- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆੜਤੀ ਦਾ ਲਾਇਸੈਂਸ ਰੱਦ ਕਰਨ ਦੇ ਵਿਰੋਧ ’ਚ ਆੜਤੀਆਂ ਵੱਲੋਂ ਪ੍ਰਦਰਸ਼ਨ

ਹਰਜੀਤ ਸਿੰਘ, ਪੰਜਾਬੀ ਜਾਗਰਣ,
ਖਨੌਰੀ : ਸਥਾਨਕ ਅਨਾਜ ਮੰਡੀ ਦੇ ਇਕ ਆੜ੍ਹਤੀ ਦਾ ਲਾਇਸੈਂਸ ਸੱਤ ਦਿਨਾਂ ਲਈ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਮੰਡੀ ਦੇ ਸਮੂਹ ਆੜ੍ਹਤੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨਾ ਲਾ ਦਿੱਤਾ। ਆੜ੍ਹਤੀਆਂ ਨੇ ਇਸ ਕਾਰਵਾਈ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਖਨੌਰੀ ਸਰਹੱਦੀ ਖੇਤਰ ਦੀ ਮੰਡੀ ਹੋਣ ਕਾਰਨ ਇੱਥੋਂ ਦੇ ਜ਼ਿਆਦਾਤਰ ਆੜ੍ਹਤੀਆਂ ਦੇ ਗਾਹਕ ਹਰਿਆਣਾ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਹਨ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਗਿੱਲ ਅਤੇ ਸਤੀਸ਼ ਸਿੰਗਲਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਖਨੌਰੀ ਦੇ ਚੇਅਰਮੈਨ ਵੱਲੋਂ ਇੱਕ ਆੜ੍ਹਤੀ ਦਾ ਲਾਇਸੈਂਸ ਇਸ ਆਧਾਰ ’ਤੇ ਸੱਤ ਦਿਨਾਂ ਲਈ ਰੱਦ ਕਰ ਦਿੱਤਾ ਗਿਆ ਹੈ ਕਿ ਉਸ ਨੇ ਹਰਿਆਣਾ ਦੀ ਪੀਆਰ ਕਿਸਮ ਦੇ ਝੋਨੇ ਦੀ ਖਰੀਦ ਕੀਤੀ ਸੀ। ਆੜ੍ਹਤੀ ਵੱਲੋਂ ਆਪਣੇ ਹੀ ਗਾਹਕ ਦੀ ਪੀਆਰ ਮੰਡੀ ਵਿੱਚ ਆਈ ਸੀ। ਇਸ ਕਾਰਵਾਈ ਦੇ ਵਿਰੋਧ ਵਿੱਚ ਸਮੂਹ ਆੜ੍ਹਤੀਆਂ ਨੇ ਹੜਤਾਲ ਕਰਕੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨਾ ਦਿੱਤਾ।
ਧਰਨੇ ਦੌਰਾਨ ਆੜ੍ਹਤੀਆਂ ਨੇ ਕਿਹਾ ਕਿ ਖਨੌਰੀ ਮੰਡੀ ਨਾਲ ਹਰਿਆਣਾ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਉਹ ਆਪਣੀ ਫ਼ਸਲ ਦੀ ਵਿਕਰੀ ਲਈ ਇਸ ਮੰਡੀ ਵਿੱਚ ਆਉਂਦੇ ਹਨ। ਉਨ੍ਹਾਂ ਅਨੁਸਾਰ, ਹਰਿਆਣਾ ਦੇ ਕਿਸਾਨਾਂ ਨੂੰ ਪੰਜਾਬ ਦੀ ਮੰਡੀ ਵਿੱਚ ਝੋਨਾ ਲਿਆਉਣ ਤੋਂ ਰੋਕਣ ਨਾਲ ਖਨੌਰੀ ਦੇ ਆੜ੍ਹਤੀਆਂ ਦੇ ਕਾਰੋਬਾਰ ’ਤੇ ਅਸਰ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੀਆਰ ਕਿਸਮ ਦੇ ਝੋਨੇ ਤੋਂ ਇਲਾਵਾ ਬਾਸਮਤੀ ਦੀ ਖਰੀਦ ਵੀ ਪੰਜਾਬ ਦੀਆਂ ਮੰਡੀਆਂ ਵਿੱਚ ਹੁੰਦੀ ਹੈ, ਜਿਸ ਨਾਲ ਮਾਰਕੀਟ ਕਮੇਟੀ ਨੂੰ ਫ਼ੀਸ ਪ੍ਰਾਪਤ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਕਾਰਵਾਈ ਨਾਲ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆੜ੍ਹਤੀਆਂ ਮੁਤਾਬਕ, ਖਨੌਰੀ ਮੰਡੀ ਦੇ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਲੱਗਭੱਗ 40 ਤੋਂ 50 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਹੈ, ਜਿਸ ਦੀ ਪੂਰਤੀ ਝੋਨੇ ਦੀ ਖਰੀਦ ਅਤੇ ਕਾਰੋਬਾਰ ਚੱਲਣ ਨਾਲ ਹੀ ਸੰਭਵ ਹੋਵੇਗੀ। ਉਨ੍ਹਾਂ ਕਿਹਾ ਕਿ ਮੰਡੀ ਦਾ ਕਾਰੋਬਾਰ ਪ੍ਰਭਾਵਿਤ ਹੋਣ ਨਾਲ ਕਿਸਾਨਾਂ ਦੀਆਂ ਅਦਾਇਗੀਆਂ ’ਤੇ ਵੀ ਅਸਰ ਪੈ ਸਕਦਾ ਹੈ।