ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਵਿਧਾਇਕ ਪੰਡੋਰੀ ਨੂੰ ਸੌਂਪਿਆ ਮੰਗ ਪੱਤਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਵਿਧਾਇਕ ਪੰਡੋਰੀ ਨੂੰ ਸੌਂਪਿਆ ਮੰਗ ਪੱਤਰ
Publish Date: Wed, 14 Oct 2026 04:50 PM (IST)
Updated Date: Thu, 15 Oct 2026 04:00 AM (IST)
:: 54 ਹਜ਼ਾਰ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਨ ਦੀ ਕੀਤੀ ਮੰਗ, ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਮਿਲਿਆ ਭਰੋਸਾ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪ੍ਰਾਪਤੀ ਲਈ ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲਵੱਢ ਦੀ ਅਗਵਾਈ ਹੇਠ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਸੌਂਪਿਆ। ਵਿਧਾਇਕ ਨੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾਇਆ ਜਾਵੇਗਾ। ਯੂਨੀਅਨ ਨੇ ਕਿਹਾ ਕਿ ਸਰਕਾਰ ਦੇ ਗਠਨ ਤੋਂ ਬਾਅਦ ਕਈ ਵਾਰ ਮੰਗ ਪੱਤਰ ਦੇਣ ਅਤੇ ਮੀਟਿੰਗਾਂ ਕਰਨ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਦਾ ਹੱਲ ਨਹੀਂ ਹੋਇਆ। ਜਥੇਬੰਦੀ ਅਨੁਸਾਰ 28 ਮਾਰਚ 2022 ਨੂੰ ਬਲਾਕ ਪੱਧਰ ’ਤੇ ਅਤੇ 11 ਜੁਲਾਈ ਨੂੰ 17 ਜ਼ਿਲ੍ਹਿਆਂ ਵੱਲੋਂ ਮੰਗ ਪੱਤਰ ਦਿੱਤੇ ਗਏ ਸਨ। ਇਸ ਤੋਂ ਇਲਾਵਾ 6 ਮਈ 2023 ਨੂੰ ਫਗਵਾੜਾ ਵਿਖੇ ਤੇ 14 ਜੂਨ 2025 ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਵੀ ਮੰਗਾਂ ’ਤੇ ਚਰਚਾ ਹੋਈ ਸੀ। ਯੂਨੀਅਨ ਅਨੁਸਾਰ ਮੰਗਾਂ ਲਟਕਣ ਕਾਰਨ ਪੰਜਾਬ ਦੀਆਂ ਕਰੀਬ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ’ਚ ਰੋਸ ਹੈ।ਮੰਗ ਪੱਤਰ ਰਾਹੀਂ ਵਰਕਰਾਂ ਨੂੰ ਤੀਜੇ ਤੇ ਹੈਲਪਰਾਂ ਨੂੰ ਚੌਥੇ ਦਰਜੇ ਦੇ ਮੁਲਾਜ਼ਮਾਂ ਦਾ ਦਰਜਾ ਦੇਣ ਜਾਂ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਮਾਣ-ਭੱਤਾ ਦੁੱਗਣਾ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਸੇਵਾਮੁਕਤੀ ਸਮੇਂ ਗ੍ਰੈਚੂਟੀ, ਸਾਲਾਨਾ ਵਾਧਾ ਦੁੱਗਣਾ ਕਰਨ, ਵਰਕਰਾਂ ਲਈ ਪੰਜ ਲੱਖ ਤੇ ਹੈਲਪਰਾਂ ਲਈ ਤਿੰਨ ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਅਤੇ ਖਾਲੀ ਅਸਾਮੀਆਂ ’ਤੇ ਤਰੱਕੀਆਂ ਕਰਨ ਦੀ ਮੰਗ ਉਠਾਈ ਗਈ। ਯੂਨੀਅਨ ਨੇ ਛੇ ਸਾਲ ਤੱਕ ਦੇ ਬੱਚਿਆਂ ਦੀ ਮੁੱਢਲੀ ਦੇਖਭਾਲ ਤੇ ਪ੍ਰੀ-ਸਕੂਲ ਸਿੱਖਿਆ ਆਂਗਣਵਾੜੀ ਕੇਂਦਰਾਂ ਰਾਹੀਂ ਦੇਣ, ਵਰਕਰਾਂ ਤੇ ਹੈਲਪਰਾਂ ਨੂੰ ਐੱਨ.ਟੀ.ਟੀ. ਅਧਿਆਪਕਾਂ ਦਾ ਦਰਜਾ ਦੇਣ ਅਤੇ ਪੋਸ਼ਣ ਟ੍ਰੈਕ ’ਤੇ ਕੰਮ ਕਰਨ ਲਈ ਟੈਬਲੇਟ ਜਾਂ ਲੈਪਟਾਪ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ। ਇਸ ਦੇ ਨਾਲ ਹੀ ਆਧਾਰ ਤਸਦੀਕ ਅਤੇ ਚਿਹਰਾ ਪਛਾਣ ਪ੍ਰਣਾਲੀ ਦੀਆਂ ਸ਼ਰਤਾਂ ਹਟਾਉਣ, ਯਾਤਰਾ ਭੱਤਾ 20 ਤੋਂ ਵਧਾ ਕੇ 200 ਰੁਪਏ ਮਹੀਨਾ ਕਰਨ, ਭਰਤੀ ਵਿੱਚੋਂ ਇੰਟਰਵਿਊ ਦੇ ਪੰਜ ਅੰਕ ਹਟਾਉਣ ਅਤੇ ਪਿਛਲੇ 14 ਮਹੀਨਿਆਂ ਦਾ ਬਕਾਇਆ ਜਾਰੀ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਬਰਕਰੋ ਰਜੀਸ਼ ਕੁਮਾਰ, ਹਮਾਰੀ ਵਜੀਦਕੇ, ਰੂਹੀ ਬਾਂਸਲ, ਬਲਵੰਤ ਕੌਰ ਸਹੌਰ, ਰਮਨਦੀਪ ਕੌਰ ਮਹਿਲ ਕਲਾਂ, ਸਰਬਜੀਤ ਕੌਰ ਲੋਹਗੜ੍ਹ, ਹਰਪਾਲ ਕੌਰ ਹਰਦਾਸਪੁਰਾ, ਲਖਵੀਰ ਕੌਰ ਪੰਡੋਰੀ, ਸੁਰਿੰਦਰ ਕੌਰ ਰਾਏਸਰ, ਕਰਮਜੀਤ ਕੌਰ, ਪਰਮਜੀਤ ਕੌਰ ਮਹਿਲ ਖੁਰਦ ਸਮੇਤ ਹੋਰ ਆਂਗਣਵਾੜੀ ਵਰਕਰਾਂ ਵੀ ਹਾਜ਼ਰ ਸਨ।