ਗੁਰੂ ਨਗਰੀ ’ਚ ਅੱਜ ਮੁੜ ਪਰਤਣਗੀਆਂ ਰੌਣਕਾਂ
ਗੁਰੂ ਨਗਰੀ ਵਿੱਚ ਅੱਜ ਮੁੜ ਪਰਤਣਗੀਆਂ ਰੌਣਕਾਂ
Publish Date: Sun, 28 Jun 2026 04:17 PM (IST)
Updated Date: Mon, 29 Jun 2026 04:02 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ’ਚ ਚਾਰ ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸੋਮਵਾਰ ਤੋਂ ਮੁੜ ਰੌਣਕਾਂ ਪਰਤਣ ਜਾ ਰਹੀਆਂ ਹਨ। 25 ਜੂਨ ਤੋਂ 28 ਜੂਨ ਤੱਕ ਸਮੁੱਚੇ ਦੁਕਾਨਦਾਰ ਭਾਈਚਾਰੇ ਨੇ ਵਪਾਰ ਮੰਡਲ ਦੇ ਸਾਂਝੇ ਸੱਦੇ ਤੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਸਨ। ਇਸ ਦੌਰਾਨ ਸ਼ਹਿਰ ਦੇ ਮੁੱਖ ਬਾਜ਼ਾਰਾਂ, ਖੋਖਿਆਂ, ਰੇੜੀਆਂ ਅਤੇ ਫੜੀਆਂ ਸਮੇਤ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਚਾਰ ਦਿਨਾਂ ਤੱਕ ਬਾਜ਼ਾਰਾਂ ਵਿੱਚ ਛਾਈ ਰਹੀ ਖਾਮੋਸ਼ੀ ਤੋਂ ਬਾਅਦ ਅੱਜ ਇੱਕ ਵਾਰ ਫਿਰ ਦੁਕਾਨਾਂ ਖੁੱਲ੍ਹਣ ਨਾਲ ਗੁਰੂ ਨਗਰੀ ਦੇ ਬਾਜ਼ਾਰਾਂ ਵਿੱਚ ਚਹਿਲ-ਪਹਿਲ ਤੇ ਰੌਣਕਾਂ ਮੁੜ ਪਰਤਣਗੀਆਂ। ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਪ੍ਰਿਤਪਾਲ ਸਿੰਘ ਗੰਡਾ ਅਤੇ ਦੀਪਕ ਆਂਗਰਾ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਹਰ ਸਾਲ ਦੁਕਾਨਦਾਰ ਭਾਈਚਾਰੇ ਵੱਲੋਂ ਆਪਸੀ ਸਹਿਮਤੀ ਨਾਲ ਕੁਝ ਦਿਨਾਂ ਲਈ ਸਮੂਹਿਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਇਸ ਦਾ ਮੁੱਖ ਉਦੇਸ਼ ਲਗਾਤਾਰ ਕਾਰੋਬਾਰੀ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਆਪਣੇ ਪਰਿਵਾਰਾਂ ਨਾਲ ਕੁਝ ਸੁਖਦ ਪਲ ਬਿਤਾਉਣਾ ਅਤੇ ਮਾਨਸਿਕ ਤਾਜ਼ਗੀ ਹਾਸਲ ਕਰਨੀ ਹੁੰਦੀ ਹੈ। ਇਸ ਪਰੰਪਰਾ ਨੂੰ ਜਾਰੀ ਰੱਖਦਿਆਂ ਇਸ ਸਾਲ ਵੀ ਚਾਰ ਦਿਨਾਂ ਲਈ ਸਮੂਹਿਕ ਛੁੱਟੀਆਂ ਦਾ ਫ਼ੈਸਲਾ ਕੀਤਾ ਗਿਆ, ਜਿਸ ਨੂੰ ਸ਼ਹਿਰ ਦੇ ਲਗਭਗ ਸਮੂਹ ਦੁਕਾਨਦਾਰਾਂ ਨੇ ਪੂਰਾ ਸਮਰਥਨ ਦਿੱਤਾ। ਦੱਸਣਾ ਬਣਦਾ ਹੈ ਕਿ ਚਾਰ ਦਿਨਾਂ ਦੌਰਾਨ ਸ਼ਹਿਰ ਦੇ ਮੁੱਖ ਵਪਾਰਕ ਖੇਤਰਾਂ ਵਿੱਚ ਆਮ ਦਿਨਾਂ ਵਾਲੀ ਚਹਿਲ-ਪਹਿਲ ਨਜ਼ਰ ਨਹੀਂ ਆਈ। ਬਾਜ਼ਾਰ ਸੁੰਨੇ ਰਹੇ ਅਤੇ ਵਪਾਰਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਰਹੀਆਂ। ਹਾਲਾਂਕਿ ਧਾਰਮਿਕ ਸਥਾਨਾਂ ਤੇ ਆਉਣ ਵਾਲੀਆਂ ਸੰਗਤਾਂ ਦੀ ਆਵਾਜਾਈ ਜਾਰੀ ਰਹੀ, ਪਰ ਖਰੀਦਦਾਰੀ ਨਾਲ ਜੁੜਿਆ ਕਾਰੋਬਾਰ ਬੰਦ ਰਹਿਣ ਕਾਰਨ ਬਾਜ਼ਾਰਾਂ ਵਿੱਚ ਭੀੜ ਨਹੀ ਸੀ। ਵਪਾਰ ਮੰਡਲ ਦੇ ਆਗੂਆਂ ਨੇ ਸਮੁੱਚੇ ਦੁਕਾਨਦਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਵਪਾਰੀਆਂ ਨੇ ਸੰਗਠਨ ਦੇ ਸੱਦੇ ਦਾ ਪੂਰਾ ਮਾਣ ਰੱਖਿਆ ਅਤੇ ਪੂਰੇ ਇਤਫ਼ਾਕ, ਪਿਆਰ ਅਤੇ ਏਕਤਾ ਨਾਲ ਸਮੂਹਿਕ ਛੁੱਟੀਆਂ ਨੂੰ ਸਫ਼ਲ ਬਣਾਇਆ। ਉਨ੍ਹਾਂ ਕਿਹਾ ਕਿ ਇਹ ਏਕਤਾ ਹੀ ਵਪਾਰ ਮੰਡਲ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਇਸੇ ਕਾਰਨ ਹਰ ਸਾਲ ਇਸ ਤਰ੍ਹਾਂ ਦੇ ਸਾਂਝੇ ਫ਼ੈਸਲੇ ਸਫ਼ਲਤਾਪੂਰਵਕ ਲਾਗੂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ ਸਾਰੇ ਵਪਾਰਕ ਅਦਾਰੇ ਮੁੜ ਖੁੱਲ੍ਹ ਜਾਣਗੇ ਤੇ ਰੋਜ਼ਾਨਾ ਵਾਂਗ ਕਾਰੋਬਾਰ ਸ਼ੁਰੂ ਹੋ ਜਾਵੇਗਾ।