- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
34 ਹਜ਼ਾਰ ਕੈਮਿਸਟ ਤੇ ਕਰਮਚਾਰੀ ਪਰਿਵਾਰਾਂ ਸਮੇਤ ਚੋਣਾਂ ਦਾ ਕਰਨਗੇ ਬਾਈਕਾਟ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਪੰਜਾਬ ਕੈਮਿਸਟ ਐਸੋਸੀਏਸ਼ਨ (ਪੀਸੀਏ) ਦੀ ਇੱਕ ਅਹਿਮ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸਕੱਤਰ ਜੀਐੱਸ ਚਾਵਲਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬੇ ਦੇ 23 ਜ਼ਿਲ੍ਹਿਆਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਕਾਰਜਕਾਰਨੀ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਿਹਤ ਵਿਭਾਗ ਦੀ ਕਾਰਜਪ੍ਰਣਾਲੀ ਅਤੇ ਕੈਮਿਸਟਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਅਣਦੇਖੀ ਕੀਤੇ ਜਾਣ ’ਤੇ ਤਿੱਖਾ ਰੋਸ ਪ੍ਰਗਟਾਇਆ ਗਿਆ। ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਸਮੂਹ ਕੈਮਿਸਟ, ਦੁਕਾਨਾਂ ’ਤੇ ਕੰਮ ਕਰਨ ਵਾਲੇ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਹਰ ਤਰ੍ਹਾਂ ਦੀਆਂ ਚੋਣਾਂ ਦਾ ਪੂਰਨ ਬਾਈਕਾਟ ਕਰਨਗੇ। ਇਸ ਦੇ ਨਾਲ ਹੀ 10 ਦਿਨਾਂ ਬਾਅਦ ਦੁਬਾਰਾ ਮੀਟਿੰਗ ਸੱਦਣ ਦਾ ਵੀ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਨਿਊਰੋ, ਸਾਈਕੋਟ੍ਰੋਪਿਕ ਅਤੇ ਡਿਪ੍ਰੈਸ਼ਨ ਵਰਗੀਆਂ ਬਿਮਾਰੀਆਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਉਪਲੱਬਧ ਨਾ ਹੋਣ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ। ਆਗੂਆਂ ਨੇ ਕਿਹਾ ਕਿ ਪਹਿਲਾਂ ਕੰਪਨੀਆਂ ਨੂੰ ਦਵਾਈਆਂ ਵਾਪਸ ਭੇਜੇ ਜਾਣ ਅਤੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ’ਤੇ ਇਹ ਦਵਾਈਆਂ ਮੁਹੱਈਆ ਕਰਵਾਉਣ ਵਿੱਚ ਪੰਜਾਬ ਸਿਹਤ ਵਿਭਾਗ ਦੀ ਨਾਕਾਮੀ ਕਾਰਨ ਹਜ਼ਾਰਾਂ ਮਰੀਜ਼ ਰੁਲ ਰਹੇ ਹਨ। ਦੂਜੇ ਪਾਸੇ ਗੁਆਂਢੀ ਸੂਬਿਆਂ ਵਿੱਚ ਇਹ ਦਵਾਈਆਂ ਆਸਾਨੀ ਨਾਲ ਉਪਲੱਬਧ ਹਨ। ਪੰਜਾਬ ਦੇ ਮਰੀਜ਼ਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਐਸੋਸੀਏਸ਼ਨ ਨੇ ਫ਼ੈਸਲਾ ਲਿਆ ਕਿ ਡਾਕਟਰ ਦੀ ਪਰਚੀ (ਪ੍ਰਿਸਕ੍ਰਿਪਸ਼ਨ) ਅਤੇ ਮਰੀਜ਼ ਦੀ ਯੋਗ ਪਛਾਣ ਤੋਂ ਬਾਅਦ ਹੀ 'ਪ੍ਰੀਗਾਬਾਲਿਨ-75 ਐਮਜੀ' ਦਵਾਈ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਚੈਕਿੰਗ ਦੌਰਾਨ ਛੋਟੀਆਂ-ਮੋਟੀਆਂ ਖ਼ਾਮੀਆਂ ਦੇ ਆਧਾਰ ’ਤੇ ਦੁਕਾਨਾਂ ਸੀਲ ਕਰਨ ਜਾਂ ਲਾਇਸੈਂਸ ਮੁਅੱਤਲ ਕਰਨ ਦੀ ਬਜਾਏ ਡਰੱਗ ਐਂਡ ਕਾਸਮੈਟਿਕਸ ਐਕਟ ਦੇ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ, ਨਵਾਂ ਆਨਲਾਈਨ ਸਿਸਟਮ ਲਾਗੂ ਕਰਨ ਤੋਂ ਪਹਿਲਾਂ ਇਸ ਦੀਆਂ ਤਕਨੀਕੀ ਖ਼ਾਮੀਆਂ ਦੂਰ ਕੀਤੀਆਂ ਜਾਣ, ਜਦੋਂ ਦੇਸ਼ ਦੇ 23 ਸੂਬਿਆਂ ਵਿੱਚ ਇਹ ਲਾਗੂ ਨਹੀਂ ਹੈ, ਤਾਂ ਇਸ ਨੂੰ ਪੰਜਾਬ ’ਤੇ ਕਿਉਂ ਥੋਪਿਆ ਜਾ ਰਿਹਾ ਹੈ।
ਸਵੇਰੇ 6 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਲੋਕਾਂ ਦੀ ਸੇਵਾ ਕਰਨ ਵਾਲੇ ਕੈਮਿਸਟਾਂ ਦਾ ਕਿਰਦਾਰ ਕਤਲ ਕਰਨਾ ਬੰਦ ਕੀਤਾ ਜਾਵੇ। ਪੰਜਾਬ ਫਾਰਮੇਸੀ ਕੌਂਸਲ ਉਨ੍ਹਾਂ ਫਾਰਮਾਸਿਸਟਾਂ ਦੇ ਲਾਇਸੈਂਸ ਤੁਰੰਤ ਰੀਨਿਊ ਕਰੇ, ਜਿਨ੍ਹਾਂ ਦਾ ਨਵੀਨੀਕਰਨ ਪਹਿਲਾਂ ਵੀ ਦੋ ਤੋਂ ਚਾਰ ਵਾਰ ਹੋ ਚੁੱਕਾ ਹੈ। ਇਸ ਮੌਕੇ ਅਮਰਦੀਪ ਸਿੰਘ, ਰਾਜੀਵ ਜੈਨ, ਅਜੈ, ਸੰਜੀਵ ਕੁਮਾਰ, ਜੇਐੱਸ. ਸੇਠੀ, ਸੰਜੀਵ ਚੌਧਰੀ, ਰਵਿੰਦਰ ਭਾਟੀਆ, ਦਰਸ਼ਨ ਸਚਦੇਵਾ, ਵਿਨੈ ਰਾਵਲ, ਲਵਲੀ ਡਾਬਰ, ਰਾਜੇਸ਼ ਮਹਾਜਨ, ਅਸ਼ੋਕ ਛਾਬੜਾ, ਅਸ਼ੋਕ, ਦੀਪਿੰਦਰ ਸਿੰਘ, ਜੇ.ਐੱਸ. ਚਾਵਲਾ, ਸਤੀਸ਼ ਕਪੂਰ, ਰਿਸ਼ੂ ਵਰਮਾ, ਸੁਖਬੀਰ ਸਿੰਘ, ਅਸ਼ਵਨੀ ਕੁਮਾਰ, ਸੁਬੋਧ ਕੱਕੜ, ਵਿਕਰਮ ਠਾਕੁਰ, ਬਾਲ ਕ੍ਰਿਸ਼ਨ ਕਟਾਰੀਆ, ਨਰੇਸ਼ ਜਿੰਦਲ, ਰਿਚੀ ਕੁਮਾਰ, ਸੰਜੀਵ ਪੁਰੀ, ਤਰੁਣ ਗਰਗ, ਮਨੋਰੰਜਨ ਕਾਲੀਆ, ਸੰਜੀਵ ਭਾਟੀਆ ਅਤੇ ਪ੍ਰਭਜਿੰਦਰ ਆਨੰਦ ਹਾਜ਼ਰ ਸਨ।