ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ। ਇਸੇ ਤਹਿਤ ਕਿਸਾਨਾਂ ਨੇ ਮਾਲੇਰਕੋਟਲਾ ਦੇ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਲੈਂਡ ਮਾਰਗੇਜ ਬੈਂਕ) ਦੇ ਮੈਨੇਜਰ ਹਰਜੀਤ ਸਿੰਘ ਸਮੇਤ ਸਮੂਹ ਮੁਲਾਜ਼ਮਾਂ ਦਾ ਘਿਰਾਓ ਕੀਤਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਰਜ਼ੇ ਅਤੇ ਲਿਮਟਾਂ ਦੇ ਮਾਮਲਿਆਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਬੈਂਕ ਦੇ ਨਾਮ ਕਰਵਾਉਣ ਦੇ ਨਾਲ ਉਨ੍ਹਾਂ ਤੋਂ ਚੈੱਕ ਵੀ ਲੈ ਕੇ ਰੱਖੇ ਜਾਂਦੇ ਹਨ। ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਬੈਂਕ ਅਧਿਕਾਰੀਆਂ ਕੋਲ ਰੋਸ ਪ੍ਰਗਟਾਇਆ ਗਿਆ। ਮਾਮਲੇ ਵਿੱਚ ਡੀਐੱਸਪੀ ਅਮਰਗੜ੍ਹ ਸੰਜੀਵ ਕਪੂਰ ਅਤੇ ਐੱਸਐੱਚਓ ਅਮਰਗੜ੍ਹ ਨੇ ਦਖ਼ਲ ਦਿੰਦਿਆਂ ਕਿਸਾਨ ਆਗੂਆਂ ਦੀ ਬੈਂਕ ਮੈਨੇਜਰ ਨਾਲ ਮੀਟਿੰਗ ਕਰਵਾਈ। ਬੈਂਕ ਮੈਨੇਜਰ ਵੱਲੋਂ ਸਬੰਧਤ ਮਸਲੇ ਹੱਲ ਕਰਨ ਅਤੇ ਕਿਸਾਨਾਂ ਦੇ ਚੈੱਕ ਵਾਪਸ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਘਿਰਾਓ ਸਮਾਪਤ ਕਰ ਦਿੱਤਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੇ ਵੀ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਨਾਲ ਸਬੰਧਤ ਮਸਲੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਮੋਰਚੇ ਵਾਲੀ ਥਾਂ ’ਤੇ ਪੀਣ ਵਾਲੇ ਪਾਣੀ ਅਤੇ ਬਾਥਰੂਮ ਦਾ ਤੁਰੰਤ ਪ੍ਰਬੰਧ ਕਰਨ ਦਾ ਵੀ ਭਰੋਸਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹਰ ਰੋਜ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਹੋਰ ਸਰਕਾਰੀ ਅਦਾਰਿਆਂ ਦਾ ਵੀ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਸਰਬਜੀਤ ਸਿੰਘ ਭੁਰਥਲਾ, ਰਾਜਿੰਦਰ ਸਿੰਘ ਭੋਗੀਵਾਲ, ਕਰਨੈਲ ਸਿੰਘ ਭੂਦਨ, ਗੁਰਪ੍ਰੀਤ ਸਿੰਘ ਹਥਨ, ਜਗਰੂਪ ਸਿੰਘ ਖੁਰਦ, ਜਗਤਾਰ ਸਿੰਘ ਸਰੌਦ, ਮਹਿੰਦਰ ਸਿੰਘ ਭੁਰਥਲਾ, ਪ੍ਰਦੀਪ ਸਿੰਘ ਜਾਮਾ, ਔਰਤ ਆਗੂ ਗੁਰਮੇਲ ਕੌਰ ਦੁਲਮਾਂ, ਹਰਜੀਤ ਕੌਰ, ਗੁਰਮੀਤ ਕੌਰ ਕੁਠਾਲਾ ਹਾਜ਼ਰ ਸਨ।