ਦਰਦਨਾਕ ਹਾਦਸਾ: ਨਹਿਰ 'ਚ ਡਿੱਗੀ ਬੱਕਰੀ ਨੂੰ ਬਚਾਉਂਦਿਆਂ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ ਵਿਅਕਤੀ, ਇਲਾਕੇ 'ਚ ਸੋਗ ਦੀ ਲਹਿਰ ਨੇੜਲੇ ਪਿੰਡ ਦੜੋਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਨੰਗਲ ਹਾਈਡਲ ਨਹਿਰ ਵਿੱਚ ਡੁੱਬਣ ਕਾਰਨ ਲਾਪਤਾ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਕਤ ਵਿਅਕਤੀ ਨਹਿਰ ਕਿਨਾਰੇ ਬੱਕਰੀਆਂ ਚਾਰ ਰਿਹਾ ਸੀ ਅਤੇ ਇੱਕ ਬੱਕਰੀ ਨੂੰ ਬਚਾਉਣ ਦੇ ਚੱਕਰ ਵਿੱਚ ਖੁਦ ਨਹਿਰ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ। ਲਾਪਤਾ ਵਿਅਕਤੀ ਦੀ ਪਛਾਣ ਮੇਜਰ ਸਿੰਘ (ਉਮਰ 55 ਸਾਲ) ਵਾਸੀ ਪਿੰਡ ਦੜੋਲੀ ਵਜੋਂ ਹੋਈ ਹੈ।
Publish Date: Sat, 11 Jul 2026 11:53 AM (IST)
Updated Date: Sat, 11 Jul 2026 11:56 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੇੜਲੇ ਪਿੰਡ ਦੜੋਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਨੰਗਲ ਹਾਈਡਲ ਨਹਿਰ ਵਿੱਚ ਡੁੱਬਣ ਕਾਰਨ ਲਾਪਤਾ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਕਤ ਵਿਅਕਤੀ ਨਹਿਰ ਕਿਨਾਰੇ ਬੱਕਰੀਆਂ ਚਾਰ ਰਿਹਾ ਸੀ ਅਤੇ ਇੱਕ ਬੱਕਰੀ ਨੂੰ ਬਚਾਉਣ ਦੇ ਚੱਕਰ ਵਿੱਚ ਖੁਦ ਨਹਿਰ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ। ਲਾਪਤਾ ਵਿਅਕਤੀ ਦੀ ਪਛਾਣ ਮੇਜਰ ਸਿੰਘ (ਉਮਰ 55 ਸਾਲ) ਵਾਸੀ ਪਿੰਡ ਦੜੋਲੀ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਮੇਜਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀਆ ਬੱਕਰੀਆਂ ਚਾਰਨ ਲਈ ਘਰੋਂ ਨਿਕਲਿਆ ਸੀ। ਜਦੋਂ ਉਹ ਪਿੰਡ ਜਾਂਦਲਾ ਦੇ ਕੋਲ ਨਹਿਰ ਦੇ ਕਿਨਾਰੇ ਬੱਕਰੀਆਂ ਚਾਰ ਰਿਹਾ ਸੀ, ਤਾਂ ਅਚਾਨਕ ਉਹਨਾਂ ਵਿੱਚੋਂ ਇੱਕ ਬੱਕਰੀ ਬੇਕਾਬੂ ਹੋ ਕੇ ਨੰਗਲ ਹਾਈਡਲ ਨਹਿਰ ਵਿੱਚ ਡਿੱਗ ਗਈ। ਆਪਣੀ ਬੱਕਰੀ ਨੂੰ ਡੁੱਬਣ ਤੋਂ ਬਚਾਉਣ ਲਈ ਮੇਜਰ ਸਿੰਘ ਨੇ ਨਹਿਰ ਦੇ ਕਿਨਾਰੇ ਉੱਤਰ ਕੇ ਉਸਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਖੁਦ ਵੀ ਨਹਿਰ ਦੇ ਡੂੰਘੇ ਪਾਣੀ ਵਿੱਚ ਜਾ ਡਿੱਗਿਆ। ਦੇਖਦੇ ਹੀ ਦੇਖਦੇ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਅਤੇ ਲਾਪਤਾ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੀ ਜਗ੍ਹਾ ਦੇ ਨੇੜੇ ਇੱਕ ਸੀ.ਸੀ.ਟੀ.ਵੀ. ਕੈਮਰਾ ਲੱਗਿਆ ਹੋਇਆ ਸੀ। ਨਹਿਰ ਵਿੱਚ ਡਿੱਗਣ ਤੋਂ ਕੁਝ ਸਮਾਂ ਪਹਿਲਾਂ ਮੇਜਰ ਸਿੰਘ ਦੀਆਂ ਬੱਕਰੀਆਂ ਚਾਰਦੇ ਹੋਏ ਦੀਆਂ ਤਸਵੀਰਾਂ ਇਸ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋਈਆਂ ਹਨ, ਜੋ ਕਿ ਉਸਦੀਆਂ ਆਖਰੀ ਤਸਵੀਰਾਂ ਸਾਬਤ ਹੋਈਆਂ। ਪਿੰਡ ਵਾਸੀਆਂ ਅਤੇ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੇਜਰ ਸਿੰਘ ਪਹਿਲਾਂ ਲੰਮਾ ਸਮਾਂ ਵਿਦੇਸ਼ ਵਿੱਚ ਰਿਹਾ ਸੀ। ਉਹ ਤਕਰੀਬਨ ਦੋ ਸਾਲ ਪਹਿਲਾਂ ਹੀ ਵਿਦੇਸ਼ ਤੋਂ ਪੱਕੇ ਤੌਰ 'ਤੇ ਆਪਣੇ ਪਿੰਡ ਵਾਪਸ ਪਰਤਿਆ ਸੀ। ਇੱਥੇ ਆ ਕੇ ਉਹ ਆਪਣਾ ਗੁਜ਼ਾਰਾ ਚਲਾਉਣ ਲਈ ਖੇਤੀਬਾੜੀ ਅਤੇ ਬੱਕਰੀ ਪਾਲਣ ਦਾ ਕਾਰੋਬਾਰ ਕਰ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਮੇਜਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਕਾਰਨ ਪਿੰਡ ਦੜੋਲੀ ਅਤੇ ਇਲਾਕੇ ਵਿੱਚ ਗ਼ਮ ਦਾ ਮਾਹੌਲ ਹੈ।