- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਧਾਨ ਕੈਂਪ ਦੇ ਪਹਿਲੇ ਦਿਨ ਹੀ 150 ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ

ਪੁਲਿਸ ਤੇ ਜਨਤਾ ਵਿਚਕਾਰ ਸਿੱਧਾ ਸੰਵਾਦ ਬਣਿਆ ਕੈਂਪਾਂ ਦਾ ਕੇਂਦਰ: ਐੱਸਐੱਸਪੀ ਖੱਖ
ਸੱਤਪਾਲ ਸਿੰਘ ਕਾਲਾਬੂਲਾ, ਜਸਪਾਲ /ਲਾਡੇਵਾਲ
ਪੰਜਾਬੀ ਜਾਗਰਣ : ਮਾਲੇਰਕੋਟਲਾ : ਪੁਲਿਸ ਵੱਲੋਂ ਲੋਕਾਂ ਦੀਆਂ ਲੰਬਿਤ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਪੁਲਿਸ ਅਧਿਕਾਰੀਆਂ ਤੱਕ ਲੋਕਾਂ ਦੀ ਸਿੱਧੀ ਪਹੁੰਚ ਯਕੀਨੀ ਬਣਾਉਣ ਲਈ ਅੱਜ ਸਿਟੀ-1 ਖੇਤਰ ਵਿੱਚ ਸਮਾਧਾਨ ਕੈਂਪ ਲਾਇਆ। ਪੁਲਿਸ ਵੱਲੋਂ ਜ਼ਿਲ੍ਹੇ ’ਚ ਲਾਏ ਗਏ ਇੱਕੋ ਥਾਂ ਤੇ ‘ਸਮਾਧਾਨ ਕੈਂਪਾਂ’ ਦੇ ਪਹਿਲੇ ਦਿਨ ਹੀ 150 ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ।
ਪੁਲਿਸ ਲਾਈਨ ਮਾਲੇਰਕੋਟਲਾ, ਸਬ-ਡਿਵੀਜ਼ਨ ਅਹਿਮਦਗੜ੍ਹ ਅਤੇ ਸਬ-ਡਿਵੀਜ਼ਨ ਅਮਰਗੜ੍ਹ ਵਿਖੇ ਲਾਏ ਗਏ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਸਿੱਧੇ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਰੱਖਣ ਦਾ ਮੌਕਾ ਮਿਲਿਆ, ਜਿਸ ਨਾਲ ਉਨ੍ਹਾਂ ਨੂੰ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਜਾਣ ਦੀ ਲੋੜ ਨਹੀਂ ਪਈ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਸ ਉਪਰਾਲੇ ਦੇ ਪਿੱਛੇ ਸੋਚ ਬਹੁਤ ਸਧਾਰਨ ਹੈ। ਜਦੋਂ ਕੋਈ ਵਿਅਕਤੀ ਆਪਣੀ ਜਾਇਜ਼ ਸਮੱਸਿਆ ਲੈ ਕੇ ਪੁਲਿਸ ਕੋਲ ਆਵੇ ਤਾਂ ਉਸ ਨੂੰ ਇਹ ਮਹਿਸੂਸ ਹੋਵੇ ਕਿ ਉਸ ਦੀ ਗੱਲ ਸੁਣਨ ਅਤੇ ਮਦਦ ਕਰਨ ਲਈ ਅਧਿਕਾਰੀ ਮੌਜੂਦ ਹਨ।
