- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ’ਚ ਤਰਕਸ਼ੀਲ ਸਮਾਗਮ ਹੋਇਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਸੰਗਰੂਰ ਵੱਲੋਂ ਲੋਕਾਂ ਅੰਦਰ ਵਿਗਿਆਨਕ ਚੇਤਨਾ ਵਿਕਸਿਤ ਹਿੱਤ ਚਲਾਈ ਮੁਹਿੰਮ ਦੀ ਲੜੀ ਤਹਿਤ ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਿਖੇ ਮਾਸਟਰ ਪਰਮਵੇਦ, ਅਮਰੀਕ ਖੋਖਰ ਤੇ ਸੀਤਾ ਰਾਮ ਬਾਲਦ ਕਲਾਂ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਤਰਕਸ਼ੀਲ ਸਮਾਗਮ ਪੇਸ਼ ਕੀਤਾ ਗਿਆ।
ਇਸ ਸਮੇਂ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਬੀਐਸ ਢਿੱਲੋਂ, ਸਰਪ੍ਰਸਤ ਜਗਦੀਸ਼ ਰਾਏ ਤੇ ਪ੍ਰਧਾਨ ਸੁਰਿੰਦਰ ਬਾਲੀਆਂ ਨੇ ਤਰਕਸ਼ੀਲ ਟੀਮ ਦਾ ਸਵਾਗਤ ਕੀਤਾ। ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮਵੇਦ ਤੇ ਸੀਤਾ ਰਾਮ ਨੇ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਆਪਣਾ ਸੋਚਣ-ਢੰਗ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਦੇ ਗੁਣ, ਸੱਚ, ਇਮਾਨਦਾਰੀ ਤੇ ਮਿਹਨਤ ਨਾਲ, ਵਿਗਿਆਨਕ ਜਾਗਰੂਕਤਾ ਵਾਲੇ ਗੁਣ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਤੇ ਜਿਊਂਣ ਢੰਗ ਅਪਨਾਉਣਾ ਚਾਹੀਦਾ ਹੈ।
ਮਾਸਟਰ ਪਰਮਵੇਦ ਨੇ ਕਿਸੇ ਗੱਲ ਨੂੰ ਮੰਨਣ ਤੋਂ ਪਹਿਲਾਂ ਉਸਨੂੰ ਪਰਖਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਲੋਕਾਂ ਅੰਦਰ ਵਿਗਿਆਨਕ ਸੋਚ ਤੇ ਭਾਈਚਾਰਕ ਸਾਂਝ ਦੇ ਪਸਾਰੇ ਨਾਲ ਉਹਨਾਂ ਦੇ ਦਿਲ ਦਿਮਾਗ ਨੂੰ ਰੁਸ਼ਨਾਉਣਾ ਚਾਹੁੰਦੀ ਹੈ। ਇਸ ਮੌਕੇ ਮਾਸਟਰ ਪਰਮਵੇਦ ਨੇ ਤਰਕਸ਼ੀਲਾਂ ਵੱਲੋਂ ਰਹੱਸਮਈ ਘਟਨਾਵਾਂ ਦੇ ਕੁੱਝ ਹਲ ਕੀਤੇ ਕੇਸਾਂ ,ਜਿਨ੍ਹਾਂ ਨੂੰ ਲੋਕ ਭੂਤਾਂ - ਪ੍ਰੇਤਾਂ ਦੀ ਕਾਰਵਾਈ ਸਮਝਦੇ ਹਨ, ਦੀ ਵਿਆਖਿਆ ਕਰਦੇ ਹੋਏ, ਦੱਸਿਆ ਕਿ ਇਨ੍ਹਾਂ ਵਿਚ ਮਨੁੱਖੀ ਹੱਥ ਹੁੰਦਾ ਹੈ। ਭੂਤ ਪ੍ਰੇਤ ਸਭ ਮਨੋਕਲਪਤ ਹਨ,ਭੂਤ ਪ੍ਰੇਤ ਦੇ ਭਰਮ ਜਾਲ ਵਿੱਚ ਪਾ ਕੇ ਅਖੌਤੀ ਸਿਆਣੇ ਪਰਿਵਾਰ ਦੀ ਆਰਥਿਕ, ਮਾਨਸਿਕ ਤੇ ਕਈ ਵਾਰ ਸਰੀਰਕ ਲੁੱਟ ਵੀ ਕਰਦੇ ਹਨ। ਬੀਐਸ ਢਿੱਲੋਂ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਬਿੱਕਰ ਸਿੰਘ ਸੀਬੀਆ ਨੇ ਪੈਨਸ਼ਨਰਜ਼ ਦੇ ਵਿਹੜੇ ਆ ਕੇ ਵਿਗਿਆਨਕ ਸੋਚ ਦਾ ਛੱਟਾ ਦੇਣ ਤੇ ਕਈ ਵਹਿਮ ਭਰਮ ਦੂਰ ਕਰਨ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਤੇ ਸਰੋਤਿਆਂ ਨੂੰ ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਹਾਦਰ ਸਿੰਘ ਰਾਓ, ਜੈ ਸਿੰਘ, ਪਵਨ ਕੁਮਾਰ, ਕੁਲਵੰਤ ਸਿੰਘ ਹਾਜ਼ਰ ਸਨ।