ਪ੍ਰਦਰਸ਼ਨ ਨੂੰ ਲੈ ਕੇ ਪਿੰਡਾਂ ’ਚ ਮੀਟਿੰਗਾਂ ਦਾ ਦੌਰ ਸ਼ੁਰੂ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਕਿਸਾਨ ਆਗੂ।
Publish Date: Tue, 08 Sep 2026 04:08 PM (IST)
Updated Date: Wed, 09 Sep 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ 14 ਸਤੰਬਰ ਤੋਂ 5 ਦਿਨਾਂ ਦੇ ਪੂਰੇ ਪੰਜਾਬ ਵਿੱਚ ਮੰਤਰੀਆਂ ਦੇ ਘਰਾਂ ਦੇ ਸੱਦੇ ਤੇ ਸੁਨਾਮ ਵਿਖੇ ਮੰਤਰੀ ਅਮਨ ਅਰੋੜਾ ਦੇ ਗੇਟ ਅੱਗੇ ਲਾਉਣ ਵਾਲੇ ਮੋਰਚੇ ਦੀ ਤਿਆਰੀ ਵਜੋਂ ਪਿੰਡ ਕੁਲਾਰ ਖੁਰਦ ,ਤੁੰਗਾਂ ਤੇ ਉੱਪਲੀ ਦੀ ਮੀਟਿੰਗ ਬਲਾਕ ਆਗੂ ਮਿੱਠੂ ਸਿੰਘ ਤੁੰਗਾਂ ਦੀ ਅਗਵਾਈ ਵਿੱਚ ਕਰਵਾਈਆਂ ਗਈਆ। ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਤੇ ਹਰਦੇਵ ਕੁਲਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਐੱਮਐੱਸਪੀ ਮੰਗ ਨੂੰ ਲੈਕੇ ਸ਼ੰਭੂ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਦੇ ਖਿਲਾਫ ਲੱਗੇ ਮੋਰਚੇ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ ਸਮੇਤ 3 ਕਰੋੜ 77 ਲੱਖ ਰੁਪਏ ਦਾ ਸਾਮਾਨ ਖੁਰਦ ਬੁਰਦ ਕਰ ਦਿੱਤਾ। ਸਰਕਾਰ ਕਿਸਾਨਾਂ ਦੇ ਸਮਾਨ ਦੀ ਭਰਪਾਈ ਕਰਨ ਲਈ ਤਿਆਰ ਨਹੀਂ ਹੈ ਤੇ ਚੁਟਕੀਆਂ ਵਿੱਚ ਐੱਮਐੱਸਪੀ ਦੇਣ ਵਾਲੀ ਸਰਕਾਰ ਪੰਜ ਫਸਲਾਂ ਤੇ ਐੱਮਐੱਸਪੀ ਦੇਣ ਤੋਂ ਵੀ ਭੱਜ ਰਹੀ ਹੈ। ਕਿਸਾਨਾਂ ਵੱਲੋਂ ਲੰਘੀਂ 31 ਅਗਸਤ ਨੂੰ 23 ਮੰਗਾਂ ਦਾ ਮੰਗ ਪੱਤਰ ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਵੱਡੇ ਇਕੱਠ ਕਰਕੇ ਦਿੱਤਾ ਗਿਆ। ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਮੀਟਿੰਗ ਸੱਦ ਕੇ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ। ਹੁਣ ਪਿੰਡ ਪਿੰਡ ਵੱਡੀ ਤਿਆਰੀ 14 ਤਰੀਕ ਦੇ ਮੋਰਚੇ ਲਈ ਮਾਵਾਂ ਭੈਣਾਂ ਦੀਆਂ ਮੀਟਿੰਗਾਂ, ਟਰੈਕਟਰ ਮਾਰਚ, ਢੋਲ ਮਾਰਚ,ਤੇ ਰਾਸ਼ਨ ਇਕੱਠਾ ਕਰਕੇ ਵੱਡੀ ਲਾਮਬੰਦੀ ਕਰਕੇ ਸੈਂਕੜੇ ਟਰੈਕਟਰ ਟਰਾਲੀਆਂ ਸਮੇਤ ਵੱਡਾ ਮੋਰਚਾ ਅਮਨ ਅਰੋੜਾ ਦੇ ਗੇਟ ਅੱਗੇ ਲਾਇਆ ਜਾਵੇਗਾ। ਇਸ ਮੌਕੇ ਬਲਾਕ ਆਗੂ ਸੁਖਦੇਵ ਲੌਂਗੋਵਾਲ, ਦਰਵਾਰਾ ਲੋਹਾਖੇੜਾ, ਰਣਧੀਰ ਸਿੰਘ, ਮੇਜਰ ਉੱਪਲੀ ਹਾਜਰ ਸਨ।