ਅੱਜ ਵਿਸ਼ਵ ਯੋਗਾ ਦਿਵਸ ’ਤੇ ਵਿਸ਼ੇਸ਼, ਤੰਦਰੁਸਤ ਸ਼ਰੀਰ ਤੇ ਸ਼ਾਂਤ ਮਨ ਹੀ ਖੁਸ਼ਹਾਲ ਜੀਵਨ ਦੀ ਨੀਂਹ : ਦੀਕਸ਼ਾ
ਅੱਜ ਵਿਸ਼ਵ ਯੋਗਾ ਦਿਵਸ ’ਤੇ ਵਿਸ਼ੇਸ਼
Publish Date: Sat, 20 Jun 2026 04:32 PM (IST)
Updated Date: Sun, 21 Jun 2026 04:01 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਜਿੱਥੇ ਸੰਸਾਰ ਭਰ ਵਿੱਚ ਯੋਗ ਦੀ ਮਹੱਤਤਾ ਬਾਰੇ ਚਰਚਾ ਹੋ ਰਹੀ ਹੈ, ਉੱਥੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਯੋਗਾ ਟੀਚਰ ਦੀਕਸ਼ਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੇਵਾ ਵਿਸ਼ੇਸ਼ ਤੌਰ ਤੇ ਸ਼ਲਾਘਾਯੋਗ ਹੈ। ਉਹ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਨਿਯਮਿਤ ਤੌਰ ਤੇ ਯੋਗ ਦੀ ਸਿਖਲਾਈ ਦੇ ਕੇ ਲੋਕਾਂ ਨੂੰ ਤੰਦਰੁਸਤ ਜੀਵਨ ਜਿਉਣ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਦੀ ਮਿਹਨਤ ਸਦਕਾ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਲੋਕ ਯੋਗ ਨਾਲ ਜੁੜ ਕੇ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਮਹਿਸੂਸ ਕਰ ਰਹੇ ਹਨ। ਦੀਕਸ਼ਾ ਨੇ ਦੱਸਿਆ ਕਿ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਮਨੁੱਖ ਸ਼ਰੀਰਕ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ ਯੋਗ ਇੱਕ ਅਜਿਹਾ ਸਾਧਨ ਹੈ ਜੋ ਨਾ ਕੇਵਲ ਸਰੀਰ ਨੂੰ ਤੰਦਰੁਸਤ ਰੱਖਦਾ ਹੈ, ਸਗੋਂ ਮਨ ਨੂੰ ਵੀ ਸ਼ਾਂਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਕਿਸੇ ਇੱਕ ਵਰਗ ਲਈ ਨਹੀਂ, ਸਗੋਂ ਹਰ ਉਮਰ ਦੇ ਵਿਅਕਤੀ ਲਈ ਲਾਭਦਾਇਕ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਸ੍ਰੀ ਅਨੰਦਪੁਰ ਸਾਹਿਬ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਜ਼ੁਰਗਾਂ, ਬੀਬੀਆਂ, ਨੌਜਵਾਨ ਮੁੰਡਿਆਂ-ਕੁੜੀਆਂ ਅਤੇ ਬੱਚਿਆਂ ਨੂੰ ਯੋਗ ਦੀ ਸਿੱਖਿਆ ਦੇ ਰਹੀ ਹੈ। ਉਨ੍ਹਾਂ ਦੇ ਕੈਂਪਾਂ ਅਤੇ ਸਿਖਲਾਈ ਸ਼ੈਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਿੱਸਾ ਲੈਂਦੇ ਹਨ। ਕਈ ਲੋਕਾਂ ਨੇ ਯੋਗ ਅਭਿਆਸ ਰਾਹੀਂ ਆਪਣੇ ਸ਼ਰੀਰਕ ਦਰਦ, ਮੋਟਾਪੇ, ਤਣਾਅ ਅਤੇ ਹੋਰ ਸਮੱਸਿਆਵਾਂ ਤੋਂ ਰਾਹਤ ਪ੍ਰਾਪਤ ਕੀਤੀ ਹੈ। ਦੀਕਸ਼ਾ ਅਨੁਸਾਰ ਯੋਗ ਕੇਵਲ ਕਸਰਤ ਨਹੀਂ, ਬਲਕਿ ਜੀਵਨ ਜਿਉਣ ਦੀ ਇੱਕ ਵਿਧੀ ਹੈ। ਨਿਯਮਿਤ ਯੋਗ ਕਰਨ ਨਾਲ ਸ਼ਰੀਰ ਦੀ ਲਚਕਤਾ ਵਧਦੀ ਹੈ, ਖੂਨ ਦਾ ਸੰਚਾਰ ਸੁਚਾਰੂ ਰਹਿੰਦਾ ਹੈ, ਮਨ ਇੱਕਾਗਰ ਹੁੰਦਾ ਹੈ ਅਤੇ ਵਿਅਕਤੀ ਦਾ ਆਤਮ-ਵਿਸ਼ਵਾਸ ਵੀ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਯੋਗ ਨਾਲ ਜੋੜਿਆ ਜਾਵੇ ਤਾਂ ਉਹ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਹੋਰ ਸਮਰੱਥ ਬਣ ਸਕਦੇ ਹਨ। ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਦਰਭ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਘੱਟੋ-ਘੱਟ ਕੁਝ ਸਮਾਂ ਯੋਗ ਲਈ ਜ਼ਰੂਰ ਕੱਢਣ। ਉਨ੍ਹਾਂ ਕਿਹਾ ਕਿ ਦਵਾਈਆਂ ਤੇ ਨਿਰਭਰਤਾ ਘਟਾਉਣ ਅਤੇ ਸਿਹਤਮੰਦ ਜੀਵਨ ਜਿਉਣ ਲਈ ਯੋਗ ਬਹੁਤ ਪ੍ਰਭਾਵਸ਼ਾਲੀ ਮਾਧਿਅਮ ਹੈ। ਸਵੇਰ ਦੇ ਸਮੇਂ ਖੁੱਲ੍ਹੇ ਵਾਤਾਵਰਨ ਵਿੱਚ ਕੀਤੇ ਗਏ ਯੋਗ ਅਭਿਆਸ ਨਾਲ ਸ਼ਰੀਰ ਨੂੰ ਨਵੀਂ ਊਰਜਾ ਮਿਲਦੀ ਹੈ ਅਤੇ ਦਿਨ ਭਰ ਤਾਜ਼ਗੀ ਬਣੀ ਰਹਿੰਦੀ ਹੈ। ਦੀਕਸ਼ਾ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ। ਯੋਗ ਨਾਲ ਜੁੜੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜੀਵਨ ਵਿੱਚ ਆਈ ਸਿਹਤਮੰਦ ਤਬਦੀਲੀ ਦਾ ਵੱਡਾ ਸਿਹਰਾ ਦੀਕਸ਼ਾ ਦੀ ਮਿਹਨਤ ਅਤੇ ਮਾਰਗਦਰਸ਼ਨ ਨੂੰ ਜਾਂਦਾ ਹੈ। ਅੱਜ ਉਹ ਨਾ ਸਿਰਫ਼ ਇੱਕ ਯੋਗਾ ਟੀਚਰ ਵਜੋਂ, ਸਗੋਂ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਕੰਮ ਕਰ ਰਹੀ ਇੱਕ ਪ੍ਰੇਰਣਾਦਾਇਕ ਸ਼ਖ਼ਸੀਅਤ ਵਜੋਂ ਜਾਣੀ ਜਾਂਦੀ ਹੈ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦੀਕਸ਼ਾ ਦਾ ਸੰਦੇਸ਼ ਸਪੱਸ਼ਟ ਹੈ ਕਿ ਤੰਦਰੁਸਤ ਸ਼ਰੀਰ ਅਤੇ ਸ਼ਾਂਤ ਮਨ ਹੀ ਖੁਸ਼ਹਾਲ ਜੀਵਨ ਦੀ ਨੀਂਹ ਹਨ, ਅਤੇ ਯੋਗ ਇਸ ਮੰਜ਼ਿਲ ਤੱਕ ਪਹੁੰਚਣ ਦਾ ਸਭ ਤੋਂ ਸਰਲ ਅਤੇ ਪ੍ਰਭਾਵਸ਼ਾਲੀ ਰਾਹ ਹੈ।