- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰਰਾਸ਼ਟਰੀ ਚੁਟਕਲਾ ਦਿਵਸ ’ਤੇ ਵਿਸ਼ੇਸ਼

ਚੁਟਕਲੇ ਸੁਣਾਉਣਾ ਨਹੀਂ, ਸਗੋਂ ਮਨੁੱਖੀ ਜੀਵਨ ’ਚ ਹਾਸੇ ਦੀ ਮਹੱਤਤਾ ਨੂੰ ਸਮਝਣਾ ਵੀ ਹੈ
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਅੰਤਰਰਾਸ਼ਟਰੀ ਚੁਟਕਲਾ ਦਿਵਸ ਹਰ ਸਾਲ 1 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਸਿਰਫ਼ ਚੁਟਕਲੇ ਸੁਣਾਉਣਾ ਨਹੀਂ, ਸਗੋਂ ਮਨੁੱਖੀ ਜੀਵਨ ਵਿੱਚ ਹਾਸੇ ਦੀ ਮਹੱਤਤਾ ਨੂੰ ਸਮਝਣਾ ਵੀ ਹੈ। ਅੱਜ ਦੀ ਭੱਜਦੌੜ ਭਰੀ ਜ਼ਿੰਦਗੀ, ਵਧਦਾ ਕੰਮ ਦਾ ਬੋਝ ਅਤੇ ਮੋਬਾਈਲ ਦੀ ਬੇਹਿਸਾਬ ਵਰਤੋਂ ਨੇ ਮਨੁੱਖ ਦੇ ਚਿਹਰੇ ਤੋਂ ਕੁਦਰਤੀ ਮੁਸਕਾਨ ਹੌਲੀ-ਹੌਲੀ ਖੋਹ ਲਈ ਹੈ। ਇਕ ਸਮਾਂ ਸੀ, ਜਦੋਂ ਪਰਿਵਾਰ ਅਤੇ ਦੋਸਤ ਇਕੱਠੇ ਬੈਠ ਕੇ ਧੁਰ ਅੰਦਰੋਂ ਉੱਠਦੇ ਹਾਸੇ ਨਾਲ ਖਿੜਖਿੜਾ ਕੇ ਹੱਸਦੇ ਸਨ। ਅੱਜ ਉਸ ਦੀ ਥਾਂ ਬਨਾਵਟੀ ਹਾਸੇ ਤੇ ਕੁਝ ਪਲਾਂ ਦੇ ਮਨੋਰੰਜਨ ਨੇ ਲੈ ਲਈ ਹੈ। ਇਸ ਕਾਰਨ ਨਾ ਸਿਰਫ਼ ਚੁਟਕਲਿਆਂ ਦਾ ਮਿਆਰ ਡਿੱਗਿਆ ਹੈ, ਸਗੋਂ ਮਨੁੱਖੀ ਰਿਸ਼ਤਿਆਂ ਦੀ ਨਿੱਘ ਤੇ ਆਪਣੇਪਣ ’ਚ ਵੀ ਕਮੀ ਆਈ ਹੈ।
ਖੁੱਲ੍ਹ ਕੇ ਹੱਸਣਾ ਸਰੀਰ ਲਈ ਕੁਦਰਤੀ ਕਸਰਤ
ਜਿਮ ਕੋਚ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਖੁੱਲ੍ਹ ਕੇ ਹੱਸਣਾ ਸ਼ਰੀਰ ਲਈ ਇੱਕ ਕੁਦਰਤੀ ਕਸਰਤ ਹੈ। ਜਦੋਂ ਮਨੁੱਖ ਦਿਲੋਂ ਹੱਸਦਾ ਹੈ ਤਾਂ ਸ਼ਰੀਰ ਦੀਆਂ ਕਈ ਮਾਸਪੇਸ਼ੀਆਂ ਸਰਗਰਮ ਹੁੰਦੀਆਂ ਹਨ, ਸਾਹ ਲੈਣ ਦੀ ਪ੍ਰਕਿਰਿਆ ’ਚ ਸੁਧਾਰ ਆਉਂਦਾ ਹੈ ਅਤੇ ਮਨ ਨੂੰ ਤਾਜ਼ਗੀ ਮਿਲਦੀ ਹੈ। ਉਨ੍ਹਾਂ ਅਨੁਸਾਰ ਜਿਵੇਂ ਨਿਯਮਤ ਕਸਰਤ ਅਤੇ ਸੰਤੁਲਿਤ ਖੁਰਾਕ ਸ਼ਰੀਰ ਨੂੰ ਤੰਦਰੁਸਤ ਰੱਖਦੀ ਹੈ, ਉਸੇ ਤਰ੍ਹਾਂ ਦਿਲੋਂ ਹੱਸਣਾ ਮਨ ਨੂੰ ਸਿਹਤਮੰਦ ਬਣਾਈ ਰੱਖਦਾ ਹੈ। ਉਹ ਕਹਿੰਦੇ ਹਨ ਕਿ ਰੋਜ਼ਾਨਾ ਕੁਝ ਸਮਾਂ ਹੱਸਣ ਨਾਲ ਤਣਾਅ ਘਟਦਾ ਹੈ ਅਤੇ ਜੀਵਨ ਪ੍ਰਤੀ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ।
ਅੱਜ ਦੇ ਸਮੇਂ ’ਚ ਚੁਟਕਲਿਆਂ ਦਾ ਮਿਆਰ ਚਿੰਤਾ ਦਾ ਬਣ ਰਿਹਾ ਵਿਸ਼ਾ
ਰਾਜਨੀਤਕ ਆਗੂ ਦੀਪਕ ਸੋਨੀ ਦਾ ਮੰਨਣਾ ਹੈ ਕਿ ਅੱਜ ਦੇ ਸਮੇਂ ਵਿੱਚ ਚੁਟਕਲਿਆਂ ਦਾ ਮਿਆਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪਹਿਲਾਂ ਚੁਟਕਲੇ ਪਰਿਵਾਰ ਸਮੇਤ ਸੁਣੇ ਜਾਂਦੇ ਸਨ, ਜਿਨ੍ਹਾਂ ਵਿੱਚ ਸਾਫ਼-ਸੁਥਰਾ ਹਾਸਾ ਅਤੇ ਜੀਵਨ ਲਈ ਕੋਈ ਨਾ ਕੋਈ ਸਿੱਖਿਆ ਹੁੰਦੀ ਸੀ। ਅੱਜ ਕਈ ਵਾਰ ਹਾਸੇ ਦੇ ਨਾਂ 'ਤੇ ਅਜਿਹੀ ਸਮੱਗਰੀ ਪੇਸ਼ ਕੀਤੀ ਜਾਂਦੀ ਹੈ, ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਾਸਾ ਅਜਿਹਾ ਹੋਣਾ ਚਾਹੀਦਾ ਹੈ ਜੋ ਸਮਾਜ ਨੂੰ ਜੋੜੇ, ਨਾ ਕਿ ਕਿਸੇ ਦਾ ਮਜ਼ਾਕ ਉਡਾ ਕੇ ਖੁਸ਼ੀ ਪ੍ਰਾਪਤ ਕਰੇ। ਸਿਹਤਮੰਦ ਹਾਸਾ ਹੀ ਸਮਾਜ ਵਿੱਚ ਸਕਾਰਾਤਮਕ ਮਾਹੌਲ ਪੈਦਾ ਕਰ ਸਕਦਾ ਹੈ।
ਬਨਾਵਟੀ ਮੁਸਕਾਨ ਕੁਝ ਪਲਾਂ ਲਈ ਛੱਡਦੀ ਪ੍ਰਭਾਵ
ਜਸਵਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕਾਰੋਬਾਰੀ ਜੀਵਨ ਵਿੱਚ ਹਰ ਰੋਜ਼ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਜੇਕਰ ਪਰਿਵਾਰ ਅਤੇ ਦੋਸਤਾਂ ਨਾਲ ਕੁਝ ਪਲ ਹੱਸ-ਖੇਡ ਕੇ ਬਿਤਾਏ ਜਾਣ ਤਾਂ ਮਨ ਦਾ ਬੋਝ ਕਾਫ਼ੀ ਹੱਦ ਤੱਕ ਹਲਕਾ ਹੋ ਜਾਂਦਾ ਹੈ। ਉਹ ਕਹਿੰਦੇ ਹਨ ਕਿ ਬਨਾਵਟੀ ਮੁਸਕਾਨ ਕੁਝ ਪਲਾਂ ਲਈ ਪ੍ਰਭਾਵ ਛੱਡ ਸਕਦੀ ਹੈ, ਪਰ ਧੁਰ ਅੰਦਰੋਂ ਨਿਕਲਿਆ ਹਾਸਾ ਰਿਸ਼ਤਿਆਂ ਵਿੱਚ ਆਪਣੇਪਣ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਕੰਮ ਕਰਨ ਲਈ ਨਵੀਂ ਊਰਜਾ ਪ੍ਰਦਾਨ ਕਰਦਾ ਹੈ। ਉਹ ਪਰਿਵਾਰਾਂ ਨੂੰ ਹਰ ਰੋਜ਼ ਕੁਝ ਸਮਾਂ ਇਕੱਠੇ ਬੈਠ ਕੇ ਹਾਸੇ-ਮਜ਼ਾਕ ਅਤੇ ਆਪਸੀ ਗੱਲਬਾਤ ਲਈ ਜ਼ਰੂਰ ਕੱਢਣ ਦੀ ਸਲਾਹ ਦਿੰਦੇ ਹਨ।
ਦਿਲੋਂ ਨਿਕਲਿਆ ਹਾਸਾ ਮਨ ਨੂੰ ਦਿੰਦੈ ਤਾਜ਼ਗੀ
ਥਾਣਾ ਮੁਖੀ ਜਤਿਨ ਕਪੂਰ ਦਾ ਕਹਿਣਾ ਹੈ ਕਿ ਪੁਲਿਸ ਦੀ ਨੌਕਰੀ ਵਿੱਚ 24 ਘੰਟੇ ਚੌਕਸ ਰਹਿਣਾ ਪੈਂਦਾ ਹੈ। ਕਾਨੂੰਨ-ਵਿਵਸਥਾ ਬਣਾਈ ਰੱਖਣ, ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਕਰਮਚਾਰੀਆਂ ਨੂੰ ਅਕਸਰ ਤਣਾਅ ਭਰੇ ਮਾਹੌਲ ਵਿੱਚ ਲਗਾਤਾਰ ਡਿਊਟੀ ਨਿਭਾਉਣੀ ਪੈਂਦੀ ਹੈ। ਅਜਿਹੇ ਹਾਲਾਤਾਂ ਵਿੱਚ ਵੀ ਜੇਕਰ ਕੁਝ ਪਲ ਸਾਥੀ ਕਰਮਚਾਰੀਆਂ ਨਾਲ ਹੱਸਣ-ਖੇਡਣ ਤੇ ਹਲਕੀਆਂ-ਫੁਲਕੀਆਂ ਗੱਲਾਂ ਲਈ ਕੱਢੇ ਜਾਣ ਤਾਂ ਮਾਨਸਿਕ ਤਣਾਅ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਉਹ ਕਹਿੰਦੇ ਹਨ ਕਿ ਦਿਲੋਂ ਨਿਕਲਿਆ ਹਾਸਾ ਮਨ ਨੂੰ ਤਾਜ਼ਗੀ ਦਿੰਦਾ ਹੈ, ਕੰਮ ਕਰਨ ਦੀ ਨਵੀਂ ਊਰਜਾ ਪੈਦਾ ਕਰਦਾ ਹੈ ਅਤੇ ਔਖੇ ਤੋਂ ਔਖੇ ਫ਼ਰਜ਼ ਵੀ ਵਧੇਰੇ ਸੰਜਮ ਅਤੇ ਉਤਸ਼ਾਹ ਨਾਲ ਨਿਭਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਅਨੁਸਾਰ ਹਾਸਾ ਸਿਰਫ਼ ਮਨੋਰੰਜਨ ਨਹੀਂ, ਸਗੋਂ ਤਣਾਅ ਭਰੀ ਜ਼ਿੰਦਗੀ ’ਚ ਮਾਨਸਿਕ ਸੰਤੁਲਨ ਬਣਾਈ ਰੱਖਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਵੀ ਹੈ।
,,,ਡੱਬੀ ਦੇ ਲਈ,,
ਅੱਜ ਸਾਨੂੰ ਬਨਾਵਟੀ ਹਾਸੇ ਦੀ ਨਹੀਂ, ਸਗੋਂ ਧੁਰ ਅੰਦਰੋਂ ਨਿਕਲਣ ਵਾਲੀ ਖਿੜਖਿੜਾਹਟ ਦੀ ਲੋੜ ਹੈ। ਅੰਤਰਰਾਸ਼ਟਰੀ ਚੁਟਕਲਾ ਦਿਵਸ ਸਾਨੂੰ ਯਾਦ ਕਰਵਾਉਂਦਾ ਹੈ ਕਿ ਹੱਸਣਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਿਹਤਮੰਦ ਸ਼ਰੀਰ, ਸ਼ਾਂਤ ਮਨ ਤੇ ਮਜ਼ਬੂਤ ਸਮਾਜਿਕ ਰਿਸ਼ਤਿਆਂ ਦੀ ਨੀਂਹ ਵੀ ਹੈ। ਜੇਕਰ ਅਸੀਂ ਆਪਣੇ ਵਿਅਸਤ ਜੀਵਨ ਵਿੱਚੋਂ ਕੁਝ ਪਲ ਖੁੱਲ੍ਹ ਕੇ ਹੱਸਣ, ਪਰਿਵਾਰ ਅਤੇ ਦੋਸਤਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਤੇ ਸਾਫ਼-ਸੁਥਰੇ ਹਾਸੇ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਕੱਢੀਏ ਤਾਂ ਚਿੰਤਾਵਾਂ ਦਾ ਬੋਝ ਹਲਕਾ ਹੋਵੇਗਾ, ਰਿਸ਼ਤੇ ਹੋਰ ਮਜ਼ਬੂਤ ਹੋਣਗੇ ਅਤੇ ਜੀਵਨ ਵਿੱਚ ਨਵੀਂ ਉਮੀਦ, ਉਤਸ਼ਾਹ ਅਤੇ ਖੁਸ਼ਹਾਲੀ ਦਾ ਸੰਚਾਰ ਹੋਵੇਗਾ।