ਜਿੰਦਾਪੁਰ ਦੀ ਪੰਚਾਇਤ ਦੇ ਹੱਕ ’ਚ ਡਟੇ ਅਮਨਪ੍ਰੀਤ ਕੌਰ ਰਾਏ ਜਿੰਦਾਪੁਰ ਦੀ ਪੰਚਾਇਤ ਦੇ ਹੱਕ ’ਚ ਡਟੇ ਅਮਨਪ੍ਰੀਤ ਕੌਰ ਰਾਏ
Publish Date: Mon, 29 Jun 2026 06:21 PM (IST)
Updated Date: Tue, 30 Jun 2026 04:02 AM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਕਸਬਾ ਬੇਲਾ ਦੇ ਨਜ਼ਦੀਕ ਦਰਿਆ ਸਤਲੁੱਜ ਕਿਨਾਰੇ ਵਸੇ ਪਿੰਡ ਜਿੰਦਾਪੁਰ ਦੀ ਪੰਚਾਇਤ ਨੂੰ ਉਸ ਵੇਲੇ ਹੌਸਲਾ ਮਿਲਿਆ ਜਦੋਂ ਉਪ-ਪ੍ਰਧਾਨ ਭਾਜਪਾ ਐੱਸਸੀ ਵਿੰਗ ਜ਼ਿਲ੍ਹਾ ਰੂਪਨਗਰ ਬੀਬਾ ਅਮਨਪ੍ਰੀਤ ਕੌਰ ਰਾਏ ਪੰਚਾਇਤ ਦੇ ਹੱਕ ਵਿਚ ਆ ਡਟੇ। ਇਸ ਮੌਕੇ ਰਾਏ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਆਪ ਦੇ ਆਗੂ ਸ਼ਰੇਆਮ ਧੱਕੇ ਨਾਲ ਜ਼ਮੀਨਾਂ ’ਤੇ ਕਬਜ਼ਾ ਕਰ ਰਹੇ ਹਨ ਤੇ ਹੁਣ ਪਿੰਡ ਜਿੰਦਾਪੁਰ ਦੀ ਸ਼ਾਮਲਾਤ ਲੱਗਭੱਗ ਦੋ ਏਕੜ ਜ਼ਮੀਨ ’ਤੇ ਸੱਤਾ ਧਿਰ ਦੇ ਆਗੂ ਵੱਲੋਂ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਰੋਜ਼ ਬਿਆਨ ਦਿੰਦੇ ਹਨ ਕਿ ਉਹ ਜਮੀਨਾਂ ’ਤੇ ਕੀਤੇ ਨਜਾਇਜ ਕਬਜ਼ੇ ਛੁਡਵਾ ਕੇ ਜਮੀਨਾਂ ਦੇ ਅਸਲੀ ਮਾਲਕਾਂ ਨੂੰ ਕਬਜ਼ੇ ਦਿਵਾਉਣਗੇ ਪ੍ਰੰਤੂ ਅਸਲੀਅਤ ਵਿਚ ਸਭ ਕੁਝ ਉੱਲਟਾ ਹੈ। ਉਨ੍ਹਾਂ ਕਿਹਾ ਕਿ ਪਿੰਡ ਜਿੰਦਾਪੁਰ ਦੀ ਸ਼ਾਮਲਾਤ ਜਮੀਨ ਜੋ ਕਿ ਪਿਛਲੇ 40 ਸਾਲਾਂ ਤੋਂ ਵੱਧ ਬੋਲੀ ਦੇ ਕੇ ਬੋਲੀਕਾਰ ਜ਼ਮੀਨ ’ਤੇ ਕਾਸ਼ਤ ਕਰਦੇ ਹਨ ਪ੍ਰੰਤੂ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਵਿਅਕਤੀ ਵੱਲੋਂ ਜਿੱਥੇ ਸ਼ਾਮਲਾਤ ਜਮੀਨ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਉੱਥੇ ਬੋਲੀਕਾਰ ’ਤੇ ਹੀ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਹਲਕਾ ਸ੍ਰੀ ਚਮਕੌਰ ਸਾਹਿਬ ਵਿਚ ਪੈਂਦੀ ਹੈ, ਜਦੋਂ ਕਿ ਪਰਚਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਕਾਠਗੜ੍ਹ ਥਾਣੇ ਵਿਚ ਹੁੰਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਵਿਅਕਤੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪਿੰਡ ਜਿੰਦਾਪੁਰ ਦੀ ਸ਼ਾਮਲਾਤ ਜ਼ਮੀਨ ’ਤੇ ਕਬਜ਼ਾ ਕਰਨ ਵਾਲਿਆਂ ਵਿਰੁੱਧ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇਸ ਦੇ ਵਿਰੁੱਧ ਸੰਘਰਸ਼ ਕਰਨਗੇ। ਇਸ ਮੌਕੇ ਸੁਖਦੇਵ ਸਿੰਘ, ਜਸਪਾਲ ਸਿੰਘ ਭੈਣੀ, ਪਰਮਜੀਤ ਸਿੰਘ ਜੱਸੀ, ਸਰਪੰਚ ਜਤਿੰਦਰ ਕੌਰ ਜਿੰਦਾਪੁਰ, ਮਲਕੀਤ ਸਿੰਘ, ਲਖਬੀਰ ਸਿੰਘ, ਮੋਹਣ ਸਿੰਘ, ਨਵਪ੍ਰੀਤ ਕੌਰ ਮੈਂਬਰ ਪੰਚਾਇਤ, ਹਰਜੀਤ ਸਿੰਘ, ਪ੍ਰੀਤਮ ਸਿੰਘ, ਬੱਗਾ ਸਿੰਘ ਮੈਂਬਰ ਪੰਚਾਇਤ, ਹਰਜੀਤ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ ਭੁਪਿੰਦਰ ਸਿੰਘ ਸਾਬਕਾ ਪੰਚ, ਭਜਨ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਅਜੈਬ ਸਿੰਘ ਆਦਿ ਹਾਜ਼ਰ ਸਨ।