ਐਡਵੋਕੇਟ ਗੁਰਪ੍ਰੀਤ ਸਿੰਘ ਚੱਠਾ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਚੱਠਾ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ
Publish Date: Sat, 12 Sep 2026 03:36 PM (IST)
Updated Date: Sun, 13 Sep 2026 04:02 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਚੋਣ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਸਮੂਹ ਵਕੀਲਾਂ ਦੇ ਭਾਰੀ ਉਤਸ਼ਾਹ ਦਰਮਿਆਨ ਹੋਈ। ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਗਗਨਦੀਪ ਸਿੰਘ ਸੀਬੀਆ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਚੱਠਾ ਵਿਚਕਾਰ ਸਖ਼ਤ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਐਡਵੋਕੇਟ ਗੁਰਪ੍ਰੀਤ ਸਿੰਘ ਚੱਠਾ ਨੇ 335 ਵੋਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਦਿਆਂ ਪਹਿਲੀ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਚੱਠਾ ਇਸ ਤੋਂ ਪਹਿਲਾਂ ਇੱਕ ਵਾਰ ਜ਼ਿਲ੍ਹਾ ਬਾਰ ਦੇ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਕੁੱਲ 672 ਵਕੀਲ ਮੈਂਬਰਾਂ ਵਿੱਚੋਂ 651 ਵਕੀਲਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਉਨ੍ਹਾਂ ’ਤੇ ਭਰੋਸਾ ਜਤਾਉਣ ਲਈ ਸਮੂਹ ਵਕੀਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰਨਗੇ। ਸਮੂਹ ਵਕੀਲਾਂ ਨੂੰ ਬਿਹਤਰ ਕੰਮਕਾਜੀ ਮਾਹੌਲ, ਲੋੜੀਂਦੀਆਂ ਸਹੂਲਤਾਂ ਅਤੇ ਪੇਸ਼ੇ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਮਜ਼ਬੂਤੀ ਨਾਲ ਆਵਾਜ਼ ਚੁੱਕੀ ਜਾਵੇਗੀ। ਉਨ੍ਹਾਂ ਨੇ ਸਾਰੇ ਮੈਂਬਰਾਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਬਾਰ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਦੀ ਜ਼ਿੰਮੇਵਾਰੀ ਪਹਿਲਾਂ ਤਿੰਨ ਮੈਂਬਰੀ ਕਮੇਟੀ ਕੋਲ ਸੀ। ਇਸ ਕਮੇਟੀ ਵਿੱਚ ਰਿਟਰਨਿੰਗ ਅਫਸਰ ਸਤਬੀਰ ਸਿੰਘ ਸਾਹੀ, ਸਹਾਇਕ ਰਿਟਰਨਿੰਗ ਅਫ]ਸਰ ਮਨਪ੍ਰੀਤ ਸਿੰਘ ਗਰੇਵਾਲ ਅਤੇ ਸ਼ੋਬਿਤ ਸਿੰਗਲਾ ਸ਼ਾਮਲ ਸਨ। ਬਾਰ ਕੌਂਸਲ ਦਾ ਪੱਤਰ ਆਉਣ ਤੋਂ ਬਾਅਦ ਇਸ ਕਮੇਟੀ ਦਾ ਵਿਸਥਾਰ ਕਰਕੇ ਇਸ ਨੂੰ 18 ਮੈਂਬਰੀ ਕਰ ਦਿੱਤਾ ਗਿਆ। ਵਿਸਥਾਰ ਕੀਤੀ ਕਮੇਟੀ ਵਿੱਚ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਦਲਜੀਤ ਸਿੰਘ ਸੇਖੋਂ, ਬਲਵੰਤ ਸਿੰਘ ਢੀਂਡਸਾ, ਪਵਨ ਕੁਮਾਰ ਗੁਪਤਾ, ਰਤਨ ਸਿੰਘ ਮਹਿਲ, ਵਿਪਨ ਵਿਸ਼ਿਸ਼ਟ, ਬਲਜੀਤ ਸਿੰਘ ਕੜਵਲ, ਸਤਪਾਲ ਸ਼ਰਮਾ, ਗੁਰਪ੍ਰੀਤ ਸਿੰਘ ਨੰਦਪੁਰੀ, ਸੁਸ਼ੀਲ ਅੱਤਰੀ, ਗੁਰਬਿੰਦਰ ਸਿੰਘ, ਬਿਕਰਮਜੀਤ ਸਿੰਘ ਛਾਜਲੀ, ਪ੍ਰਦੀਪ ਸਿੰਘ ਰਟੋਲ ਅਤੇ ਪਰਮਪ੍ਰੀਤ ਸਿੰਘ ਰਤਨ ਨੂੰ ਵੀ ਸ਼ਾਮਲ ਕੀਤਾ ਗਿਆ। ਇਨ੍ਹਾਂ ਦੀ ਨਿਗਰਾਨੀ ਹੇਠ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋਈ।