1509 ਬਾਸਮਤੀ ਝੋਨਾ ਹੋਇਆ 4300 ਤੋਂ ਪਾਰ, ਕਿਸਾਨ ਬਾਗੋਬਾਗ 1509 ਬਾਸਮਤੀ ਝੋਨਾ ਹੋਇਆ 4300 ਤੋਂ ਪਾਰ, ਕਿਸਾਨ ਬਾਗੋਬਾਗ
Publish Date: Fri, 25 Sep 2026 03:13 PM (IST)
Updated Date: Sat, 26 Sep 2026 04:00 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਅਨਾਜ ਮੰਡੀ ਵਿੱਚ ਜਿੱਥੇ ਬਾਸਮਤੀ ਝੋਨੇ ਦੀ ਆਮਦ ਵਧਦੀ ਜਾ ਰਹੀ ਹੈ, ਉੱਥੇ ਹੀ ਬਾਸਮਤੀ 1509 ਝੋਨੇ ਦੇ ਰੇਟ 4300 ਰੁਪਏ ਕੁਇੰਟਲ ਤੋਂ ਪਾਰ ਹੋ ਗਏ ਹਨ। ਇਨਾਂ ਰੇਟਾਂ ਕਾਰਨ ਜਿੱਥੇ ਕਿਸਾਨ ਬਾਗੋਬਾਗ ਹਨ, ਉੱਥੇ ਹੀ ਆੜ੍ਹਤੀਏ ਅਤੇ ਮਜ਼ਦੂਰ ਵੀ ਖੁਸ਼ ਹਨ। ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜੀਤ ਸਿੰਘ ਪਿੰਡ ਚੰਗਾਲੀਵਾਲਾ ਦੀ 1509 ਬਾਸਮਤੀ ਝੋਨੇ ਦੀ ਟਰਾਲੀ ਸ਼ੰਭੂ ਗੋਇਲ ਫਾਰਮ ਰਾਮ ਲਾਲ ਕਮੀਸ਼ਨ ਏਜੰਟ ਦੀ ਦੁਕਾਨ ’ਤੇ ਵਿਕਣ ਲਈ ਆਈ ਜੋ 4305 ਰੁਪਏ ਪ੍ਰਤੀ ਕੁਇੰਟਲ ਸਾਰੀ ਮੰਡੀ ਤੋਂ ਵੱਧ ਰਿਕਾਰਡ ਰੇਟ ਉੱਤੇ ਵਿਕੀ। ਇਸ ਸਮੇਂ ਝੋਨਾ ਵੇਚਣ ਆਏ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਝੋਨੇ ਦਾ ਰੇਟ ਹਜ਼ਾਰ ਰੁਪਏ ਕੁਇੰਟਲ ਵੱਧ ਕਿਸਾਨਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 1509 ਬਾਸਮਤੀ ਝੋਨੇ ਦੀ ਫਸਲ ਦਾ ਝਾੜ ਅਜੇ ਘੱਟ ਹੈ, ਜੋ 20-21 ਕੁਇੰਟਲ ਦੇ ਕਰੀਬ ਪ੍ਰਤੀ ਏਕੜ ਨਿਕਲ ਰਿਹਾ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਆਸ ਜਤਾਈ ਕੇ ਪਛੇਤੇ ਬਾਸਮਤੀ ਝੋਨੇ ਦੇ ਝਾੜ ਵਿੱਚ ਚਾਰ ਕੁਇੰਟਲ ਦਾ ਵਾਧਾ ਹੋ ਸਕਦਾ ਹੈ, ਜਿਸ ਨਾਲ ਕਿਸਾਨ ਦੀ ਫਸਲ ਪ੍ਰਤੀ ਏਕੜ ਲੱਖ ਰੁਪਏ ਦੇ ਕੋਲ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਬੇਸ਼ਕ ਇਸ ਵਾਰ ਬਾਸਮਤੀ ਝੋਨੇ ਦੇ ਭਾਅ ਕਿਸਾਨਾਂ ਨੂੰ ਵਧੀਆ ਮਿਲ ਰਹੇ ਹਨ, ਪ੍ਰੰਤੂ ਰੇਹਾਂ ਸਪਰੇਹਾਂ ਦੇ ਰੇਟਾਂ ਵਿੱਚ ਵੀ ਭਾਰੀ ਵਾਧਾ ਹੋ ਗਿਆ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਜਿਵੇਂ ਪੀਆਰ ਝੋਨੇ ਦਾ ਰੇਟ ਨਿਯੁਕਤ ਕਰਦੀ ਹੈ ਇਸੇ ਤਰ੍ਹਾਂ ਬਾਸਮਤੀ ਝੋਨੇ ਦਾ ਰੇਟ ਵੀ ਪੱਕੇ ਤੌਰ ਤੇ ਨਿਯੁਕਤ ਕਰੇ ਤਾਂ ਜੋ ਕਿਸਾਨ ਬਾਸਮਤੀ ਝੋਨੇ ਨੂੰ ਪਹਿਲ ਦੇਣ। ਕਿਉਂਕਿ ਬਾਸਮਤੀ ਝੋਨੇ ਦੀ ਫਸਲ ਕਾਰਨ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਇਸ ਮੌਕੇ ਖਰੀਦਦਾਰ ਚਿਮਨ ਲਾਲ ਗਿਆਨ ਚੰਦ, ਆਰ ਐਸ ਫੂਡ, ਐਸ ਪੀ ਰਾਈਸ ਮਿੱਲਰਜ਼,ਰਮਨ ਬਿਹਾਰੀ ਮਿੱਲ ਦੇ ਮਾਲਕਾਂ ਸਾਹਿਲ ਮਿੱਤਲ, ਅਜੇ ਕੁਮਾਰ ਠੋਲੀ,ਵਿਜੇ ਕੁਮਾਰ ਮਿੱਤਲ,,ਲੱਖਾ ਸਿੰਘ ਅਤੇ ਹੋਰ ਖਰੀਦਦਾਰਾਂ ਨੇ ਦੱਸਿਆ, ਕਿ ਬਾਸਮਤੀ ਚਾਵਲਾਂ ਦੀ ਮੰਗ ਹੋਣ ਕਾਰਨ ਇਨਾਂ ਦੇ ਰੇਟ ਵਧੀਆ ਹਨ।