ਮੰਗਾਂ ਨਾ ਮੰਨੀਆਂ ਤਾਂ ਮੰਤਰੀ ਦਾ ਕਰਾਂਗੇ ਘਿਰਾਓ
ਮੰਗਾਂ ਨਾ ਮੰਨਿਆ ਤਾਂ ਮੰਤਰੀ ਦਾ ਕਰਾਂਗੇ ਘਿਰਾਓ
Publish Date: Wed, 13 May 2026 04:30 PM (IST)
Updated Date: Wed, 13 May 2026 04:33 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਰਜਿ ਨੰਬਰ 31 ਦੀ ਬ੍ਰਾਂਚ ਨੰਗਲ ਅਤੇ ਨੂਰਪੁਰ ਬੇਦੀ ਦੀ ਸਾਂਝੀ ਮੀਟਿੰਗ ਜ਼ਿਲਾ ਪ੍ਰਧਾਨ ਕਪਿਲ ਮਹਿੰਦਲੀ ਦੀ ਅਗਵਾਈ ਹੇਠ ਹੋਈ। ਲੰਬੇ ਸਮੇਂ ਤੱਕ ਚੱਲੀ ਮੀਟਿੰਗ ਦੌਰਾਨ ਆਊਟਸੋਰਸ ਇਨਲਿਸਟਮੈਂਟ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕਈ ਅਹਿਮ ਫੈਸਲੇ ਲਏ ਗਏ। ਯੂਨੀਅਨ ਆਗੂ ਕਪਿਲ ਮਹਿੰਦਲੀ, ਮੱਖਣ ਕਾਲਸ, ਗੁਰਜੀਤ ਸਿੰਘ ਲਮਲੈਹੜੀ, ਗੁਰਮੁਖ ਸਿੰਘ ਕਲੋਤਾ, ਜਸਪਾਲ ਸਿੰਘ, ਇੰਦੀ ਸਸਕੋਰ, ਜੱਸੀ ਕੀਰਤਪੁਰ ਅਤੇ ਪੱਪੂ ਸਹੋਤਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਊਟਸੋਰਸ ਇਨਲਿਸਟਮੈਂਟ ਮੁਲਾਜ਼ਮਾਂ ਨਾਲ ਲੰਬੇ ਸਮੇਂ ਤੋਂ ਨੀਤੀ ਦੇ ਨਾਮ ’ਤੇ ਟਾਲਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 23 ਮਈ ਤੋਂ ਦਿੜ੍ਹਬਾ ਵਿਖੇ ਪੱਕਾ ਦਿਨ-ਰਾਤ ਮੋਰਚਾ ਸ਼ੁਰੂ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਮੋਰਚੇ ਦੌਰਾਨ ਹਰ ਰੋਜ਼ ਵੱਖ-ਵੱਖ ਤਰੀਕਿਆਂ ਨਾਲ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਇਹ ਸੰਘਰਸ਼ ਪੱਕੇ ਰੋਜ਼ਗਾਰ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਦਿੜ੍ਹਬਾ ਮੋਰਚੇ ਵਿਚ ਸ਼ਮੂਲੀਅਤ ਕਰਨਗੇ। ਕਪਿਲ ਮਹਿੰਦਲੀ ਨੇ ਮੰਗ ਕੀਤੀ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਵਿਚ ਸ਼ਾਮਲ ਕਰਕੇ ਪੱਕਾ ਕੀਤਾ ਜਾਵੇ, ਰਿਟਾਇਰਮੈਂਟ ’ਤੇ 50 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ, ਹਾਦਸੇ ਜਾਂ ਅਪੰਗਤਾ ਦੀ ਸੂਰਤ ਵਿਚ 25 ਲੱਖ ਰੁਪਏ ਅਤੇ ਮੌਤ ਦੇ ਮਾਮਲੇ ਵਿਚ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਦਰਵੀਂ ਲੇਬਰ ਕਾਨਫਰੰਸ ਦੇ ਫੈਸਲਿਆਂ ਅਨੁਸਾਰ ਤਨਖਾਹਾਂ ਅਤੇ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾਣ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਸ਼੍ਰੀ ਅਨੰਦਪੁਰ ਸਾਹਿਬ ਦੌਰੇ ਦੌਰਾਨ ਘਿਰਾਓ ਕਰਨ ਦੀ ਯੋਜਨਾ ਬਣਾਈ ਗਈ ਸੀ, ਪਰ ਡੀਐੱਸਪੀ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਇਕ ਹਫਤੇ ਲਈ ਇਹ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਦੇ ਘਿਰਾਓ ਪ੍ਰੋਗਰਾਮ ਮੁੜ ਸ਼ੁਰੂ ਕੀਤੇ ਜਾਣਗੇ। ਮੀਟਿੰਗ ਦੌਰਾਨ ਵਰਕਰਾਂ ਨੇ ਹੱਥ ਖੜੇ ਕਰਕੇ ਆਗੂਆਂ ਦੇ ਫੈਸਲਿਆਂ ਦਾ ਸਮਰਥਨ ਕੀਤਾ। ਇਸ ਮੌਕੇ ਵੱਖ-ਵੱਖ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।