- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਸ ਦੀ ਟੱਕਰ ਮਗਰੋਂ ਸੜਕ ਵਿਚਕਾਰ ਪਲਟੀ ਬਰੀਜਾ ਕਾਰ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਭਵਾਨੀਗੜ੍ਹ ਵਿਖੇ ਪ੍ਰੀਤ ਪੈਲੇਸ ਨੇੜੇ ਸਰਕਾਰੀ ਬੱਸ ਅਤੇ ਬਰੀਜਾ ਕਾਰ ਦੀ ਟੱਕਰ ਹੋਣ ਕਾਰਨ ਕਾਰ ਸੜਕ ਵਿਚਕਾਰ ਪਲਟ ਗਈ। ਹਾਦਸੇ ਵਿੱਚ ਕਾਰ ਨੂੰ ਕਾਫ਼ੀ ਨੁਕਸਾਨ ਪੁੱਜਿਆ, ਜਦਕਿ ਕਾਰ ਵਿੱਚ ਸਵਾਰ ਦੋ ਵਿਅਕਤੀ ਕਿਸੇ ਵੱਡੀ ਸੱਟ ਤੋਂ ਬਚ ਗਏ।
ਜਾਣਕਾਰੀ ਮੁਤਾਬਕ ਸਰਕਾਰੀ ਬੱਸ ਭਵਾਨੀਗੜ੍ਹ ਤੋਂ ਸੰਗਰੂਰ ਵੱਲ ਜਾ ਰਹੀ ਸੀ। ਪ੍ਰੀਤ ਪੈਲੇਸ ਤੋਂ ਕੁਝ ਦੂਰੀ ’ਤੇ ਬੱਸ ਅੱਗੇ ਜਾ ਰਹੀ ਬਰੀਜਾ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਈ। ਕਾਰ ਸਵਾਰ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਤਾਏ ਮੰਗਲ ਸਿੰਘ ਨਾਲ ਕੈਥਲ ਤੋਂ ਮੋਗਾ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਭਵਾਨੀਗੜ੍ਹ ਪਾਰ ਕਰਨ ਤੋਂ ਬਾਅਦ ਪਿੱਛੇ ਤੋਂ ਆ ਰਹੀ ਸਰਕਾਰੀ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਮੁਤਾਬਕ ਦੋਵੇਂ ਜਣੇ ਹਾਦਸੇ ਵਿੱਚ ਵਾਲ-ਵਾਲ ਬਚ ਗਏ, ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਉਧਰ ਬੱਸ ਚਾਲਕ ਸੌਰਵ ਸ਼ਰਮਾ ਨੇ ਹਾਦਸੇ ਦਾ ਵੱਖਰਾ ਕਾਰਨ ਦੱਸਦਿਆਂ ਕਿਹਾ ਕਿ ਕਾਰ ਦੇ ਅੱਗੇ ਇੱਕ ਰੇਹੜੀ ਜਾ ਰਹੀ ਸੀ। ਰੇਹੜੀ ਨੂੰ ਬਚਾਉਣ ਲਈ ਕਾਰ ਚਾਲਕ ਨੇ ਅਚਾਨਕ ਕੱਟ ਮਾਰਿਆ, ਜਿਸ ਕਾਰਨ ਬੱਸ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਤੁਰੰਤ ਮੌਕੇ ’ਤੇ ਪਹੁੰਚੇ। ਏਐੱਸਆਈ ਹਰਬੰਸ ਸਿੰਘ ਅਤੇ ਦਲਜੀਤ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਸੁਚਾਰੂ ਕਰਵਾਈ। ਹਾਦਸੇ ਦੇ ਕਾਰਨਾਂ ਅਤੇ ਜ਼ਿੰਮੇਵਾਰੀ ਨੂੰ ਲੈ ਕੇ ਦੋਵੇਂ ਧਿਰਾਂ ਥਾਣੇ ਪਹੁੰਚੀਆਂ ਅਤੇ ਇਨਸਾਫ਼ ਦੀ ਮੰਗ ਕੀਤੀ।