ਗੁਲਾਬ ਸਿੱਧੂ ਦੇ ਅਖਾੜੇ ’ਚੋਂ ਵੋਟਰਾਂ ਨੂੰ ਬਾਹਰ ਰੱਖਣ 'ਤੇ ਪ੍ਰਬੰਧਕਾਂ ਖ਼ਿਲਾਫ਼ ਫੁੱਟਿਆ ਗੁੱਸਾ ਮੋਰਿੰਡਾ ਅਨਾਜ ਮੰਡੀ 'ਚ ਗੁਲਾਬ ਸਿੱਧੂ ਦੇ ਅਖਾੜੇ ਵਿਚੋਂ ਵੋਟਰਾਂ ਨੂੰ ਬਾਹਰ ਰੱਖਣ 'ਤੇ ਪ੍ਰਬੰਧਕਾਂ ਖਿਲਾਫ਼ ਫੁੱਟਿਆ ਗੁੱਸਾ
Publish Date: Mon, 29 Jun 2026 06:14 PM (IST)
Updated Date: Tue, 30 Jun 2026 04:02 AM (IST)
ਜਿੱਤ ਦੀ ਖੁਸ਼ੀ ਇਕ ਬਹਾਨਾ, ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ਇਕ ਨਿਸ਼ਾਨਾ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਦੇ ਨਵੇਂ ਚੁਣੇ ਗਏ ਕੌਂਸਲਰਾਂ ਵੱਲੋਂ ਸਥਾਨਕ ਅਨਾਜ ਮੰਡੀ ਵਿਖੇ ਪੰਜਾਬੀ ਦੇ ਚਰਚਿਤ ਗਾਇਕ ਗੁਲਾਬ ਸਿੱਧੂ ਦਾ ਇੱਕ ਵਿਸ਼ਾਲ ਅਖਾੜਾ ਲਗਾਇਆ ਗਿਆ। ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪ੍ਰਧਾਨਗੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਹਲਕਾ ਖਰੜ ਇੰਚਾਰਜ ਵਿਜੇ ਸ਼ਰਮਾ ਟਿੰਕੂ ਵੱਲੋਂ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਚਮਕੌਰ ਸਾਹਿਬ ਤੋਂ ਪਹੁੰਚੀ, ਨਾਮਵਰ ਗਾਇਕ ਦੁਰਗਾ ਰੰਗੀਲਾ ਦੀ ਭਤੀਜੀ ਨਜਮਾ ਨੇ ਆਪਣੀ ਸੁਰੀਲੀ ਆਵਾਜ਼ ਨਾਲ਼ ਹਾਜ਼ਰੀ ਲੁਆ ਕੇ ਕੀਤੀ। ਅੱਤ ਦੀ ਗਰਮੀ ਦੇ ਬਾਵਜੂਦ ਰਾਤ ਕਰੀਬ ਸਾਢੇ ਅੱਠ ਵਜੇ ਜਿਉਂ ਹੀ ਗੁਲਾਬ ਸਿੱਧੂ ਸਟੇਜ ਤੇ ਆਇਆ, ਤਾਂ ਪੂਰਾ ਪੰਡਾਲ ਤਾਲੀਆਂ ਨਾਲ ਗੂੰਜ ਉੱਠਿਆ। ਬਿਲਕੁਲ ਸਾਦੇ ਪਹਿਰਾਵੇ ਵਿਚ ਆਏ ਸਿੱਧੂ ਨੇ ਆਪਣੇ ਚਰਚਿਤ ਗੀਤਾਂ ਨਾਲ਼ ਸਮਾਂ ਬੰਨ੍ਹ ਰੱਖਿਆ। ਉਸ ਦੇ ਸਾਦੇ ਵਿਵਹਾਰ ਨੇ ਸਭ ਦਾ ਦਿਲ ਜਿੱਤ ਲਿਆ ਜਦੋਂ ਉਹ ਗਾਉਂਦੇ-ਗਾਉਂਦੇ ਆਮ ਲੋਕਾਂ ਨਾਲ ਹੱਥ ਮਿਲਾ ਰਿਹਾ ਸੀ। ਸਿੱਧੂ ਇੱਕ ਮੌਕੇ ਤਾਂ ਪ੍ਰਬੰਧਾਂ ਚ ਲੱਗੇ ਇੱਕ ਬਹਿਰੇ (ਵੇਟਰ) ਦੀ ਟੋਪੀ ਸਿਰ ਤੇ ਰੱਖ ਕੇ ਗਾਉਣ ਲੱਗ ਪਿਆ। ਇਸ ਸਮਾਗਮ ਦੌਰਾਨ ਸਮੂਹ ਨਗਰ ਕੌਂਸਲਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਚਰਚਾ ’ਚ ਰਹੀ ਪ੍ਰਬੰਧਾਂ ਦੀ ਨਾਕਾਮੀ, ਵੋਟਰਾਂ ’ਚ ਪਾਇਆ ਗਿਆ ਰੋਸ ਇਸ ਰੰਗਾਰੰਗ ਪ੍ਰੋਗਰਾਮ ਚ ਪ੍ਰਬੰਧਕਾਂ ਦੀ ਇੱਕ ਵੱਡੀ ਨਾਕਾਮੀ ਵੀ ਸਾਹਮਣੇ ਆਈ। ਸਮਾਗਮ ਲਈ ਵਿਸ਼ੇਸ਼ ਵੀਆਈਪੀ. ਪਾਸ ਜਾਰੀ ਕੀਤੇ ਗਏ ਸਨ। ਨਤੀਜਾ ਇਹ ਨਿਕਲਿਆ ਕਿ ਪਾਸਾਂ ਦੇ ਸਿਰ ਤੇ ਬਹੁਤ ਸਾਰੇ ਬਾਹਰਲੇ ਦਰਸ਼ਕ ਅੰਦਰ ਕੁਰਸੀਆਂ ਮੱਲ ਕੇ ਬੈਠ ਗਏ, ਜਦਕਿ ਜਿਨ੍ਹਾਂ ਸਥਾਨਕ ਵੋਟਰਾਂ, ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਆਪਣੇ ਕੌਂਸਲਰਾਂ ਨੂੰ ਜਿਤਾਇਆ ਸੀ, ਉਹ ਬੈਰੀਕੇਡਾਂ ਦੇ ਬਾਹਰ ਖੜ੍ਹੇ ਪਸੀਨਾ ਵਹਾਉਂਦੇ ਰਹੇ ਅਤੇ ਆਪਣੀਆਂ ਵੋਟਾਂ ਪਾਉਣ ਨੂੰ ਕੋਸਦੇ ਰਹੇ। ਹਾਲਾਂਕਿ, ਸਟੇਜ ਤੋਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਬਾਹਰ ਖੜ੍ਹੇ ਲੋਕ ਅੰਦਰ ਆ ਕੇ ਕੁਰਸੀਆਂ ਤੇ ਬੈਠ ਜਾਣ ਪਰ ਬਿਨਾਂ ਪਾਸ ਵਾਲਿਆਂ ਨੂੰ ਸੁਰੱਖਿਆ ਕਰਮੀ ਅੰਦਰ ਨਹੀਂ ਜਾਣ ਦੇ ਰਹੇ ਸਨ। ਗੁੱਸੇ ਵਿਚ ਆਏ ਵੋਟਰਾਂ ਨੇ ਬੈਰੀਕੇਡ ਵੀ ਤੋੜ ਦਿੱਤੇ ਅਤੇ ਆਪੋ ਆਪਣੇ ਵਾਰਡ ਦੇ ਕੌਂਸਲਰਾਂ ਨੂੰ ਕੋਸਦੇ ਹੋਏ ਦੇਖੇ ਗਏ। ਪ੍ਰਧਾਨਗੀ ਦੇ ਤਾਜ ਲਈ ਖੇਡੇ ਜਾ ਰਹੇ ਨੇ ਦਾਅ-ਪੇਚ ਸ਼ਹਿਰ ’ਚ ਚਰਚਾ ਹੈ ਕਿ ਇਹ ਪ੍ਰੋਗਰਾਮ ਸਿਰਫ਼ ਜਿੱਤ ਦੀ ਖੁਸ਼ੀ ਵਿਚ ਨਹੀਂ, ਬਲਕਿ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਹਾਸਿਲ ਕਰਨ ਲਈ ਕਰਵਾਇਆ ਗਿਆ ਸੀ। ਚਰਚਾ ਇਹ ਹੈ ਕਿ ਮੁੱਖ ਪ੍ਰਬੰਧਕਾਂ ਦੀ ਨਿਗ੍ਹਾ ਆਗਾਮੀ ਪ੍ਰਧਾਨਗੀ ਦੇ ਤਾਜ ਤੇ ਟਿਕੀ ਹੋਈ ਹੈ। ਹਾਲਾਂਕਿ ਸ਼ਹਿਰ ਦੇ ਕਈ ਕੌਂਸਲਰ ਦੂਜੀ ਜਾਂ ਤੀਜੀ ਵਾਰ ਜਿੱਤ ਕੇ ਆਏ ਹਨ ਤੇ ਸੀਨੀਅਰ ਹਨ ਪਰ ਸਿਆਸੀ ਸਰਪ੍ਰਸਤੀ ਤੇ ਪੈਸੇ ਦੇ ਜ਼ੋਰ ਸਦਕਾ ਪਹਿਲੀ ਵਾਰ ਜਿੱਤੇ ਕਈ ਨਵੇਂ ਕੌਂਸਲਰ ਵੀ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਤੇ ਪ੍ਰਭਾਵ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਸਿਆਸੀ ਦਾਅ-ਪੇਚ ਖੇਡ ਰਹੇ ਹਨ। ਕਿਉਂਕਿ ਕਾਂਗਰਸ ਪਾਰਟੀ ਦੇ 10 ਕੌਂਸਲਰ ਜਿੱਤੇ ਹਨ ਇਸ ਲਈ ਨਗਰ ਕੌਂਸਲ ਦੇ ਪ੍ਰਧਾਨਗੀ ਦਾ ਤਾਜ ਉਸ ਕੌਂਸਲਰ ਨੂੰ ਮਿਲੇਗਾ ਜੋ ਸਾਰਿਆਂ ਤੋਂ ਵੱਧ ਚਰਨਜੀਤ ਸਿੰਘ ਚੰਨੀ ਦਾ ਵਿਸ਼ਵਾਸ ਹਾਸਿਲ ਕਰ ਸਕੇਗਾ। ਹੁਣ ਦੇਖਣਾ ਇਹ ਵੀ ਹੋਵੇਗਾ ਕਿ ਆਖਿਰ ਮੋਰਿੰਡਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸਜੇਗਾ।