- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕੀਰਤਪੁਰ ਸਾਹਿਬ ਨਜਾਇਜ਼ ਕਬਜ਼ਿਆਂ ਦੀ ਭਰਮਾਰ

ਨਗਰ ਪੰਚਾਇਤ ਦੇ ਨੋਟਿਸਾਂ ਤੋਂ ਬਾਅਦ ਵੀ ਵਾਰਡ ਨੰਬਰ ਛੇ ’ਚ ਬੀਤੀ ਰਾਤ ਪਾਏ ਲੈਂਟਰ, ਪ੍ਰਸ਼ਾਸਨ ਬੇਬੱਸ
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਧਾਰਮਿਕ ਨਗਰੀ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਇਨੀਂ ਦਿਨੀ ਨਜਾਇਜ਼ ਕਬਜ਼ੇ ਧੜੱਲੇ ਨਾਲ ਹੋ ਰਹੇ ਹਨ, ਜਿੱਥੇ ਪ੍ਰਸ਼ਾਸਨ ਤੇ ਨਗਰ ਪੰਚਾਇਤ ਬੇਬਸ ਨਜ਼ਰ ਆ ਰਿਹਾ ਹੈ। ਸ਼ਹਿਰ ਵਾਸੀਆਂ ’ਚ ਆਮ ਚਰਚਾ ਹੈ ਕਿ ਇਹ ਕਿਸ ਦੀ ਸ਼ਹਿ ’ਤੇ ਨਾਜਾਇਜ਼ ਕਬਜ਼ੇ ਹੋ ਰਹੇ ਹਨ। ਗੱਲ ਜੇਕਰ ਵਾਰਡ ਨੰਬਰ ਛੇ ਬੰਗਲਾ ਬਸਤੀ ਦੀ ਕਰੀਏ ਤਾਂ ਨਗਰ ਪੰਚਾਇਤ ਵਲੋਂ ਕੁਝ ਦਿਨ ਪਹਿਲਾਂ ਸਰਕਾਰੀ ਜਮੀਨ ਉਪਰ ਲੈਂਟਰਾਂ ਨੂੰ ਰੋਕਿਆ ਗਿਆ ਸੀ ਜਦੋਂ ਨਗਰ ਪੰਚਾਇਤ ਦੇ ਅਧਿਕਾਰੀ ਇਹਨਾਂ ਬਸਤੀ ਵਾਲਿਆਂ ਨੂੰ ਰੋਕਣ ਲਈ ਗਏ ਤਾਂ ਪੂਰੀ ਬਸਤੀ ਦੇ ਲੋਕ ਇਕੱਠੇ ਹੋ ਕੇ ਨਗਰ ਪੰਚਾਇਤ ਦੇ ਅਧਿਕਾਰੀਆਂ ਉੱਤੇ ਪੈ ਗਏ ਅਤੇ ਬਹਿਸ ਕਰਨ ਲੱਗੇ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਤੁਰੰਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆਅਤੇ ਪੁਲਿਸ ਦੀ ਸਹਾਇਤਾ ਨਾਲ ਪੈ ਰਹੇ ਲੈਂਟਰਾਂ ਨੂੰ ਰੋਕਿਆ ਗਿਆ। ਪੁਲਿਸ ਦੀ ਮੌਜੂਦਗੀ ਵਿੱਚ ਸਥਾਨਕ ਬਸਤੀ ਵਾਲਿਆਂ ਨੂੰ ਕਾਨੂੰਨੀ ਨੋਟਿਸ ਦਿੱਤੇ ਗਏ ਅਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਲੈਂਟਰ ਪਾਉਣ ਵਾਲਿਆਂ ਤੋਂ ਲਿਖਤ ਰੂਪ ਵਿੱਚ ਕੰਮ ਰੋਕਣ ਸਬੰਧੀ ਲਿਆ ਗਿਆ ਪਰ ਬੀਤੀ ਰਾਤ 2 ਵਜੇ ਫਿਰ ਸਥਾਨਕ ਲੋਕਾਂ ਵੱਲੋਂ ਪਿਛਲੇ ਦਿਨੀ ਰੋਕੇ ਗਏ ਲੈਂਟਰ ਪਾਏ ਗਏ।
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਈਆਂ ਸਨ, ਇਸ ਦੇ ਨਾਲ ਹੀ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀ ਵੀ ਚੋਣ ਹੋਈ ਜਿਸ ਵਿੱਚ 11 ਵਾਰਡਾਂ ਵਿੱਚ ਨਵੇਂ ਉਮੀਦਵਾਰ ਜੇਤੂ ਰਹੇ ਸਨ ਇਸੇ ਤਰ੍ਹਾਂ ਵਾਰਡ ਨੰਬਰ ਛੇ ਵਿੱਚ ਵੀ ਚੋਣ ਦੌਰਾਨ ਸਥਾਨਕ ਬੰਗਾਲਾ ਐਸੀ ਸੀਟ ਤੋਂ ਇੱਕ ਉਮੀਦਵਾਰ ਜੇਤੂ ਰਹੀ ਸੀ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਐੱਮਸੀਜ਼ ਨੂੰ ਅਜੇ ਤੱਕ ਸਹੁੰ ਵੀ ਨਹੀਂ ਚਕਾਈ ਤੇ ਨਾ ਹੀ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਹੋਈ ਹੈ ਪਰ ਨਾਜਾਇਜ਼ ਕਬਜ਼ੇ ਧੜਾ ਧੜ ਹੋ ਰਹੇ ਹਨ। ਆਖਿਰ ਇਨ੍ਹਾਂ ਨਜਾਇਜ਼ ਕਬਜ਼ਿਆਂ ਪਿੱਛੇ ਕੌਣ ਹੈ ਇਹ ਚਰਚਾ ਦਾ ਵਿਸ਼ਾ ਹੈ। ਸਾਬਕਾ ਪੰਚਾਇਤ ਮੈਂਬਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗਫੂਰ ਮੁਹੰਮਦ ਨੇ ਦੱਸਿਆ ਕਿ ਇਹ ਜਗ੍ਹਾ ਪੰਚਾਇਤ ਦੀ ਸੀ ਸੰਨ 1992 ਵਿੱਚ ਪੰਚਾਇਤ ਵੱਲੋਂ ਇਸ ਜਗ੍ਹਾ ਦਾ ਕੁਝ ਹਿੱਸਾ ਪੰਜਾਬ ਮੰਡੀਕਰਨ ਬੋਰਡ ਨੂੰ ਦਿੱਤਾ ਗਿਆ ਸੀ ਜਿਸ ਵਿੱਚ ਪਹਿਲਾਂ ਫੋਕਲ ਪੁਆਇੰਟ ਬਣਾਏ ਗਏ ਅਤੇ ਨਾਲ ਦਾਣਾ ਮੰਡੀ ਬਣਾਈ ਗਈ ਸੀ।
ਇਸ ਦੇ ਨਾਲ ਹੀ ਪਸ਼ੂ ਹਸਪਤਾਲ ਵੀ ਬਣਾਇਆ ਗਿਆ ਸੀ ਜੇਕਰ ਹੁਣ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਦੇਖਿਆ ਜਾਵੇ ਤਾਂ ਮਾਲਕੀ ਹਿੱਸੇ ਵਿੱਚ ਨਗਰ ਪੰਚਾਇਤ ਕੀਰਤਪੁਰ ਸਾਹਿਬ ਹੈ ਜਦੋਂ ਕਿ ਕਾਸ਼ਤਕਾਰ ਖਾਨੇ ਵਿੱਚ ਪੰਜਾਬ ਮੰਡੀ ਬੋਰਡ। ਖਾਲੀ ਪਏ ਕੁਝ ਹਿੱਸੇ ਵਿੱਚ ਪ੍ਰਵਾਸੀ ਝੁੰਗੀਆਂ ਬਣਾ ਕੇ ਰਹਿਣ ਲੱਗ ਪਏ ਸਨ ਹੌਲੀ ਹੌਲੀ ਇਹਨਾਂ ਪ੍ਰਵਾਸੀਆਂ ਦੀ ਤਾਦਾਦ ਵਿੱਚ ਵਾਧਾ ਹੁੰਦਾ ਗਿਆ ਅਤੇ ਕੁਝ ਸਮਾਂ ਬੀਤਣ ਤੋਂ ਬਾਅਦ ਇੱਥੇ ਇੱਕ ਬਸਤੀ ਬਸ ਗਈ। ਦੱਸਣ ਯੋਗ ਹੈ ਕੀ ਨਗਰ ਪੰਚਾਇਤ ਵਲੋਂ ਇਸ ਬਸਤੀ ਵਿੱਚ ਸਟਰੀਟ ਲਾਈਟਾਂ ਪੱਕੀਆਂ ਗਲੀਆਂ ਬਣਾਈਆਂ ਗਈਆਂ ਇਸੇ ਤਰ੍ਹਾਂ ਹੀ ਇਥੇ ਪਾਣੀ ਦੇ ਕੁਨੈਕਸ਼ਨ ਅਤੇ ਬਿਜਲੀ ਦੇ ਕਨੈਕਸ਼ਨ ਵੀ ਦਿੱਤੇ ਗਏ ਹੈਰਾਨੀ ਦੀ ਗੱਲ ਹੈ ਕੀ ਬਿਨਾਂ ਮਾਲਕੀ ਤੋਂ ਇਹਨਾਂ ਨੂੰ ਬਿਜਲੀ ਦੇ ਅਤੇ ਪਾਣੀ ਦੇ ਪੱਕੇ ਕੁਨੈਕਸ਼ਨ ਕਿਵੇਂ ਮਿਲੇ।
ਸ਼ਹਿਰ ਵਿੱਚ ਇਹ ਆਮ ਚਰਚਾ ਚੱਲ ਰਹੀ ਹੈ ਕਿ ਕੁਝ ਸ਼ਹਿਰ ਦੇ ਮੁਹਤਬਰ ਬੰਦਿਆਂ ਵੱਲੋਂ ਵੋਟਾਂ ਦੇ ਲਾਲਚ ਵਿੱਚ ਇਹਨਾਂ ਦੇ ਪੱਕੇ ਆਧਾਰ ਕਾਰਡ ਵੋਟਰ ਕਾਰਡ ਬਣਾ ਕੇ ਦਿੱਤੇ ਗਏ ਤਾਂ ਕਿ ਜਿੱਤਣ ਸਮੇਂ ਵੋਟਾਂ ਦਾ ਲਾਹਾ ਲਿਆ ਜਾ ਸਕੇ। ਸਮਾਂ ਬੀਤਣ ਦੇ ਨਾਲ ਇਸ ਬਸਤੀ ਵਿੱਚ ਹਰ ਸਹੂਲਤ ਦਾ ਖਿਆਲ ਰੱਖਿਆ ਜਾਂਦਾ ਸੀ, ਰਾਸ਼ਨ ਕਾਰਡ ਬਣਾਏ ਗਏ ਤਾਂ ਜੋ ਇਹਨਾਂ ਨੂੰ ਸਰਕਾਰੀ ਅਨਾਜ ਦੀ ਸਹੂਲਤ ਮਿਲ ਸਕੇ। ਬਿਜਲੀ ਮੀਟਰ ਲੱਗਣ ਤੋਂ ਪਹਿਲਾਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇੱਥੇ ਸਿੱਧੀਆਂ ਕੁੰਡੀਆਂ ਲਗਾਈਆਂ ਜਾਂਦੀਆਂ ਸਨ ਪਰ ਹੁਣ ਮਹਿਕਮੇ ਵੱਲੋਂ ਇਹਨਾਂ ਨੂੰ ਪੱਕੇ ਮੀਟਰ ਲਗਾ ਕੇ ਦਿੱਤੇ ਗਏ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜਦੋਂ ਲੈਂਟਰ ਪਾਏ ਜਾ ਰਹੇ ਸਨ ਉਦੋਂ ਨਗਰ ਪੰਚਾਇਤ ਦੇ ਕੁਝ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਸਹਾਇਤਾ ਨਾ ਮਿਲਣ ਕਰਕੇ ਉਹ ਬੇਬੱਸ ਨਜ਼ਰ ਆਏ।
ਇਸ ਸਬੰਧੀ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਮਾਮਲੇ ਤੇ ਅਣਜਾਣਤਾ ਪ੍ਰਗਟ ਕੀਤੀ ਜਦੋਂ ਉਹਨਾਂ ਨੂੰ ਬਿਨਾਂ ਨਕਸ਼ਾ ਪਾਸ ਕਰਾਏ ਬਣ ਰਹੇ ਪੱਕੇ ਮਕਾਨਾਂ ਬਾਰੇ ਪੁੱਛਿਆ ਤਾਂ ਉਹਨਾਂ ਮੰਨਿਆ ਕੀ ਇਹ ਨਜਾਇਜ਼ ਉਸਾਰੀਆਂ ਬਿਨਾਂ ਨਕਸ਼ਾ ਪਾਸ ਕਰਾਏ ਕੀਤੀਆਂ ਜਾ ਰਹੀਆਂ ਹਨ ਤੇ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਪਰੋਤਕ ਜਗਹਾ ਦੀ ਨਿਸ਼ਾਨਦੇਹੀ ਬਾਰੇ ਵਿਭਾਗ ਨੂੰ ਲਿਖਿਆ ਗਿਆ ਹੈ ਨਿਸ਼ਾਨ ਦੇਹੀ ਤੋਂ ਮਾਲਕੀ ਦਾ ਪਤਾ ਲੱਗੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿਕਰ ਸਿੰਘ ਡਾਢੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨਾਜਾਇਜ਼ ਕਬਜ਼ੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਵਾਰਡ ਨੰਬਰ ਛੇ ਵਿੱਚ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਸਬੰਧੀ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਵਾਈ ਜਾਵੇਗੀ ਅਤੇ ਜੋ ਕਬਜੇ ਕਰ ਰਹੇ ਹਨ ਅਤੇ ਜੋ ਇਹਨਾਂ ਦੇ ਪਿੱਛੇ ਸ਼ੈਹ ਦੇ ਕੇ ਕਬਜ਼ੇ ਕਰਵਾ ਰਹੇ ਹਨ ਸਭ ਸ਼ਹਿਰ ਵਾਸੀਆਂ ਸਾਹਮਣੇ ਨੰਗੇ ਕੀਤੇ ਜਾਣਗੇ, ਕੁਝ ਆਪਣੇ ਲੋਕ ਨਿੱਜੀ ਲਾਲਚ ਕਰ ਕੇ ਪ੍ਰਵਾਸੀਆਂ ਦੀ ਮਦਦ ਕਰ ਰਹੇ ਹਨ ਤੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਵਾ ਰਹੇ ਹਨ।