ਨੰਗਲ ’ਚ ਇੱਕ ਹੀ ਰਾਤ ਵਿੱਚ ਕਈ ਮੰਦਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਨੰਗਲ ’ਚ ਇੱਕ ਹੀ ਰਾਤ ਵਿੱਚ ਕਈ ਮੰਦਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Publish Date: Mon, 22 Jun 2026 05:56 PM (IST)
Updated Date: Mon, 22 Jun 2026 05:58 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੰਗਲ ਇਲਾਕੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਘਰਾਂ ਅਤੇ ਆਮ ਥਾਵਾਂ ਤੋਂ ਇਲਾਵਾ ਹੁਣ ਮੰਦਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਲੱਗ ਪਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਕਥੇੜਾ, ਸ੍ਰੀ ਗੁਰੂ ਰਵਿਦਾਸ ਮੰਦਰ ਮੈਦਾ ਮਾਜਰਾ ਅਤੇ ਦੋ ਹੋਰ ਮੰਦਰਾਂ ਨੂੰ ਨਿਸ਼ਾਨਾ ਬਣਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਥੇੜਾ ਦੇ ਰਾਜਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਕਥੇੜਾ ਦੇ ਗੱਲੇ ਨੂੰ ਤੋੜਨ ਦੀਆਂ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਰਾਡ ਦੀ ਮਦਦ ਨਾਲ ਇੱਕ ਪਾਸੇ ਦਾ ਤਾਲਾ ਤੋੜ ਦਿੱਤਾ, ਪਰ ਗੱਲਾ ਜ਼ਮੀਨ ਨਾਲ ਮਜ਼ਬੂਤੀ ਨਾਲ ਜੁੜਿਆ ਹੋਣ ਕਾਰਨ ਉਹ ਇਸ ਨੂੰ ਤੋੜਣ ਵਿੱਚ ਕਾਮਯਾਬ ਨਾ ਹੋ ਸਕੇ ਅਤੇ ਚੋਰੀ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨੇੜਲੇ ਮੈਦਾ ਮਾਜਰਾ ਦੇ ਸ੍ਰੀ ਗੁਰੂ ਰਵਿਦਾਸ ਮੰਦਰ ਵਿੱਚ ਚੋਰ ਦਰਵਾਜ਼ੇ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਮੰਦਰ ਵਿੱਚ ਪਏ ਗੱਲੇ ਨੂੰ ਆਪਣਾ ਨਿਸ਼ਾਨਾ ਬਣਾਇਆ ਗੱਲੇ ਨੂੰ ਤੋੜ ਕੇ ਉਸ ਵਿੱਚੋਂ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਤੋਂ ਇਲਾਵਾ ਚੋਰਾਂ ਨੇ ਸ਼ਿਵ ਮੰਦਰ ਮੈਦਾ ਮਾਜਰਾ ਨੂੰ ਵੀ ਨਿਸ਼ਾਨਾ ਬਣਾਇਆ, ਪਰ ਮੰਦਰ ਦੇ ਪੁਜਾਰੀ ਨੇ ਚੋਰਾਂ ਦੀਆਂ ਆਵਾਜ਼ਾਂ ਸੁਣ ਕੇ ਰੌਲਾ ਪਾ ਦਿੱਤਾ, ਜਿਸ ਕਾਰਨ ਚੋਰ ਉੱਥੋਂ ਭੱਜ ਗਏ। ਰਾਜਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਨੰਗਲ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਨੰਗਲ ਪੁਲਿਸ ਦੇ ਏਐਸਆਈ ਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਕਥੇੜਾ ਅਤੇ ਸ੍ਰੀ ਗੁਰੂ ਰਵਿਦਾਸ ਮੰਦਰ ਮੈਦਾ ਮਾਜਰਾ ਵਿੱਚ ਚੋਰੀ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਕਥੇੜਾ ਦੇ ਮੰਦਰ ਦੇ ਦਰਵਾਜ਼ੇ ਟੁੱਟੇ ਹੋਏ ਸਨ ਅਤੇ ਗੱਲੇ ਦੇ ਇੱਕ ਪਾਸੇ ਦਾ ਤਾਲਾ ਵੀ ਟੁੱਟਿਆ ਹੋਇਆ ਸੀ, ਪਰ ਚੋਰ ਗੱਲਾ ਚੋਰੀ ਕਰਨ ਵਿੱਚ ਅਸਫਲ ਰਹੇ। ਉਨ੍ਹਾਂ ਦੱਸਿਆ ਕਿ ਮੈਦਾ ਮਾਜਰਾ ਦੇ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਗੱਲੇ ਨੂੰ ਤੋੜਿਆ ਗਿਆ ਹੈ। ਮੰਦਰ ਪ੍ਰਬੰਧਕਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਗੱਲੇ ਵਿੱਚੋਂ ਪੈਸੇ ਕੱਢ ਚੁੱਕੇ ਸਨ ਅਤੇ ਉਸ ਵਿੱਚ ਕੇਵਲ ਕੁਝ ਦਿਨਾਂ ਦਾ ਚੜ੍ਹਾਵਾ ਹੀ ਮੌਜੂਦ ਸੀ। ਇਸ ਸਬੰਧੀ ਥਾਣਾ ਨੰਗਲ ਦੇ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੰਦਰ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਮੰਦਰ ਵਿੱਚ ਚੋਰਾਂ ਨੇ ਸੀਸੀਟੀਵੀ ਕੈਮਰਾ ਵੀ ਤੋੜ ਦਿੱਤਾ ਹੈ। ਪੁਲਿਸ ਹੋਰ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ ਅਤੇ ਪੁਲਿਸ ਵਲੋਂ ਕੁਝ ਸ਼ੱਕੀ ਵਿਕਅਤੀਆਂ ਤੋਂ ਪੁਛਗਿਛ ਵੀ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਛੇਤੀ ਹੀ ਚੋਰੀਆ ਰਿਕਵਰ ਕਰ ਲਈਆਂ ਜਾਣਗੀਆਂ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵੱਲ ਵਧੇਰੇ ਧਿਆਨ ਦੇਣ ਅਤੇ ਨਾਲ ਹੀ ਪੁਲਿਸ ਵੱਲੋਂ ਇਲਾਕੇ ਵਿੱਚ ਨਿਗਰਾਨੀ ਅਤੇ ਗਸ਼ਤ ਵੀ ਵਧਾਈ ਜਾਵੇਗੀ।