- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
22 ਦਿਨਾਂ ਦੀ ਹੜਤਾਲ, ਸ਼ਹਿਰ ਹੋਇਆ ਕੂੜੇ ’ਚ ਤਬਦੀਲ

- ਥਾਂ-ਥਾਂ ਲੱਗੇ ਕੂੜੇ ਦੇ ਢੇਰ, ਉੱਠਣ ਲੱਗੀ ਬਦਬੂ, ਲੋਕ ਹੋਏ ਔਖੇ
ਜਸਵੀਰ ਸਿੰਘ, ਪੰਜਾਬੀ ਜਾਗਰਣ
ਸੰਗਰੂਰ : ਸਫ਼ਾਈ ਸੇਵਕਾਂ ਦੀ ਪਿਛਲੇ 22 ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਗੰਦਗੀ ਦਾ ਡੰਪ ਬਣ ਚੁੱਕਾ ਹੈ। ਸੜਕਾਂ ਹੀ ਨਹੀਂ, ਸਗੋਂ ਹਰ ਖਾਲੀ ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਕੂੜੇ ਦੇ ਢੇਰਾਂ ਚੋ ਉੱਠ ਰਹੀ ਬਦਬੂ ਨੇ ਲੋਕਾਂ ਦਾ ਜੀਵਨ ਔਖਾ ਹੋ ਗਿਆ ਹੈ। ਜੇਕਰ ਬਾਰਿਸ਼ ਹੁੰਦੀ ਹੈ ਤਾਂ ਹਾਲਾਤ ਹੋਰ ਵੀ ਬਦਤਰ ਬਣਨ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਬੁੱਧਵਾਰ ਹੜਤਾਲ ਦੇ 22ਵੇਂ ਦਿਨ ਸ਼ਹਿਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਹਰ ਪਾਸੇ ਗੰਦਗੀ ਹੀ ਗੰਦਗੀ ਨਜ਼ਰ ਆਈ। ਖ਼ਾਸ ਕਰਕੇ ਸਿਵਲ ਹਸਪਤਾਲ, ਪ੍ਰੇਮ ਪੈਟਰੋਲ ਪੰਪ, ਹਰੀਪੁਰਾ ਰੋਡ, ਐਕਸਚੇਂਜ ਰੋਡ, ਸਬਜ਼ੀ ਮੰਡੀ, ਆਦਰਸ਼ ਸਕੂਲ ਨੇੜੇ, ਮੁੱਖ ਬਾਜ਼ਾਰ, ਧੂਰੀ ਗੇਟ, ਸੁਨਾਮੀ ਗੇਟ ਅਤੇ ਸਰਕਾਰੀ ਰਣਬੀਰ ਕਾਲਜ ਰੋਡ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਨੂੰ ਨਹੀਂ ਚੁੱਕਿਆ ਜਾ ਰਿਹਾ। ਇਸ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਹੋਈ ਤਾਂ ਕੂੜਾ ਹੋਰ ਸੜੇਗਾ ਅਤੇ ਬਦਬੂ ਵਧੇਗੀ, ਜਿਸ ਨਾਲ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਵੇਗਾ।
ਬਿਮਾਰੀਆਂ ਫੈਲਣ ਦਾ ਖ਼ਤਰਾ : ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੇ ਹਾਲਾਤ ਦਿਨੋਂ-ਦਿਨ ਹੋਰ ਵਿਗੜਦੇ ਜਾ ਰਹੇ ਹਨ। ਸੜਕਾਂ ’ਤੇ ਵੱਡੀ ਮਾਤਰਾ ਵਿੱਚ ਕੂੜਾ ਇਕੱਠਾ ਹੋ ਗਿਆ ਹੈ। ਲੋਕਾਂ ਲਈ ਸੜਕਾਂ ’ਤੇ ਲੰਘਣਾ ਵੀ ਔਖਾ ਹੋ ਗਿਆ ਹੈ। ਰਣਬੀਰ ਕਲੱਬ ਦੇ ਗੇਟ ਕੋਲ ਕੂੜੇ ਦਾ ਵੱਡਾ ਢੇਰ ਲੱਗਾ ਹੋਇਆ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ ਦੇ ਗੇਟ ਨੰਬਰ-2 ਸਾਹਮਣੇ ਵੀ ਕਈ ਮੀਟਰ ਤੱਕ ਕੂੜਾ ਫੈਲਿਆ ਹੋਇਆ ਹੈ। ਕੂੜੇ ਦੇ ਢੇਰਾਂ ’ਤੇ ਲਾਵਾਰਿਸ ਪਸ਼ੂ ਘੁੰਮ ਰਹੇ ਹਨ, ਜਿਸ ਨਾਲ ਗੰਦਗੀ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਹੋਰ ਵੱਧ ਗਿਆ ਹੈ।
- ਮੰਗਾਂ ਮੰਨੇ ਬਿਨਾਂ ਹੜਤਾਲ ਖ਼ਤਮ ਨਹੀਂ ਹੋਵੇਗੀ : ਯੂਨੀਅਨ
ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਹੜਤਾਲ ਨੂੰ 22 ਦਿਨ ਹੋ ਚੁੱਕੇ ਹਨ, ਪਰ ਸਰਕਾਰ ਨੇ ਅਜੇ ਤੱਕ ਉਨ੍ਹਾਂ ਨਾਲ ਗੱਲਬਾਤ ਲਈ ਕੋਈ ਪਹਿਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਹੜਤਾਲ ਦੌਰਾਨ ਸਰਕਾਰ ਵੱਲੋਂ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ। ਜੇਕਰ ਸਰਕਾਰ ਨੇ ਜਲਦੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਪੰਜਾਬ ਭਰ ਦੇ ਸਫ਼ਾਈ ਸੇਵਕ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
- ਪੱਕਾ ਹੱਲ ਕੀਤਾ ਜਾਵੇ : ਸ਼ਹਿਰ ਵਾਸੀ
ਸ਼ਹਿਰ ਵਾਸੀ ਰਾਜੀਵ ਕੁਮਾਰ, ਸੀਤਾ ਦੇਵੀ ਅਤੇ ਆਸ਼ਾ ਰਾਣੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਵੱਧ ਰਹੇ ਕੂੜੇ ਦੇ ਢੇਰਾਂ ਦਾ ਸਥਾਈ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਜਲਦੀ ਨਿਪਟਾਰਾ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਗੰਦਗੀ ਅਤੇ ਇਸ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਮਿਲ ਸਕੇ।