ਪਿੰਡ ਬੁਰਜ ਨੇੜੇ ਨਜਾਇਜ਼ ਮਾਈਨਿੰਗ ਕਾਰਨ ਪਿੰਡ ਵਾਸੀਆਂ ’ਚ ਭਾਰੀ ਰੋਸ
ਪਿੰਡ ਬੁਰਜ ਦੇ ਨਜ਼ਦੀਕ ਹੁੰਦੀ ਨਜਾਇਜ਼ ਮਾਈਨਿੰਗ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ
Publish Date: Tue, 12 May 2026 06:32 PM (IST)
Updated Date: Tue, 12 May 2026 06:33 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਨੇੜਲੇ ਪਿੰਡ ਬੁਰਜ ਦੇ ਨਜ਼ਦੀਕ ਹੁੰਦੀ ਨਜਾਇਜ਼ ਮਾਈਨਿੰਗ ਤੋਂ ਭੜਕੇ ਪਿੰਡ ਵਾਸੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਿਲ ਸਨ ਵੱਲੋਂ ਅੱਜ ਪੁਲ ਉੱਪਰ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪੁਲ ਉੱਪਰ ਧਰਨਾ ਲਗਾ ਕੇ ਬੈਠੇ ਪਿੰਡ ਵਾਸੀਆਂ ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਮੀਤ ਸਿੰਘ, ਧੰਨਾ ਸਿੰਘ, ਪਰਮਿੰਦਰ ਕੌਰ, ਅਮਰਜੀਤ ਸਿੰਘ, ਸੁਰਿੰਦਰ ਕੌਰ, ਗੁਰਦੇਵ ਸਿੰਘ, ਸਤਬੀਰ ਕੌਰ, ਅਜਾਇਬ ਸਿੰਘ, ਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਨਿਰਮਲ ਕੌਰ, ਅਵਤਾਰ ਕੌਰ, ਚਰਨਜੀਤ ਕੌਰ, ਹਰਜੀਤ ਕੌਰ, ਕਮਲਜੀਤ ਕੌਰ, ਬਲਵਿੰਦਰ ਕੌਰ, ਮਨਵੀਰ ਕੌਰ, ਨੀਸ਼ਾ, ਬਲਵੰਤ ਸਿੰਘ ਅਤੇ ਗੁਰਮੇਲ ਸਿੰਘ ਆਦਿ ਨੇ ਮੋਕੇ ਤੇ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸੇਵਾਦਾਰ ਸੱਚਖੰਡ ਵਾਸੀ ਸੰਤ ਬਾਬਾ ਲਾਭ ਸਿੰਘ ਜੀ ਵੱਲੋਂ ਬਣਵਾਇਆ ਗਿਆ ਇਹ ਪੁਲ ਬੁਰਜ ਸਮੇਤ ਦਰਜਨਾਂ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪੁਲ ਦੇ ਨਜ਼ਦੀਕ ਕਾਰ ਸੇਵਾ ਵਾਲਿਆਂ ਵੱਲੋਂ ਇੱਕ ਕਰੈਸ਼ਰ ਲਗਾਇਆ ਹੋਇਆ ਹੈ, ਜਿਨਾਂ ਵੱਲੋਂ ਪੁਲ ਦੇ ਥੱਲਿਓਂ ਦਰਿਆ ਵਿੱਚੋਂ ਮਸ਼ੀਨਾਂ ਲਗਾ ਕੇ ਰੇਤਾ ਬਜਰੀ ਕੱਢਿਆ ਜਾਂਦਾ ਹੈ ਜਿਸ ਨੂੰ ਕਾਰ ਸੇਵਾ ਵਾਲੇ ਬਾਬੇ ਕਰਸ਼ ਕਰਕੇ ਜਿਆਦਾਤਰ ਮਟੀਰੀਅਲ ਸ੍ਰੀ ਅਨੰਦਪੁਰ ਸਾਹਿਬ-ਗੜਸ਼ੰਕਰ ਨਵੀਂ ਬਣ ਰਹੀ ਸੜਕ ਲਈ ਵਰਤਦੇ ਹਨ। ਪਿੰਡ ਵਾਸੀਆਂ ਨੇ ਅੱਗੇ ਦੱਸਿਆ ਕਿ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਲਗਾਈਆਂ ਮਸ਼ੀਨਾਂ ਦੀ ਆੜ ਹੇਠ ਪਿੰਡ ਬੁਰਜ ਅਤੇ ਨੇੜਲੇ ਪਿੰਡਾਂ ਦੇ ਕੁਝ ਲੋਕਾਂ ਵੱਲੋਂ ਆਪਣੀਆਂ ਮਸ਼ੀਨਾਂ ਲਗਾ ਕੇ ਪੁਲ ਦੇ ਥੱਲਿਉਂ ਦਰਿਆ ਵਿੱਚੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਇਸ ਪੁਲ ਦੀ ਹੋਂਦ ਨੂੰ ਗੰਭੀਰ ਖਤਰਾ ਬਣਿਆ ਹੋਇਆ ਹੈ। ਧਰਨਾ ਲਗਾ ਕੇ ਬੈਠੀਆਂ ਪਿੰਡ ਦੀਆਂ ਔਰਤਾਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਅੱਜ ਬਹੁਤ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਇਸ ਦਰਿਆ ਵਿੱਚੋਂ ਰੇਤਾ- ਬਜਰੀ ਕੱਢ ਕੇ ਲਿਜਾ ਰਹੀਆਂ ਸਨ ਤਾਂ ਮੌਕੇ ਤੇ ਪਹੁੰਚ ਕੇ ਜਦੋਂ ਅਸੀਂ ਇਹਨਾਂ ਦਾ ਵਿਰੋਧ ਕੀਤਾ ਤਾਂ ਟਰੈਕਟਰ- ਟਰਾਲੀਆਂ ਵਾਲਿਆਂ ਵੱਲੋਂ ਸਾਨੂੰ ਜਿੱਥੇ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਉੱਥੇ ਹੀ ਸਾਡੇ ਉੱਪਰ ਟਰੈਕਟਰ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਪਿੰਡ ਦੇ ਕੁਝ ਲੋਕਾਂ ਨੇ ਦੱਬਵੀਂ ਆਵਾਜ਼ ਵਿੱਚ ਪੱਤਰਕਾਰਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਦਰਿਆ ਦੇ ਨਜ਼ਦੀਕ ਲੱਗੇ ਕਰੈਸ਼ਰ ਵਾਲਿਆਂ ਵੱਲੋਂ ਸੇਵਾ ਦੀ ਆੜ ਹੇਠ ਪ੍ਰਾਈਵੇਟ ਲੋਕਾਂ ਨੂੰ ਵੀ ਰੇਤਾ-ਬਜਰੀ ਵੇਚਿਆ ਜਾ ਰਿਹਾ ਹੈ। ਮੌਕੇ ਤੇ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਦੇ ਚੌਂਕੀ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਜਿਨਾਂ ਨੇ ਅੱਜ ਹੀ ਚੌਂਕੀ ਇੰਚਾਰਜ ਵਜੋਂ ਆਪਣਾ ਅਹੁਦਾ ਸੰਭਾਲਿਆ ਹੈ ਨੇ ਪਿੰਡ ਵਾਸੀਆਂ ਨੂੰ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਕੀਤੀ ਅਪੀਲ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਆਪਣਾ ਧਰਨਾ ਚੁੱਕ ਲਿਆ ਗਿਆ। ਦੱਸਣਯੋਗ ਹੈ ਕਿ ਇਸੇ ਨਜਾਇਜ਼ ਮਾਈਨਿੰਗ ਕਾਰਨ ਤਕਰੀਬਨ ਤਿੰਨ ਕੁ ਸਾਲ ਪਹਿਲਾਂ ਬੁਰੀ ਤਰ੍ਹਾਂ ਨੁਕਸਾਨੇ ਜਾਣ ਕਾਰਨ ਪਿੰਡ ਐਲਗਰਾਂ ਵਾਲਾ ਪੁਲ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ ਜੋ ਕਿ ਅਜੇ ਤੱਕ ਵੀ ਚਾਲੂ ਨਹੀਂ ਹੋ ਸਕਿਆ। ਉਸ ਤੋਂ ਬਾਅਦ ਨੇੜਲੇ ਪਿੰਡ ਚੰਦਪੁਰ ਬੇਲਾ ਦੇ ਨਜਦੀਕ ਬਣਿਆ ਪੁਲ ਵੀ ਪਿਛਲੇ ਦਿਨੀਂ ਇਸੇ ਨਜਾਇਜ਼ ਮਾਈਨਿੰਗ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਹੈ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਇਸ ਪੁੱਲ ਦੇ ਉੱਪਰੋਂ ਵੱਡੀਆਂ ਗੱਡੀਆਂ ਦੇ ਲੰਘਣ ਉੱਪਰ ਪਾਬੰਧੀ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਨਜਾਇਜ਼ ਮਾਈਨਿੰਗ ਕਾਰਨ ਜਿੱਥੇ ਇਲਾਕੇ ਦੇ ਪਿੰਡਾਂ ਨੂੰ ਆਪਸ ਵਿੱਚ ਜੋੜਦੇ ਐਲਗਰਾਂ ਅਤੇ ਚੰਦਪੁਰ ਬੇਲਾ ਵਾਲੇ ਪੁਲ ਨੁਕਸਾਨੇ ਜਾ ਚੁੱਕੇ ਹਨ, ਉੱਥੇ ਹੀ ਬਾਕੀ ਪੁਲਾਂ ਨੂੰ ਵੀ ਇਸ ਨਜਾਇਜ਼ ਮਾਈਨਿੰਗ ਕਾਰਨ ਗੰਭੀਰ ਖਤਰਾ ਬਣਿਆ ਹੋਇਆ ਹੈ। ਐਨ ਜੀ ਟੀ ਵਲੋਂ ਨਜਾਇਜ ਮਾਈਨਿੰਗ ਉਪਰ ਸਖਤੀ ਨਾਲ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਵੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਇਹ ਧੰਦਾ ਸਿਆਸੀ ਸਰਪ੍ਰਸਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨੱਕ ਹੇਠ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਪਹਿਲਾਂ ਤਾਂ ਇਹ ਨਜਾਇਜ਼ ਮਾਈਨਿੰਗ ਰਾਤ ਦੇ ਹਨੇਰੇ ਵਿੱਚ ਹੁੰਦੀ ਸੀ ਪ੍ਰੰਤੂ ਸਿਆਸੀ ਸ਼ਹਿ ਪ੍ਰਾਪਤ ਮਾਈਨਿੰਗ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਇਹ ਨਜਾਇਜ਼ ਮਾਈਨਿੰਗ ਸਤਲੁਜ ਦਰਿਆ ਵਿੱਚ, ਚੰਦਪੁਰ ਵੇਲਾ ਦਰਿਆ ਵਿੱਚ, ਬੁਰਜ ਪਿੰਡ ਦੇ ਨਾਲ ਲੱਗਦੇ ਦਰਿਆ ਵਿੱਚ ਦਿਨ ਦੇ ਸਮੇਂ ਹੁੰਦੀ ਆਮ ਹੀ ਦੇਖੀ ਜਾ ਸਕਦੀ ਹੈ। ਉੱਘੇ ਸਮਾਜ ਸੇਵੀ ਐਡਵੋਕੇਟ ਵਿਸ਼ਾਲ ਸੈਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਗਰ ਪੰਜਾਬ ਸਰਕਾਰ ਵੱਲੋਂ ਇਸ ਨਜਾਇਜ਼ ਮਾਈਨਿੰਗ ਉਪਰ ਰੋਕ ਨਾ ਲਗਾਈ ਗਈ ਤਾਂ ਇਸ ਇਲਾਕੇ ਦੇ ਬਾਕੀ ਬੱਚਦੇ ਪੁਲਾਂ ਅਤੇ ਦਰਜਨਾਂ ਹੀ ਪਿੰਡਾਂ ਦੀ ਹੋਂਦ ਖਤਰੇ ਵਿੱਚ ਪੈ ਜਾਵੇਗੀ।