- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲੇਰਕੋਟਲਾ ਜ਼ਿਲ੍ਹੇ ’ਚ 3.13 ਲੱਖ ਵੋਟਰ ਦਰਜ

ਅੰਤਿਮ ਵੋਟਰ ਸੂਚੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀ
ਸੱਤਪਾਲ ਸਿੰਘ ਕਾਲਾਬੂਲਾ/ਲਾਡੇਵਾਲ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸਆਈਆਰ.-2026) ਤਹਿਤ ਜ਼ਿਲ੍ਹਾ ਮਾਲੇਰਕੋਟਲਾ ਦੇ ਦੋਵੇਂ ਵਿਧਾਨ ਸਭਾ ਹਲਕਿਆਂ ਦੀ ਅੰਤਿਮ ਵੋਟਰ ਸੂਚੀ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀ ਗਈ। ਇਸ ਮੌਕੇ ਰੋਲ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐੱਸ. ਤਿੜਕੇ ਮੌਜੂਦ ਸਨ।
ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਅੰਤਿਮ ਵੋਟਰ ਸੂਚੀ ਵਿੱਚ ਕੁੱਲ 3,13,842 ਵੋਟਰ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 1,63,198 ਪੁਰਸ਼, 1,50,638 ਮਹਿਲਾਵਾਂ ਅਤੇ ਤੀਜੇ ਲਿੰਗ ਦੇ ਛੇ ਵੋਟਰ ਸ਼ਾਮਲ ਹਨ। ਜ਼ਿਲ੍ਹੇ ਦੇ 406 ਪੋਲਿੰਗ ਬੂਥਾਂ ’ਤੇ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ।
ਵਿਧਾਨ ਸਭਾ ਹਲਕਾ 105-ਮਾਲੇਰਕੋਟਲਾ ਵਿੱਚ 206 ਪੋਲਿੰਗ ਬੂਥਾਂ ’ਤੇ 1,55,751 ਵੋਟਰ, ਜਦਕਿ ਹਲਕਾ 106-ਅਮਰਗੜ੍ਹ ਦੇ 200 ਪੋਲਿੰਗ ਬੂਥਾਂ ’ਤੇ 1,58,091 ਵੋਟਰ ਦਰਜ ਹਨ। 13 ਅਗਸਤ ਨੂੰ ਜਾਰੀ ਡਰਾਫਟ ਵੋਟਰ ਸੂਚੀ ਦੇ ਮੁਕਾਬਲੇ ਅੰਤਿਮ ਸੂਚੀ ਵਿੱਚ 7,970 ਵੋਟਰਾਂ ਦਾ ਵਾਧਾ ਅਤੇ 781 ਵੋਟਰਾਂ ਦੀ ਕਟੌਤੀ ਹੋਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੰਤਿਮ ਵੋਟਰ ਸੂਚੀ ਵਿੱਚ ਆਪਣੇ ਨਾਮ ਅਤੇ ਵੇਰਵਿਆਂ ਦੀ ਜਾਂਚ ਕਰਨ। ਨਵੀਂ ਵੋਟ ਬਣਵਾਉਣ ਜਾਂ ਵੇਰਵਿਆਂ ਵਿੱਚ ਸੋਧ ਲਈ ਚੋਣ ਕਮਿਸ਼ਨ ਦੇ ਪੋਰਟਲ voters.eci.gov.in, ਵੋਟਰ ਹੈਲਪਲਾਈਨ ਐਪ ਜਾਂ ਟੋਲ-ਫ੍ਰੀ ਨੰਬਰ 1950 ਦੀ ਮਦਦ ਲਈ ਜਾ ਸਕਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਐੱਸਡੀਐੱਮ ਕਨੂ ਗਰਗ, ਐੱਸਡੀਐੱਮ ਰਾਜੇਸ਼ ਕੁਮਾਰ ਸ਼ਰਮਾ ਹਾਜ਼ਰ ਸਨ।