ਮਿਉਂਸਪਲ ਕਾਮਿਆਂ ਦੀ ਹੜਤਾਲ ਦਾ 10ਵਾਂ ਦਿਨ ਮਿਉਂਸਪਲ ਕਾਮਿਆਂ ਦੀ ਹੜਤਾਲ ਦਾ 10ਵਾਂ ਦਿਨ
Publish Date: Fri, 17 Jul 2026 05:47 PM (IST)
Updated Date: Sat, 18 Jul 2026 04:04 AM (IST)
: ਸਫ਼ਾਈ ਸੇਵਕ ਬੀਬੀਆਂ ਨੇ ਤਪਦੀ ਗਰਮੀ ’ਚ ਰੋਹ ਭਰਪੂਰ ਮਾਰਚ ਕਰ ਕੇ ਫੂਕੀ ਮੁੱਖ ਮੰਤਰੀ ਦੀ ਅਰਥੀ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਨਿਕਲਿਆ ਤ੍ਰਾਹ --ਨਿੱਜੀਕਰਨ ਦੀਆਂ ਨੀਤੀਆਂ ’ਤੇ ਵਿੰਨ੍ਹੇ ਨਿਸ਼ਾਨੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਮਿਉਂਸਪਲ ਮੁਲਾਜ਼ਮਾਂ ਵੱਲੋਂ ਲੰਘੀ 8 ਜੁਲਾਈ ਤੋਂ ਵਿੱਢੀ ਹੋਈ ਹੜਤਾਲ ਅੱਜ 10ਵੇਂ ਦਿਨ ਵਿੱਚ ਪਹੁੰਚ ਗਈ ਐ। ਤਪਦੀ ਗਰਮੀ ਤੇ ਭਾਰੀ ਹੁੰਮਸ ਦੇ ਬਾਵਜੂਦ ਵੀ ਮੁਲਾਜ਼ਮਾਂ ਦੇ ਹੌਸਲੇ ਬੁਲੰਦ ਨੇ। ਸ਼ੁੱਕਰਵਾਰ ਨੂੰ ਸ਼ਹਿਰ ਦੀਆਂ ਸੜਕਾਂ ਤੇ ਗਰਜਵੇਂ ਨਾਅਰਿਆਂ ਨਾਲ ਰੋਸ ਮਾਰਚ ਕੱਢਿਆ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾਫੂਕ ਕੇ ਰੋਸ ਪ੍ਰਗਟਾਇਆ ਗਿਆ। ਇਸ ਸੰਘਰਸ਼ ਨੂੰ ਹੋਰਨਾਂ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਤਕੜੀ ਹਮਾਇਤ ਮਿਲ ਰਹੀ ਐ। ਸਫ਼ਾਈ ਸੇਵਕ ਬੀਬੀਆਂ ਦੀ ਵੱਡੀ ਸ਼ਮੂਲੀਅਤ ਇਸ ਸੰਘਰਸ਼ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਵਿੱਚ ਸਫ਼ਾਈ ਸੇਵਕ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਨਗਰ ਨਿਗਮ ਦੇ ਦਫ਼ਤਰ ਅੱਗੇ ਰੈਲੀ ਕਰਨ ਮਗਰੋਂ ਬਰਨਾਲਾ ਦੇ ਬਜ਼ਾਰਾਂ ਤੇ ਗਲੀਆਂ-ਮੁਹੱਲਿਆਂ ਵਿੱਚ ਜੋਸ਼ੀਲਾ ਮਾਰਚ ਕੱਢਿਆ ਗਿਆ। ਇਸ ਮੌਕੇ ਬੀਬੀ ਬਿੰਦੂ ਰਾਣੀ, ਆਸ਼ਾ ਰਾਣੀ, ਮਿੱਠੋ ਦੇਵੀ ਤੇ ਮੂਰਤੀ ਦੇਵੀ ਨੇ ਸਫ਼ਾਈ ਸੇਵਕ ਬੀਬੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹੱਕ ਕਦੇ ਮੰਗਿਆਂ ਨਹੀਂ ਮਿਲਦੇ, ਇਹ ਸੰਘਰਸ਼ ਦੇ ਜੋਰ ਤੇ ਹੀ ਖੋਹਣੇ ਪੈਂਦੇ ਨੇ। ਉਨ੍ਹਾਂ ਭੈਣਾਂ ਨੂੰ ਇਸ ਲੜਾਈ ਦੇ ਹਰ ਮੋਰਚੇ ਤੇ ਡਟਣ ਦਾ ਹੋਕਾ ਦਿੱਤਾ। ਆਗੂਆਂ ਨੇ ਸਰਕਾਰ ਦੀ ਜਬਰੀ ਕੂੜਾ ਚੁਕਵਾਉਣ ਦੀ ਨੀਤੀ ਰਗੜੀ ਮੁਲਾਜ਼ਮ ਆਗੂਆਂ ਗੁਲਸ਼ਨ ਕੁਮਾਰ, ਮੰਗਤ ਰਾਮ ਤੇ ਸੱਤ ਪਾਲ ਸਮੇਤ ਭਰਾਤਰੀ ਜਥੇਬੰਦੀਆਂ ਦੇ ਆਗੂ ਬਾਬੂ ਸਿੰਘ ਖੁੱਡੀਕਲਾਂ, ਡਾ. ਰਜਿੰਦਰ ਪਾਲ ਤੇ ਕਰਮਜੀਤ ਸਿੰਘ ਬੀਹਲਾ ਨੇ ਸਾਂਝੇ ਤੌਰ ਤੇ ਬੋਲਦਿਆਂ ਆਖਿਆ ਕਿ ਇੱਕ ਪਾਸੇ ਤਾਂ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲੋਂ ਅੱਖਾਂ ਮੀਟ ਕੇ ਬੈਠੀ ਐ, ਦੂਜੇ ਪਾਸੇ ਹੜਤਾਲ ਫੇਲ੍ਹ ਕਰਨ ਲਈ ਸ਼ਹਿਰ ਦੀਆਂ ਗਲੀਆਂ ਚੋਂ ਜਬਰੀ ਕੂੜਾ ਚੁਕਵਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਐ। ਅਸੀਂ ਸਰਕਾਰ ਦੇ ਇਸ ਧੱਕੇ ਦੀ ਸਖ਼ਤ ਨਿਖੇਧੀ ਕਰਦੇ ਹਾਂ। ਆਗੂਆਂ ਨੇ ਸੰਗਰੂਰ ਵਿਖੇ ਹੜਤਾਲੀ ਸਫ਼ਾਈ ਸੇਵਕਾਂ ਤੇ ਹੋਏ ਪੁਲਿਸ ਲਾਠੀਚਾਰਜ ਦੀ ਵੀ ਰੱਜ ਕੇ ਮੁਖਾਲਫ਼ਤ ਕੀਤੀ ਤੇ ਆਖਿਆ ਕਿ ਲਾਠੀ-ਗੋਲੀ ਦੇ ਜ਼ੋਰ ਨਾਲ ਲੋਕਾਂ ਦੇ ਸੰਘਰਸ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ, ਸਗੋਂ ਇਹ ਭਾਂਬੜ ਹੋਰ ਮਚੇਗਾ। ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਨਿਕਲਿਆ ਤ੍ਰਾਹ ਹੜਤਾਲ ਕਾਰਨ ਸ਼ਹਿਰ ਵਿੱਚ ਜੂਹਾਂ ਗੰਦੀਆਂ ਹੋ ਗਈਆਂ ਨੇ। ਥਾਂ-ਥਾਂ ਕੂੜੇ ਦੇ ਪਹਾੜ ਖੜ੍ਹੇ ਹੋ ਗਏ ਨੇ ਜਿਸ ਕਰਕੇ ਸ਼ਹਿਰ ਵਿੱਚ ਕੋਈ ਭਿਆਨਕ ਬਿਮਾਰੀ ਫੈਲਣ ਦਾ ਤੌਖਲਾ ਬਣਿਆ ਹੋਇਆ ਹੈ। ਕੂੜਾ ਚੁੱਕਣ, ਸਟਰੀਟ ਲਾਈਟਾਂ ਦੀ ਮੁਰੰਮਤ ਤੇ ਪਾਣੀ ਦੀ ਸਪਲਾਈ ਵਰਗੇ ਸਾਰੇ ਰੁਟੀਨ ਦੇ ਕੰਮ ਪੂਰੀ ਤਰ੍ਹਾਂ ਠੱਪ ਪਏ ਨੇ। ਆਗੂਆਂ ਸੁਖਵਿੰਦਰ ਸਿੰਘ ਠੀਕਰੀਵਾਲਾ, ਸਤਨਾਮ ਸਿੰਘ ਬਰਨਾਲਾ, ਅਨਿਲ ਕੁਮਾਰ ਤੇ ਦਰਸ਼ਨ ਚੀਮਾ ਨੇ ਲੋਕਾਂ ਦੇ ਦਰਦ ਨੂੰ ਸਾਂਝਾ ਕਰਦਿਆਂ ਆਖਿਆ ਕਿ ਸਫ਼ਾਈ ਕਾਮੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਗੰਦਗੀ ਢੋਂਦੇ ਨੇ। ਸੀਵਰੇਜ ਸਾਫ਼ ਕਰਨਾ ਮੌਤ ਦੇ ਮੂੰਹ ਵਿੱਚ ਵੜਨ ਬਰਾਬਰ ਹੈ। ਸੁਪਰੀਮ ਕੋਰਟ ਦੇ ਸਾਫ਼ ਨਿਰਦੇਸ਼ ਨੇ ਕਿ ਇਨ੍ਹਾਂ ਨੂੰ ਠੇਕੇਦਾਰੀ ਸਿਸਟਮ ਅਧੀਨ ਨਹੀਂ ਰੱਖਿਆ ਜਾ ਸਕਦਾ, ਪਰ ਫਿਰ ਵੀ ਪੰਜਾਬ ਵਿੱਚ 15 ਲੱਖ ਦੇ ਕਰੀਬ ਕਾਮੇ ਨਿਗੂਣੀਆਂ ਤਨਖ਼ਾਹਾਂ ਤੇ ਆਊਟਸੋਰਸਿੰਗ (ਠੇਕੇ) ਤੇ ਕੰਮ ਕਰਨ ਲਈ ਮਜਬੂਰ ਨੇ। ਨਿੱਜੀਕਰਨ ਦੀਆਂ ਨੀਤੀਆਂ ਤੇ ਵਿੰਨ੍ਹੇ ਨਿਸ਼ਾਨੇ ਇਸ ਰੋਸ ਪ੍ਰਦਰਸ਼ਨ ਦੌਰਾਨ ਸਫਾਈ ਸੇਵਕ ਆਗੂਆਂ ਨੇ ਦੱਸਿਆ ਕਿ ਮਿਉਂਸਪਲ ਕਾਮਿਆਂ ਨੂੰ ਪੱਕੇ ਕਰਨ ਤੇ ਨਵੀਂ ਪੈਨਸ਼ਨ ਸਕੀਮ ਰੱਦ ਕਰਨ ਦੀ ਮੰਗ 1990-91 ਦੀਆਂ ਰਾਓ-ਮਨਮੋਹਨ ਸਰਕਾਰ ਵੇਲੇ ਦੀਆਂ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਲੜਾਈ ਦਾ ਹਿੱਸਾ ਹੈ। ਸਰਕਾਰਾਂ ਬਾਕੀ ਮਹਿਕਮਿਆਂ ਵਾਂਗ ਮਿਉਂਸਪਲ ਕੌਂਸਲਾਂ ਨੂੰ ਵੀ ਪ੍ਰਾਈਵੇਟ ਹੱਥਾਂ ਵਿੱਚ ਵੇਚਣ ਤੁਰ ਪਈਆਂ ਨੇ। ਪੰਜਾਬ ਸਰਕਾਰ ਪਹਿਲਾਂ ਪੰਦਰਾਂ ਦਿਨਾਂ ਦੀ ਹੜਤਾਲ ਮਗਰੋਂ ਮੰਗਾਂ ਮੰਨਣ ਦਾ ਵਾਅਦਾ ਕਰਕੇ ਹੁਣ ਮੁੱਕਰ ਗਈ ਐ, ਜਿਸ ਕਾਰਨ ਕਾਮਿਆਂ ਨੂੰ ਮੁੜ 8 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣਾ ਪਿਆ।