ਕਾਮਰੇਡ ਸੁਰਜੀਤ ਸਿੰਘ ਗੁੰਮਟੀ ਨੂੰ ਆਖਰੀ ਲਾਲ ਸਲਾਮ ਕਾਮਰੇਡ ਸੁਰਜੀਤ ਸਿੰਘ ਗੁੰਮਟੀ ਨੂੰ ਆਖਰੀ ਲਾਲ ਸਲਾਮ
Publish Date: Thu, 10 Sep 2026 03:59 PM (IST)
Updated Date: Fri, 11 Sep 2026 04:02 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਕਮਿਊਨਿਸਟ ਮਾਰਕਸਵਾਦੀ ਲਹਿਰ ਦੇ ਸਰਗਰਮ ਆਗੂ ਅਤੇ ਲੋਕਪੱਖੀ ਵਿਚਾਰਾਂ ਨੂੰ ਸਮਰਪਿਤ ਕਾਮਰੇਡ ਮਾਸਟਰ ਸੁਰਜੀਤ ਸਿੰਘ ਗੁੰਮਟੀ ਵੀਰਵਾਰ ਨੂੰ ਅੰਤਿਮ ਵਿਦਾਇਗੀ ਮਗਰੋਂ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਵੱਡੀ ਗਿਣਤੀ ਵਿੱਚ ਸਾਥੀਆਂ, ਪਿੰਡ ਵਾਸੀਆਂ, ਮੁਲਾਜ਼ਮ ਆਗੂਆਂ ਅਤੇ ਵੱਖ-ਵੱਖ ਰਾਜਸੀ ਧਿਰਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਕਾਮਰੇਡ ਸੁਰਜੀਤ ਸਿੰਘ ਗੁੰਮਟੀ ਅਮਰ ਰਹੇ’ ਦੇ ਨਾਅਰਿਆਂ ਨਾਲ ਮਾਹੌਲ ਗੂੰਜ ਉੱਠਿਆ। ਸੀਪੀਆਈ(ਐੱਮ) ਦੇ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਚੰਦ ਸਿੰਘ ਚੋਪੜਾ ਨੇ ਕਾਮਰੇਡ ਸੁਰਜੀਤ ਸਿੰਘ ਗੁੰਮਟੀ ਨੂੰ ਆਖਰੀ ਲਾਲ ਸਲਾਮ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੂਰੀ ਜ਼ਿੰਦਗੀ ਮਿਹਨਤਕਸ਼ ਲੋਕਾਂ ਦੇ ਹੱਕਾਂ, ਇਨਸਾਫ਼ ਅਤੇ ਬਰਾਬਰੀ ਦੀ ਲੜਾਈ ਨੂੰ ਸਮਰਪਿਤ ਰਹੀ। ਉਨ੍ਹਾਂ ਕਿਹਾ ਕਿ ਸਾਥੀ ਗੁੰਮਟੀ ਨੇ ਮੁਸ਼ਕਲ ਹਾਲਾਤ ਵਿੱਚ ਵੀ ਆਪਣੇ ਵਿਚਾਰਾਂ ਅਤੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਦੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਰਹੇਗੀ। ਕਾਮਰੇਡ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਸੁਰਜੀਤ ਸਿੰਘ ਗੁੰਮਟੀ ਸਿਰਫ਼ ਪਾਰਟੀ ਦੇ ਆਗੂ ਹੀ ਨਹੀਂ ਸਨ, ਸਗੋਂ ਲੋਕਾਂ ਦੇ ਦੁੱਖ-ਸੁੱਖ ਵਿੱਚ ਖੜ੍ਹਨ ਵਾਲੇ ਨਿਸ਼ਕਾਮ ਸਾਥੀ ਸਨ। ਉਨ੍ਹਾਂ ਕਿਹਾ ਕਿ ਅਜਿਹੇ ਦ੍ਰਿੜ੍ਹ, ਨਿਡਰ ਅਤੇ ਲੋਕਪੱਖੀ ਕਿਰਦਾਰ ਵਾਰ-ਵਾਰ ਪੈਦਾ ਨਹੀਂ ਹੁੰਦੇ। ਉਨ੍ਹਾਂ ਵੱਲੋਂ ਛੱਡੀ ਵਿਚਾਰਧਾਰਕ ਵਿਰਾਸਤ ਨੂੰ ਅੱਗੇ ਤੋਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਕਾਮਰੇਡ ਸੁਰਜੀਤ ਸਿੰਘ ਗੁੰਮਟੀ ਨੇ ਲੰਮਾ ਸਮਾਂ ਸੀਪੀਆਈ(ਐੱਮ) ਦੀਆਂ ਮੁੱਢਲੀਆਂ ਸਫ਼ਾਂ ਵਿੱਚ ਰਹਿ ਕੇ ਸਰਗਰਮੀ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਉਹ ਅਧਿਆਪਕ ਪੈਨਸ਼ਨਰ ਯੂਨੀਅਨ ਦੀਆਂ ਸਰਗਰਮੀਆਂ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ। ਉਹ ਮਨਰੇਗਾ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਨਵੀਨਰ ਕਾਮਰੇਡ ਪਰਜੀਤ ਕੌਰ ਗੁੰਮਟੀ, ਸਰਪੰਚ ਕਰਮਜੀਤ ਕੌਰ ਰੂੜਗੜ੍ਹ ਅਤੇ ਕੋਆਪਰੇਟਿਵ ਸੁਸਾਇਟੀ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਦੇ ਪਿਤਾ ਸਨ। ਇਸ ਮੌਕੇ ਕਾਂਗਰਸੀ ਆਗੂ ਬਲਦੇਵ ਸਿੰਘ ਪੇਧਨੀ, ਮੁਲਾਜ਼ਮ ਆਗੂ ਫਕੀਰ ਸਿੰਘ, ਕਾਂਗਰਸ ਆਗੂ ਕਮਲਜੀਤ ਸਿੰਘ ਚੱਕ, ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਹਰਜੀਤ ਸਿੰਘ ਖਿਆਲੀ, ਮਾਸਟਰ ਗੁਰਨਾਮ ਸਿੰਘ ਸ਼ੇਰਪੁਰ, ਕਾਂਗਰਸੀ ਆਗੂ ਬਹਾਦਰ ਸਿੰਘ ਢੰਡਾ, ਪਰਗਟ ਪ੍ਰੀਤ ਸ਼ੇਰਪੁਰ, ਬਲਵੀਰ ਸਿੰਘ ਭੋਲਾ, ਕਬੱਡੀ ਖਿਡਾਰੀ ਭੜਥਾ ਗੁਰਮ, ਮਾਸਟਰ ਬੱਗਾ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ ਗੁੰਮਟੀ, ਬਿਜਲੀ ਮੁਲਾਜ਼ਮ ਰੁਲਦੂ ਸਿੰਘ ਹਾਜ਼ਰ ਸਨ।