ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ: ਦੋਲੋਵਾਲ ਟੀ-ਪੁਆਇੰਟ ਕੋਲੋਂ ਨਸ਼ੀਲੇ ਪਦਾਰਥ ਸਣੇ ਨੌਜਵਾਨ ਚੜ੍ਹਿਆ ਪੁਲਿਸ ਅੜਿੱਕੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਦੇਰ ਰਾਤ ਦੋਲੋਵਾਲ ਟੀ-ਪੁਆਇੰਟ ਨੇੜੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ 5.95 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Publish Date: Sat, 04 Jul 2026 12:37 PM (IST)
Updated Date: Sat, 04 Jul 2026 12:39 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਦੇਰ ਰਾਤ ਦੋਲੋਵਾਲ ਟੀ-ਪੁਆਇੰਟ ਨੇੜੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ 5.95 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐੱਚਓ ਕੀਰਤਪੁਰ ਸਾਹਿਬ ਰਾਹੁਲ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਮਨਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਦੇਰ ਰਾਤ ਕਰੀਬ 10 ਵਜੇ ਪੁਲਿਸ ਪਾਰਟੀ ਭਗਵਾਲਾ ਤੋਂ ਨੱਕੀਆਂ ਵੱਲ ਨਹਿਰ ਦੀ ਪਟੜੀ 'ਤੇ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਦੋਲੋਵਾਲ ਟੀ-ਪੁਆਇੰਟ ਨੇੜੇ ਪੁੱਜੀ ਤਾਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ।
ਪੁਲਿਸ ਪਾਰਟੀ ਨੂੰ ਦੇਖਦਿਆਂ ਹੀ ਉਹ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਨੇੜੇ ਦੀਆਂ ਝਾੜੀਆਂ ਵਿੱਚ ਸੁੱਟ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰਕੇ ਮੋਮੀ ਲਿਫਾਫਾ ਚੁਕਵਾਇਆ। ਲਿਫਾਫੇ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ 5.95 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਸ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਉੱਪਰਲਾ ਦੋਲੋਵਾਲ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗੀ।