ਚੰਡੀਗੜ੍ਹ ਮਾਰਕਾ 101 ਪੇਟੀਆਂ ਸ਼ਰਾਬ ਬਰਾਮਦ ਚੰਡੀਗੜ੍ਹ ਮਾਰਕਾ 101 ਪੇਟੀਆਂ ਸ਼ਰਾਬ ਬਰਾਮਦ
Publish Date: Fri, 13 Nov 2026 06:05 PM (IST)
Updated Date: Fri, 13 Nov 2026 06:06 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਨੇ ਨੇੜਲੇ ਪਿੰਡ ਨਦਾਮਪੁਰ ਕੋਲ ਇਕ ਫੋਰਚੂਨਰ ਕਾਰ ਚੋਂ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 101 ਪੇਟੀਆਂ ਬਰਾਮਦ ਕੀਤੀਆਂ ਹਨ। ਇਸ ਦੌਰਾਨ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਕਾਲਾਝਾੜ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਸਤਵੰਤ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਵੱਲੋਂ ਆਬਕਾਰੀ ਵਿਭਾਗ ਦੇ ਭਵਾਨੀਗੜ੍ਹ ਸਰਕਲ ਦੀ ਇੰਸਪੈਕਟਰ ਨੀਲਮ ਚੋਪੜਾ ਨਾਲ ਪਿੰਡ ਨਦਾਮਪੁਰ ਤੋਂ ਨਹਿਰ ਵਾਲੀ ਸੜਕ ਰਾਹੀਂ ਪਿੰਡ ਫੰਮਨਵਾਲ-ਡੇਹਲੇਵਾਲ ਵੱਲ ਗਸ਼ਤ ਕੀਤੀ ਜਾ ਰਹੀ ਸੀ ਤਾਂ ਸੜਕ ਤੋਂ ਹਟ ਕੇ ਖੇਤਾਂ ਨੇੜੇ ਇਕ ਕਾਲੇ ਰੰਗ ਦੀ ਫੋਰਚੂਨਰ ਕਾਰ ਸ਼ੱਕੀ ਹਾਲਤ ਵਿਚ ਖੜ੍ਹੀ ਦਿਖਾਈ ਦਿੱਤੀ। ਇਸ ਦੌਰਾਨ ਕਾਰ ਵਿੱਚੋਂ ਉਤਰ ਕੇ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖਦਿਆਂ ਉਥੋਂ ਖਿਸਕਣ ਲੱਗਾ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਨਰਿੰਦਰ ਸਿੰਘ ਉਰਫ਼ ਨਿੰਦੂ ਵਾਸੀ ਧੂਰੀ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਕਾਰ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ ਚੰਡੀਗੜ੍ਹ ਮਾਰਕਾ ਵੱਖ-ਵੱਖ ਕਿਸਮ ਦੀ ਸ਼ਰਾਬ ਦੀਆਂ 101 ਪੇਟੀਆਂ ਜਿਨ੍ਹਾਂ ਵਿਚ ਕੁੱਲ 1212 ਬੋਤਲਾਂ ਸਨ, ਬਰਾਮਦ ਹੋਈਆਂ। ਏਐੱਸਆਈ ਸਤਵੰਤ ਸਿੰਘ ਅਨੁਸਾਰ ਕਾਰ ਸਵਾਰ ਵਿਅਕਤੀ ਮੌਕੇ ਤੇ ਸ਼ਰਾਬ ਰੱਖਣ ਸਬੰਧੀ ਕੋਈ ਮਨਜ਼ੂਰੀ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਪੁਲਸ ਨੇ ਫੋਰਚੂਨਰ ਕਾਰ ਤੇ ਬਰਾਮਦ ਸ਼ਰਾਬ ਨੂੰ ਕਬਜ਼ੇ ਵਿਚ ਲੈ ਕੇ ਨਰਿੰਦਰ ਸਿੰਘ ਉਰਫ਼ ਨਿੰਦੂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।