ਪੰਜਾਬ ਪ੍ਰਧਾਨ ਦੀ ਨੂਰਪੁਰਬੇਦੀ ਫੇਰੀ ਨੇ ਵਰਕਰਾਂ ’ਚ ਭਰਿਆ ਨਵਾਂ ਜੋਸ਼
ਮਹਿਲਾ ਕਾਂਗਰਸ ਦੀ ਪੰਜਾਬ ਪ੍ਰਧਾਨ ਦੀ ਨੂਰਪੁਰਬੇਦੀ ਫੇਰੀ ਨੇ ਵਰਕਰਾਂ ’ਚ ਭਰਿਆ ਨਵਾਂ ਜੋਸ਼
Publish Date: Sat, 13 Jun 2026 04:20 PM (IST)
Updated Date: Sat, 13 Jun 2026 04:21 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਬਲਾਕ ਨੂਰਪੁਰਬੇਦੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਲੰਬੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਸ ਦੌਰਾਨ ਮਹਿਲਾ ਵਰਕਰਾਂ ਦੀ ਵਧਦੀ ਸਰਗਰਮੀ ਦਾ ਨਜ਼ਾਰਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਅਤੇ ਨਗਰ ਨਿਗਮ ਮੋਹਾਲੀ ਦੀ ਕੌਂਸਲਰ ਬਲਜੀਤ ਕੌਰ ਨੇ ਨੂਰਪੁਰਬੇਦੀ ਵਿਖੇ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਦੀ ਆਮਦ ਨੇ ਖੇਤਰ ਦੀਆਂ ਮਹਿਲਾ ਕਾਂਗਰਸੀ ਵਰਕਰਾਂ ਵਿੱਚ ਨਵਾਂ ਉਤਸ਼ਾਹ ਅਤੇ ਜੋਸ਼ ਭਰ ਦਿੱਤਾ। ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਮਹਿਲਾਵਾਂ ਨੇ ਨਾਅਰੇਬਾਜ਼ੀ ਅਤੇ ਗਰਮਜੋਸ਼ੀ ਨਾਲ ਮੈਡਮ ਬਲਜੀਤ ਕੌਰ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇੱਕ ਪਰਿਵਾਰ ਦੀ ਤਰੱਕੀ ਅਤੇ ਪ੍ਰਬੰਧਨ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਉਸੇ ਤਰ੍ਹਾਂ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਵੀ ਔਰਤਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਮਹਿਲਾਵਾਂ ਨੂੰ ਬਣਦਾ ਸਨਮਾਨ ਦਿੱਤਾ ਹੈ ਅਤੇ ਫ਼ੈਸਲਾ ਲੈਣ ਵਾਲੀਆਂ ਯੋਜਨਾਵਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਨੇ ਮਹਿਲਾ ਵਰਕਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਣਗੇ, ਪਰ ਪੰਜਾਬ ਦੀ ਜਨਤਾ ਹੁਣ ਜੁਮਲਿਆਂ ਅਤੇ ਪ੍ਰਚਾਰ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ, ਕਿਸਾਨੀ, ਸਿੱਖਿਆ ਅਤੇ ਸਿਹਤ ਵਰਗੇ ਮੁੱਦਿਆਂ ’ਤੇ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਕਾਰਨ ਲੋਕ ਬਦਲਾਅ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਮਹਿਲਾਵਾਂ ਨੂੰ ਘਰ-ਘਰ ਜਾ ਕੇ ਕਾਂਗਰਸ ਦੀਆਂ ਨੀਤੀਆਂ ਅਤੇ ਲੋਕ ਹਿਤੈਸ਼ੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸੁਮਨ ਸੈਣੀ ਨੇ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਮੀਟਿੰਗ ਨੇ ਮਹਿਲਾ ਵਰਕਰਾਂ ਵਿੱਚ ਨਵੀਂ ਊਰਜਾ ਅਤੇ ਵਿਸ਼ਵਾਸ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਮਹਿਲਾ ਵਰਕਰਾਂ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਹੋਰ ਵੱਧ ਸਰਗਰਮੀ ਨਾਲ ਕੰਮ ਕਰਨਗੀਆਂ। ਉਨ੍ਹਾਂ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੀਤੇ ਸਮੇਂ ਦੌਰਾਨ ਸਥਾਨਕ ਚੋਣਾਂ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਯਤਨ ਕੀਤੇ ਗਏ, ਪਰ ਕਾਂਗਰਸ ਵਰਕਰਾਂ ਨੇ ਹਰ ਮੰਚ ’ਤੇ ਲੋਕਤੰਤਰ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਮਹਿਲਾਵਾਂ ਭਵਿੱਖ ਵਿੱਚ ਵੀ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੀਆਂ ਰਹਿਣਗੀਆਂ। ਇਸ ਮੌਕੇ ਸਰੋਜ ਰਾਣੀ, ਬਲਵਿੰਦਰ ਕੌਰ, ਜਸਪ੍ਰੀਤ ਕੌਰ, ਰਵਿੰਦਰ ਜੱਗੀ, ਹਰਜਿੰਦਰ ਕੌਰ ਸੈਣੀ ਮਾਜਰਾ, ਪਾਲੋ ਦੇਵੀ, ਰਾਮ ਪਿਆਰੀ, ਬਿਮਲਾ ਦੇਵੀ, ਗੁਰਮੀਤ ਕੌਰ, ਰਤਨੀ ਦੇਵੀ, ਸੀਤਾ ਦੇਵੀ, ਵਿਦਿਆ ਦੇਵੀ, ਕਮਲਾ ਦੇਵੀ ਪੰਚ, ਪੂਜਾ, ਮਨਜੀਤ ਕੌਰ, ਕੋਮਲ, ਪੂਨਮ ਰਾਣੀ ਤੋਂ ਇਲਾਵਾ ਕਾਂਗਰਸੀ ਆਗੂ ਮੋਹਨ ਸਿੰਘ ਸਰਥਲੀ, ਸਰਬਜੀਤ ਸਿੰਘ, ਮਹਿੰਦਰ ਸਿੰਘ ਸੈਣੀ ਮਾਜਰਾ, ਵਿਜੈ ਕੁਮਾਰ ਪਿੰਕਾ, ਗੁਰਦੀਪ ਸਿੰਘ ਛੱਜ, ਰਣਜੀਤ ਸਿੰਘ ਮੁਕਾਰੀ ਹਾਜ਼ਰ ਸਨ। ਬਾਕਸ ਇਨ: ਮੀਟਿੰਗ ਦੌਰਾਨ ਚਰਨਜੀਤ ਚੰਨੀ ਨੂੰ ਸੀਐਮ ਦਾ ਚਿਹਰਾ ਬਣਾਉਣ ਦੀ ਉੱਠੀ ਮੰਗ ਮੀਟਿੰਗ ਦੌਰਾਨ ਵੱਖ-ਵੱਖ ਮਹਿਲਾ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਇੱਕਸੁਰਤਾ ਨਾਲ ਮੰਗ ਉਠਾਈ ਕਿ ਕਾਂਗਰਸ ਹਾਈਕਮਾਂਡ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇ। ਮਹਿਲਾ ਆਗੂਆਂ ਨੇ ਕਿਹਾ ਕਿ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਆਮ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਿਆ ਅਤੇ ਪੰਜਾਬ ਦੇ ਹਰ ਵਰਗ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਸਿਆਸੀ ਹਾਲਾਤਾਂ ਵਿੱਚ ਚਰਨਜੀਤ ਸਿੰਘ ਚੰਨੀ ਹੀ ਉਹ ਆਗੂ ਹਨ ਜੋ ਪੰਜਾਬ ਦੀ ਅਗਵਾਈ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕਦੇ ਹਨ। ਇਸ ਮੌਕੇ ਵਰਕਰਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਦੁਹਰਾਈ ਗਈ।