- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਗਾਲਾ ਬਸਤੀ ਵਾਰਡ ਨੰਬਰ ਛੇ ਵਿੱਚ ਲਗਾਤਾਰ ਝੁਗੀਆਂ ਤੋਂ ਪੈ ਰਹੇ ਪੱਕੇ ਲੈਂਟਰ

ਨਗਰ ਪੰਚਾਇਤ ਨੇ ਪੁਲਿਸ ਸੁਰੱਖਿਆ ਲੈ ਕੇ ਇਮਾਰਤਾਂ ਬਣਾਉਣ ਦਾ ਬੰਦ ਕਰਵਾਇਆ ਕੰਮ
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ ਛੇ ਵਿੱਚ ਪੈਂਦੀ ਅਨਾਜ ਮੰਡੀ ਦੇ ਬਿਲਕੁਲ ਨਾਲ ਸਰਕਾਰੀ ਜਮੀਨ ਵਿੱਚ ਆਬਾਦ ਹੋਈ ਬੰਗਾਲਾ ਭਾਈਚਾਰੇ ਦੀ ਬਸਤੀ ਵਿੱਚ ਪਿਛਲੇ ਕਈ ਦਿਨਾਂ ਤੋਂ ਪੱਕੀਆਂ ਉਸਾਰੀਆਂ ਹੋ ਰਹੀਆਂ ਹਨ, ਜਿਨ੍ਹਾਂ ਨੂੰ ਰੋਕਣ ਲਈ ਨਗਰ ਪੰਚਾਇਤ ਦੇ ਕਰਮਚਾਰੀ ਜਦੋਂ ਜਾਂਦੇ ਹਨ ਤਾਂ ਉਨਾਂ ਨੂੰ ਬੰਗਾਲਾ ਭਾਈਚਾਰੇ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਤ ਬਰਾਤੇ ਬਿਨਾਂ ਨਕਸ਼ਾ ਪਾਸ ਕਰਾਏ ਝੁੰਗੀਆਂ ਤੋਂ ਲੈਂਟਰ ਪਾਏ ਜਾ ਰਹੇ ਹਨ। ਬੀਤੀ ਰਾਤ ਵੀ ਉਕਤ ਬਸਤੀ ਵਿੱਚ ਹੋ ਰਹੀਆਂ ਉਸਾਰੀਆਂ ਦਾ ਕੰਮ ਰੁਕਵਾਉਣ ਲਈ ਗਏ ਨਗਰ ਪੰਚਾਇਤ ਦੇ ਕਰਮਚਾਰੀਆਂ ਨੂੰ ਉਕਤ ਬਸਤੀ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਥਾਣਾ ਕੀਰਤਪੁਰ ਸਾਹਿਬ ਤੋਂ ਪੁਲਿਸ ਸੁਰੱਖਿਆ ਲੈ ਕੇ ਮੌਕੇ ਉੱਪਰ ਪਹੁੰਚ ਕੇ ਚੱਲ ਰਹੀਆਂ ਉਸਾਰੀਆਂ ਦਾ ਕੰਮ ਬੰਦ ਕਰਵਾਇਆ ਅਤੇ ਉਸਾਰੀਆਂ ਕਰਨ ਵਾਲੇ ਬਸਤੀ ਦੇ ਲੋਕਾਂ ਨੂੰ ਹੱਥੀ ਨੋਟਿਸ ਰਸੀਵ ਕਰਵਾਏ ਅਤੇ ਕੁਝ ਲੋਕਾਂ ਦੇ ਘਰਾਂ ਦੀਆਂ ਕੰਧਾਂ ਉੱਪਰ ਵੀ ਨੋਟਿਸ ਲਗਾਏ ਗਏ।
ਸਰਕਾਰੀ ਜਮੀਨ ਉੱਪਰ ਕਬਜ਼ਾ ਕਰਕੇ ਬੈਠੇ ਬੰਗਾਲਾ ਭਾਈਚਾਰੇ ਦੇ ਲੋਕਾਂ ਵਲੋਂ ਨਗਰ ਪੰਚਾਇਤ ਦੇ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਪੁਲਿਸ ਸਹਾਇਤਾ ਲੈਣੀ ਪਈ। ਪੱਤਰਕਾਰਾਂ ਦੀ ਟੀਮ ਵੱਲੋਂ ਅੱਜ ਉਕਤ ਬਸਤੀ ਦਾ ਦੌਰਾ ਕੀਤਾ ਗਿਆ ਤਾਂ ਮੌਕੇ ਉੱਪਰ ਨਵੀਂ ਬਣੀ ਵਾਰਡ ਨੰਬਰ ਛੇ ਦੀ ਐਮਸੀ ਨੀਲਮ ਦੀ ਅਗਵਾਈ ਹੇਠ ਬਸਤੀ ਦੇ ਵਸਨੀਕ ਇਕੱਠੇ ਹੋ ਗਏ ਇਸ ਮੌਕੇ ਬੰਗਾਲਾ ਭਾਈਚਾਰੇ ਦੇ ਓਮੀ ਨੰਬਰਦਾਰ, ਬਿੱਟੂ ਨੰਬਰਦਾਰ,ਰਿੰਕੂ, ਬਬਲੀ, ਰੀਟਾ, ਸਰੀਤਾ, ਸੁਨੀਤਾ, ਕਰਮਾ, ਮਮਤਾ, ਨਿੱਕਾ, ਨੀਲਮ ਐਮਸੀ , ਜੋਤੀ, ਘੁਗਾ, ਬੰਟੂ, ਭਿੰਦਾ, ਪ੍ਰਕਾਸ਼, ਸਿੰਦਰਪਾਲ, ਜਿੰਦਰ ਸੁਭਾਸ਼, ਜੋਗੀ ਆਦਿ ਨੇ ਦੱਸਿਆ ਕਿ ਉਹ ਕਰੀਬ 70 ਸਾਲ ਤੋਂ ਅਨਾਜ ਮੰਡੀ ਦੇ ਨਾਲ ਲੱਗਦੀ ਸਰਕਾਰੀ ਜਮੀਨ ਵਿੱਚ ਰਹਿ ਰਹੇ ਹਨ। ਸਾਡੀਆਂ ਹੁਣ ਤੱਕ ਪੰਜ ਛੇ ਪੀੜੀਆਂ ਹੋ ਚੁੱਕੀਆਂ ਹਨ। ਇਸ ਸਮੇਂ ਸਾਡੀ ਬਸਤੀ ਵਿੱਚ 100 ਦੇ ਕਰੀਬ ਘਰ ਹਨ 600 ਦੇ ਕਰੀਬ ਆਬਾਦੀ ਹੈ ਅਤੇ 244 ਦੇ ਕਰੀਬ ਸਾਡੀਆਂ ਵੋਟਾਂ ਹਨ।
ਉਹਨਾਂ ਦੱਸਿਆ ਕਿ ਅਸੀਂ ਇੱਥੇ ਪਹਿਲਾਂ ਝੁੱਗੀਆਂ ਬਣਾ ਕੇ ਰਹਿੰਦੇ ਸੀ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਮੱਥਾ ਟੇਕਣ ਜਾਂਦੀ ਸੰਗਤ ਤੋਂ ਉਹ ਭੀਖ ਮੰਗ ਕੇ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੇ ਸੀ।ਉਹਨਾਂ ਨੇ ਦੱਸਿਆ ਕਿ ਸਾਡੇ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਪੈਸੇ ਜੋੜ ਕੇ ਹੌਲੀ ਹੌਲੀ ਆਪਣੀਆਂ ਝੁੱਗੀਆਂ ਅਤੇ ਕੱਚੇ ਮਕਾਨਾਂ ਦੀ ਥਾਂ ’ਤੇ ਪੱਕੇ ਮਕਾਨ ਬਣਾ ਲਏ ਹਨ, ਹੁਣ ਵੀ ਬਸਤੀ ਦੇ ਕੁਝ ਲੋਕ ਆਪਣੇ ਪੱਕੇ ਮਕਾਨ ਬਣਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਡੀ ਆਬਾਦੀ ਵਿੱਚ ਨਗਰ ਪੰਚਾਇਤ ਵੱਲੋਂ ਇੰਟਰਲਾਕ ਟਾਈਲਾਂ ਲਗਾ ਕੇ ਗਲੀਆਂ ਨੂੰ ਪੱਕਾ ਕੀਤਾ ਗਿਆ, ਰੋਸ਼ਨੀ ਦੇ ਪ੍ਰਬੰਧ ਲਈ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ, ਨਗਰ ਪੰਚਾਇਤ ਵੱਲੋਂ ਸਾਡੀ ਬਸਤੀ ਦੇ ਲੋਕਾਂ ਦੀ ਸਹੂਲਤ ਲਈ ਔਰਤਾਂ ਅਤੇ ਮਰਦਾਂ ਲਈ ਵੱਖਰੇ ਵੱਖਰੇ ਪਖਾਨੇ ਬਣਾਏ ਗਏ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਬਿਜਲੀ ਦੀ ਸਹੂਲਤ ਲਈ ਹਰੇਕ ਘਰ ਵਿੱਚ ਮੀਟਰ ਲਗਾਇਆ ਗਿਆ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਡੀ ਬਸਤੀ ਬਹੁਤ ਨੀਵੀਂ ਹੈ। ਇਸ ਵਿੱਚ ਬਰਸਾਤੀ ਪਾਣੀ ਆ ਕੇ ਖੜ ਜਾਂਦਾ ਹੈ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋ ਜਾਂਦਾ ਹੈ। ਕੋਈ ਕਈ ਦਿਨਾਂ ਤੱਕ ਬਸਤੀ ਵਿੱਚ ਗੰਦਾ ਪਾਣੀ ਖੜਿਆ ਰਹਿੰਦਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਬਸਤੀ ਦੇ ਲੋਕਾਂ ਵੱਲੋਂ ਆਪਣੇ ਮਕਾਨ ਉੱਚੇ ਅਤੇ ਪੱਕੇ ਕੀਤੇ ਜਾ ਰਹੇ ਹਨ।
ਬੰਗਾਲਾ ਬਸਤੀ ਦੇ ਵਸਨੀਕਾਂ ਨੇ ਜਿਲਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ ਅਸੀਂ ਇਸ ਸਮੇਂ ਸਰਕਾਰੀ ਜਮੀਨ ਵਿੱਚ ਬੈਠੇ ਹੋਏ ਹਾਂ ਉੱਥੇ ਹੀ ਸਾਨੂੰ ਪੰਜ ਪੰਜ ਮਰਲੇ ਦੇ ਪਲਾਟ ਅਲਾਟ ਕਰਕੇ ਪ੍ਰਧਾਨ ਮੰਤਰੀ ਆਵਾਸ਼ ਯੋਜਨਾ ਦੇ ਤਹਿਤ ਪੱਕੇ ਮਕਾਨ ਬਣਾ ਕੇ ਦਿੱਤੇ ਜਾਣ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਕਰਵਾਇਆ ਜਾਵੇ।
ਕੀ ਕਹਿਣਾ ਹੈ ਕਾਰਜ ਸਾਧਕ ਅਫਸਰ ਦਾ :
ਇਸ ਬਾਰੇ ਜਦੋਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਕਾਰਜ ਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਿਨਾਂ ਨਕਸ਼ੇ ਅਤੇ ਬਿਨਾਂ ਮਾਲਕੀ ਦੇ ਅਧਿਕਾਰ ਤੋਂ ਨਾਜਾਇਜ਼ ਉਸਾਰੀਆਂ ਨੂੰ ਰੋਕਣ ਲਈ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਲੈਣੀ ਪਈ। ਉਨ੍ਹਾਂ ਕਿਹਾ ਕਿ ਬੰਗਾਲਾ ਬਸਤੀ ਦੇ ਲੋਕ ਆਪਣੀ ਮਾਲਕੀ ਜਮੀਨ ਦੇ ਸਬੂਤ ਲੈ ਕੇ ਆਉਣ ਅਤੇ ਉਸ ਤੋਂ ਬਾਅਦ ਨਕਸ਼ਾ ਪਾਸ ਕਰਵਾਉਣ ਤਾਂ ਹੀ ਉਹਨਾਂ ਨੂੰ ਉਸਾਰੀ ਕਰਨ ਦਿੱਤੀ ਜਾਵੇਗੀ। ਬਸਤੀ ਦੇ ਲੋਕ ਕਹਿ ਰਹੇ ਸਨ ਕਿ ਇਹ ਜਮੀਨ ਨਗਰ ਪੰਚਾਇਤ ਦੀ ਨਹੀਂ ਬਲਕਿ ਪੰਜਾਬ ਮੰਡੀ ਬੋਰਡ ਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਮੀਨ ਮੰਡੀ ਬੋਰਡ ਦੀ ਵੀ ਹੈ ਤਾਂ ਵੀ ਜਮੀਨ ਸਰਕਾਰੀ ਹੈ, ਜਿਸ ਉੱਪਰ ਨਜਾਇਜ਼ ਕਬਜ਼ੇ ਰੋਕਣੇ ਪੰਜਾਬ ਮੰਡੀ ਬੋਰਡ ਦਾ ਕੰਮ ਹੈ ਪਰ ਸਾਡੇ ਵੱਲੋਂ ਬਿਨਾਂ ਨਕਸ਼ੇ ਤੋਂ ਕੋਈ ਵੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ।
ਕੀ ਕਹਿਣਾ ਹੈ ਸਾਬਕਾ ਪੰਚਾਇਤ ਮੈਂਬਰ ਦਾ
ਇਸ ਬਾਰੇ ਜਦੋਂ ਕੀਰਤਪੁਰ ਸਾਹਿਬ ਪੰਚਾਇਤ ਦੇ ਸਾਬਕਾ ਪੰਚਾਇਤ ਮੈਂਬਰ ਦਵਿੰਦਰ ਕੁਮਾਰ ਬਿੰਦੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਲ 2013 ਵਿੱਚ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਭੰਗ ਕਰ ਕੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਬਣਾਈ ਗਈ ਸੀ। ਨਗਰ ਪੰਚਾਇਤ ਬਣਨ ਤੋਂ ਪਹਿਲਾਂ ਕੀਰਤਪੁਰ ਸਾਹਿਬ ਪੰਚਾਇਤ ਅਧੀਨ ਆਉਂਦੀ ਅਨਾਜ ਮੰਡੀ ਦੇ ਨਾਲ ਸਰਕਾਰੀ ਜਮੀਨ ਵਿੱਚ ਬਸੀ ਹੋਈ ਬੰਗਾਲਾ ਬਸਤੀ ਵਿੱਚ ਕਿਸੇ ਦਾ ਵੀ ਕੋਈ ਪੱਕਾ ਮਕਾਨ ਨਹੀਂ ਸੀ। ਸਾਰੇ ਝੁੱਗੀਆਂ ਬਣਾ ਕੇ ਰਹਿੰਦੇ ਸਨ। ਜਿਹੜਾ ਵੀ ਕੋਈ ਪੱਕਾ ਮਕਾਨ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਕੀਰਤਪੁਰ ਸਾਹਿਬ ਪੰਚਾਇਤ ਵੱਲੋਂ ਉਸ ਨੂੰ ਰੋਕ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਦੱਸਿਆ ਕਿ ਉਸ ਸਮੇਂ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ, ਉਸ ਸਮੇਂ ਦੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੂੰ ਇਸ ਬਸਤੀ ਦੇ ਵਸਨੀਕਾਂ ਨੇ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਕਿਹਾ ਸੀ, ਤਾਂ ਮਿੱਤਲ ਸਾਹਿਬ ਨੇ ਇਸ ਬਸਤੀ ਦੇ ਲੋਕਾਂ ਨੂੰ ਕਿਹਾ ਸੀ ਕਿ ਜਿਸ ਜਮੀਨ ਵਿੱਚ ਉਹ ਬੈਠੇ ਹੋਏ ਹਨ ਉਹ ਕੀਰਤਪੁਰ ਸਾਹਿਬ ਪੰਚਾਇਤ ਦੀ ਨਹੀਂ ਹੈ। ਤੁਹਾਨੂੰ ਘਰਾਠਾਂ ਬਾਸ ਜਿੱਥੇ ਕੀਰਤਪੁਰ ਸਾਹਿਬ ਪੰਚਾਇਤ ਦੀ ਜਮੀਨ ਪਈ ਹੋਈ ਹੈ ਉੱਥੇ ਦੋ ਜਾਂ ਤਿੰਨ ਤਿੰਨ ਮਰਲੇ ਦੇ ਪਲਾਟ ਕੱਟ ਕੇ ਦੇ ਦਿੰਦੇ ਹਾਂ ਜਿੱਥੇ ਤੁਸੀਂ ਆਪਣਾ ਘਰ ਬਣਾ ਕੇ ਰਹਿ ਸਕਦੇ ਹਨ ਪਰ ਇਹਨਾਂ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਇਸ ਬਾਰੇ ਜਦੋਂ ਥਾਣਾ ਕੀਰਤਪੁਰ ਸਾਹਿਬ ਦੇ ਐਸਐਚਓ ਇੰਸਪੈਕਟਰ ਜਤਿਨ ਕਪੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਉਨਾਂ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਗਈ ਸੀ ਜਿਸ ਵਿੱਚ ਦੱਸਿਆ ਗਿਆ ਕਿ ਅਨਾਜ ਮੰਡੀ ਦੇ ਨਾਲ ਪੈਂਦੀ ਬੰਗਾਲਾ ਬਸਤੀ ਵਿੱਚ ਕੁਝ ਲੋਕਾਂ ਵੱਲੋਂ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਜਦੋਂ ਉਹ ਉਹਨਾਂ ਨੂੰ ਰੋਕਣ ਜਾਂਦੇ ਹਨ ਤਾਂ ਬਸਤੀ ਦੇ ਲੋਕ ਉਹਨਾਂ ਦਾ ਵਿਰੋਧ ਕਰਦੇ ਹਨ ਇਸ ਲਈ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਜਿਸ ਤੋਂ ਬਾਅਦ ਰਾਤ ਸਮੇਂ ਨਗਰ ਪੰਚਾਇਤ ਦੇ ਕਰਮਚਾਰੀਆਂ ਨੂੰ ਪੁਲਿਸ ਸੁਰੱਖਿਆ ਦਿੰਦੇ ਹੋਏ ਮੌਕੇ ਉੱਪਰ ਗਏ ਸਨ। ਜਿੱਥੇ ਨਗਰ ਪੰਚਾਇਤ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਨੋਟਿਸ ਦਿੱਤੇ ਗਏ ਅਤੇ ਚਲ ਰਿਹਾ ਕੰਮ ਬੰਦ ਕਰਵਾਇਆ ਗਿਆ।