- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਕਾਸ ਕਾਰਜਾਂ ਦਾ 90 ਫੀਸਦੀ ਕੰਮ ਮੁਕੰਮਲ: ਚੀਮਾ

ਗੁਰਜੀਤ ਸਿੰਘ ਧੌਂਸੀ, ਪੰਜਾਬੀ ਜਾਗਰਣ,
ਦਿੜ੍ਹਬਾ ਮੰਡੀ : ਸ਼ਹਿਰ ਵਿੱਚ ਸੈਲਰ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਦਿੜ੍ਹਬਾ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚੋਂ ਤਕਰੀਬਨ 90 ਫੀਸਦੀ ਕੰਮ ਮੁਕੰਮਲ ਹੋ ਚੁੱਕੇ ਹਨ, ਜਦਕਿ ਰਹਿੰਦੇ ਕੰਮ ਵੀ ਆਉਣ ਵਾਲੇ ਤਿੰਨ ਮਹੀਨਿਆਂ ਅੰਦਰ ਮੁਕੰਮਲ ਕਰ ਲਏ ਜਾਣਗੇ।
ਉਨ੍ਹਾਂ ਕਿਹਾ ਕਿ ਦਿੜ੍ਹਬਾ ਹਲਕੇ ਦੇ ਪਿੰਡਾਂ ਨੂੰ ਆਪਸ ਵਿੱਚ ਜੋੜਨ ਲਈ ਸੜਕਾਂ ਦਾ ਵੱਡਾ ਜਾਲ ਵਿਛਾਇਆ ਗਿਆ ਹੈ। ਨਵੀਆਂ ਸੜਕਾਂ ਬਣਨ ਨਾਲ ਪਿੰਡਾਂ ਦੀ ਸ਼ਹਿਰ ਨਾਲ ਕਨੈਕਟੀਵਿਟੀ ਵਿੱਚ ਵਾਧਾ ਹੋਵੇਗਾ ਅਤੇ ਲੋਕਾਂ ਦੇ ਆਉਣ-ਜਾਣ ਵਿੱਚ ਲੱਗਣ ਵਾਲਾ ਸਮਾਂ ਘਟਣ ਦੇ ਨਾਲ ਹਾਦਸਿਆਂ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਦਿੜ੍ਹਬਾ ਸ਼ਹਿਰ ਵਿੱਚ ਬਣੇ ਇੰਡੋਰ ਸਟੇਡੀਅਮ ਵਿੱਚ ਇੱਕੋ ਛੱਤ ਹੇਠ 11 ਖੇਡਾਂ ਖੇਡਣ ਦੀ ਸਹੂਲਤ ਬੱਚਿਆਂ ਨੂੰ ਮਿਲੇਗੀ। ਇਸ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਵੱਡੇ ਪਿੰਡਾਂ ਵਿੱਚ ਵੀ ਖੇਡ ਸਟੇਡੀਅਮ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਕੌਹਰੀਆਂ ਵਿਖੇ ਹਸਪਤਾਲ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਆਪਣੇ ਨੇੜੇ ਮਿਲ ਸਕਣਗੀਆਂ। ਦਿੜ੍ਹਬਾ ਦੇ ਹਸਪਤਾਲ ਸਬੰਧੀ ਉਨ੍ਹਾਂ ਕਿਹਾ ਕਿ ਇੱਥੇ ਜਲਦ ਹੀ ਡਾਕਟਰਾਂ ਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਹਸਪਤਾਲ ਵਿੱਚ ਅਲਟਰਾਸਾਊਂਡ ਮਸ਼ੀਨ ਵੀ ਉਪਲੱਬਧ ਕਰਵਾਈ ਗਈ ਹੈ, ਜਿਸ ਨਾਲ ਲੋਕਾਂ ਨੂੰ ਘੱਟ ਖਰਚੇ ’ਤੇ ਦਿੜ੍ਹਬਾ ਵਿੱਚ ਹੀ ਅਲਟਰਾਸਾਊਂਡ ਦੀ ਸਹੂਲਤ ਮਿਲ ਸਕੇਗੀ।
ਉਨ੍ਹਾਂ ਦੱਸਿਆ ਕਿ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਕਰੀਬ ਦੋ ਕਰੋੜ ਰੁਪਏ ਦੀ ਲਾਗਤ ਨਾਲ ਅੰਬੇਡਕਰ ਭਵਨ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿੱਥੇ ਲੋਕ ਆਪਣੇ ਸੁੱਖ-ਦੁੱਖ ਦੇ ਸਮਾਗਮ ਕਰਵਾ ਸਕਣਗੇ। ਇਸ ਤੋਂ ਇਲਾਵਾ ਦਿੜ੍ਹਬਾ ਅਤੇ ਛਾਜਲੀ ਦੀਆਂ ਪੁਰਾਣੀਆਂ ਥਾਣਾ ਇਮਾਰਤਾਂ ਦੀ ਥਾਂ ਨਵੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਹੈ।
ਇਸ ਮੌਕੇ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਰਾਮਾ, ਐਮਡੀ ਪੰਕਜ਼ ਬਾਂਸਲ, ਸੁਖਚੈਨ ਸਿੰਘ ਚੈਨੀ, ਰਾਮ ਸਿੰਘ ਮਾਨ, ਜੋਨੀ ਬਾਗੜੀ, ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਘੁਮਾਣ, ਓਐਸਡੀ ਤਪਿੰਦਰ ਸਿੰਘ ਸੋਹੀ, ਸਰਪੰਚ ਰਵਿੰਦਰ ਸਿੰਘ ਮਾਨ, ਰਿਸ਼ੀਪਾਲ ਬਾਗੜੀ, ਸੁਖਵਿੰਦਰ ਸਿੰਘ ਭਿੰਦਾ ਹਾਜ਼ਰ ਸਨ।