ਉਨ੍ਹਾਂ ਕਿਹਾ, “ਹਰ ਸ਼ਿਕਾਇਤ ਦੇ ਪਿੱਛੇ ਇੱਕ ਵਿਅਕਤੀ, ਇੱਕ ਪਰਿਵਾਰ ਅਤੇ ਅਕਸਰ ਕਾਫੀ ਚਿੰਤਾ ਜੁੜੀ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਕੋਲ ਆਉਣ, ਆਪਣੀ ਸਮੱਸਿਆ ਖੁੱਲ੍ਹ ਕੇ ਦੱਸਣ ਅਤੇ ਉਨ੍ਹਾਂ ਨੂੰ ਇਹ ਭਰੋਸਾ ਹੋਵੇ ਕਿ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ। ਜਿੱਥੇ ਵੀ ਸੰਭਵ ਹੋਵੇ, ਅਸੀਂ ਮੌਕੇ ’ਤੇ ਹੀ ਹੱਲ ਦੇਣਾ ਚਾਹੁੰਦੇ ਹਾਂ, ਤਾਂ ਜੋ ਲੋਕਾਂ ਨੂੰ ਵਾਰ-ਵਾਰ ਪੁਲਿਸ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ।”
ਕੈਂਪਾਂ ਦੌਰਾਨ ਡੀ.ਐੱਸ.ਪੀਜ਼, ਐੱਸ.ਐੱਚ.ਓਜ਼, ਜਾਂਚ ਅਧਿਕਾਰੀ ਅਤੇ ਵੱਖ-ਵੱਖ ਵਿਸ਼ੇਸ਼ ਸ਼ਾਖਾਵਾਂ ਦੇ ਅਧਿਕਾਰੀ ਮੌਜੂਦ ਰਹੇ। ਮਹਿਲਾ ਸੈੱਲ, ਸਾਈਬਰ ਕ੍ਰਾਈਮ, ਵਿੱਤੀ ਅਤੇ ਆਰਥਿਕ ਮਾਮਲਿਆਂ ਸਮੇਤ ਹੋਰ ਵਿਸ਼ੇਸ਼ ਕਿਸਮ ਦੀਆਂ ਸ਼ਿਕਾਇਤਾਂ ਲਈ ਵੀ ਵੱਖ-ਵੱਖ ਡੈਸਕ ਸਥਾਪਤ ਕੀਤੇ ਗਏ।
ਐੱਸ.ਐੱਸ.ਪੀ. ਨੇ ਦੱਸਿਆ ਕਿ ਪਹਿਲੇ ਦਿਨ ਕੁੱਲ 150 ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਕੇ ਸ਼ਿਕਾਇਤਕਰਤਾਵਾਂ ਨੂੰ ਤੁਰੰਤ ਰਾਹਤ ਦਿੱਤੀ ਗਈ। ਜਿਨ੍ਹਾਂ ਮਾਮਲਿਆਂ ਵਿੱਚ ਹੋਰ ਜਾਂਚ, ਤੱਥਾਂ ਦੀ ਪੁਸ਼ਟੀ ਜਾਂ ਕਾਨੂੰਨੀ ਕਾਰਵਾਈ ਦੀ ਲੋੜ ਸੀ, ਉਨ੍ਹਾਂ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਸਮੇਂ ਸਿਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਪੁਲਿਸ ਦੀ ਸਭ ਤੋਂ ਵੱਡੀ ਤਾਕਤ ਹੈ। ਲੋਕਾਂ ਦੀ ਗੱਲ ਸੁਣਨਾ, ਉਨ੍ਹਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣਾ ਅਤੇ ਜਾਇਜ਼ ਸਮੱਸਿਆਵਾਂ ਦਾ ਹੱਲ ਕਰਨਾ ਲੋਕ-ਕੇਂਦਰਿਤ ਪੁਲਿਸਿੰਗ ਦਾ ਅਹਿਮ ਹਿੱਸਾ ਹੈ। ਮਾਲੇਰਕੋਟਲਾ ਪੁਲਿਸ ਨੇ ਜ਼ਿਲ੍ਹਾ ਵਾਸੀਆਂ ਨੂੰ ਆਪਣੀਆਂ ਜਾਇਜ਼ ਸ਼ਿਕਾਇਤਾਂ ਪੁਲਿਸ ਦੇ ਧਿਆਨ ਵਿੱਚ ਲਿਆਉਣ ਅਤੇ ਅਜਿਹੇ ਲੋਕ-ਹਿਤੈਸ਼ੀ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।