ਨਮਾਦਾਂ ਕੈਂਪ ’ਚ 7450 ਲੋਕਾਂ ਨੂੰ ਮਿਲਿਆ ਮੁਫ਼ਤ ਇਲਾਜ ਨਮਾਦਾਂ ਕੈਂਪ ’ਚ 7450 ਲੋਕਾਂ ਨੂੰ ਮਿਲਿਆ ਮੁਫ਼ਤ ਇਲਾਜ
Publish Date: Tue, 06 Oct 2026 03:58 PM (IST)
Updated Date: Wed, 07 Oct 2026 04:02 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਗੁੱਗਾ ਜਾਹਰ ਪੀਰ ਜੀ ਦੇ ਪਵਿੱਤਰ ਅਸਥਾਨ ਨਮਾਦਾਂ ਵਿਖੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਪਰਿਵਾਰ ਵੱਲੋਂ ਸਵ. ਸੰਤ ਰਾਮ ਸਿੰਗਲਾ ਯਾਦ ਨੂੰ ਸਮਰਪਿਤ 21ਵਾਂ ਸਾਲਾਨਾ ਮੈਡੀਕਲ ਕੈਂਪ ਲਾਇਆ ਗਿਆ। ਤਿੰਨ ਦਿਨ ਚੱਲੇ ਇਸ ਕੈਂਪ ਦੌਰਾਨ 7,450 ਤੋਂ ਵੱਧ ਲੋਕਾਂ ਨੇ ਓਪੀਡੀ ਸੇਵਾਵਾਂ ਦਾ ਲਾਭ ਲਿਆ, ਜਦਕਿ ਵੱਖ-ਵੱਖ ਮੈਡੀਕਲ ਸੇਵਾਵਾਂ ਤੋਂ ਇਲਾਵਾ 240 ਸਰਜਰੀਆਂ ਕਰਕੇ ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ। ਕੈਂਪ ਵਿੱਚ ਜਨਰਲ ਮੈਡੀਸਨ, ਚਮੜੀ ਰੋਗ, ਅੱਖਾਂ ਅਤੇ ਹੱਡੀਆਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ। ਅੱਖਾਂ ਦੇ ਮਰੀਜ਼ਾਂ ਲਈ ਵਿਸ਼ੇਸ਼ ਜਾਂਚ, ਐਨਕਾਂ ਅਤੇ ਮੋਤੀਆਬਿੰਦ ਦੀਆਂ ਸਰਜਰੀਆਂ ਦੀ ਸਹੂਲਤ ਦਿੱਤੀ ਗਈ। ਗਲੋਬਲ ਆਈ ਕੇਅਰ ਵੱਲੋਂ ਮੋਤੀਆਬਿੰਦ ਦੀਆਂ ਸਰਜਰੀਆਂ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਮਾਣਾ, ਸਨਾਮ, ਸੰਗਰੂਰ, ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਨਮਾਦਾਂ ਪਹੁੰਚੇ ਅਤੇ ਸਿਹਤ ਸੇਵਾਵਾਂ ਦਾ ਲਾਭ ਲੈਣ ਦੇ ਨਾਲ ਗੁੱਗਾ ਜਾਹਰ ਪੀਰ ਜੀ ਦੇ ਪਵਿੱਤਰ ਅਸਥਾਨ ’ਤੇ ਨਤਮਸਤਕ ਹੋਏ। ਪਿਛਲੇ 21 ਸਾਲਾਂ ਤੋਂ ਲਗਾਤਾਰ ਚੱਲ ਰਹੀ ਇਹ ਸੇਵਾ ਹੁਣ ਸਵ. ਸੰਤ ਰਾਮ ਸਿੰਗਲਾ ਦੀ ਯਾਦ ਨੂੰ ਲੋਕ ਭਲਾਈ ਨਾਲ ਜੋੜਨ ਵਾਲੀ ਇੱਕ ਸਥਾਈ ਪਰੰਪਰਾ ਬਣ ਚੁੱਕੀ ਹੈ। ਹਰ ਸਾਲ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਇਸ ਉਪਰਾਲੇ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੰਗਰੂਰ ਉਨ੍ਹਾਂ ਦੀ ਕਰਮ ਭੂਮੀ ਹੈ ਅਤੇ ਇੱਥੋਂ ਦੇ ਲੋਕਾਂ ਨੇ ਹਮੇਸ਼ਾ ਉਨ੍ਹਾਂ ਨੂੰ ਆਪਣਾ ਸਮਝ ਕੇ ਬੇਅੰਤ ਪਿਆਰ ਅਤੇ ਅਸੀਸ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਆਪਣੀ ਸਮਰੱਥਾ ਤੋਂ ਵੀ ਵੱਧ ਕਰਕੇ ਸੰਗਰੂਰ ਦੇ ਲੋਕਾਂ ਨੂੰ ਖੁਸ਼, ਤੰਦਰੁਸਤ ਅਤੇ ਸੰਤੁਸ਼ਟ ਰੱਖਣ ਲਈ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਭਲਾਈ ਲਈ ਸ਼ੁਰੂ ਕੀਤੀ ਇਹ ਸੇਵਾ ਪਰਮਾਤਮਾ ਦੀ ਮਿਹਰ ਅਤੇ ਸੰਗਤ ਦੇ ਪਿਆਰ ਸਦਕਾ ਅੱਗੇ ਵੀ ਨਿਰੰਤਰ ਜਾਰੀ ਰਹੇਗੀ। ਵਿਜੈ ਇੰਦਰ ਸਿੰਗਲਾ ਅਤੇ ਪਰਿਵਾਰ ਵੱਲੋਂ ਮੇਲਾ ਨਮਾਦਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਨਮਾਦਾਂ, ਗਲੋਬਲ ਆਈ ਕੇਅਰ, ਸਮੂਹ ਡਾਕਟਰਾਂ, ਮੈਡੀਕਲ ਸਟਾਫ਼ ਅਤੇ ਸਹਿਯੋਗ ਦੇਣ ਵਾਲੇ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ।