ਬੀਕੇਯੂ ਰਾਜੇਵਾਲ ਵੱਲੋਂ ਪਾਵਰਕਾਮ ਦਫਤਰ ਅੱਗੇ ਰੋਸ ਧਰਨਾ ਬੀਕੇਯੂ ਰਾਜੇਵਾਲ ਵੱਲੋਂ ਪਾਵਰਕੌਮ ਦਫਤਰ ਮੋਰਿੰਡਾ ਵਿਖੇ ਦਿੱਤਾ ਰੋਸ ਧਰਨਾ
Publish Date: Mon, 29 Jun 2026 06:11 PM (IST)
Updated Date: Tue, 30 Jun 2026 04:02 AM (IST)
ਬਿਜਲੀ ਸੁਧਾਰ ਲਈ ਦੋ ਦਿਨ ਦਾ ਦਿੱਤਾ ਅਲਟੀਮੇਟਮ, ਕਿਹਾ ਵੱਡੇ ਪੱਧਰ ਤੇ ਕੀਤਾ ਜਾਵੇਗਾ ਸੰਘਰਸ਼ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਝੋਨੇ ਦੀ ਲਵਾਈ ਸਮੇਂ ਅੱਠ ਘੰਟੇ ਲਗਾਤਾਰ ਬਿਜਲੀ ਦੇਣ ਦੇ ਕੀਤੇ ਗਏ ਵਾਅਦੇ ਅਨੁਸਾਰ ਕਿਸਾਨਾਂ ਨੂੰ ਖੇਤੀ ਲਈ ਲਗਾਤਾਰ ਅੱਠ ਘੰਟੇ ਬਿਜਲੀ ਨਾ ਮਿਲਣ ਅਤੇ ਬਿਜਲੀ ਦੇ ਲੰਬੇ ਕੱਟ ਲਗਾਏ ਜਾਣ ਦੇ ਰੋਸ ਵਜੋਂ ਪੰਜਾਬ ਭਰ ਵਿਚ ਧਰਨੇ ਦੇਣ ਦੇ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਦੀ ਅਗਵਾਈ ਵਿਚ ਬਿਜਲੀ ਬੋਰਡ ਵਿਖੇ 10 ਤੋਂ 12 ਵਜੇ ਤੱਕ ਦੋ ਘੰਟੇ ਲਈ ਰੋਸ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਖਿਲਾਫ ਜੋਰਦਾਰ ਨਾਰੇਬਾਜ਼ੀ ਕੀਤੀ ਗਈ। ਇਸ ਰੋਸ ਧਰਨੇ ਸਮੇਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਚਲਾਕੀ, ਰਣਧੀਰ ਸਿੰਘ ਚੱਕਲ, ਜਰਨੈਲ ਸਿੰਘ ਸਰਹਾਣਾ, ਬਹਾਦਰ ਸਿੰਘ ਖੈਰਪੁਰ ਜਰਨੈਲ ਸਿੰਘ ਸੱਖੋ ਮਾਜਰਾ ਅਤੇ ਹਰਬੰਸ ਸਿੰਘ ਦਾਤਾਰਪੁਰ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਵਾਅਦਾ ਸੀ ਕਿ ਕਿਸਾਨਾਂ ਨੂੰ ਖੇਤੀ ਲਈ ਖਾਸ ਕਰਕੇ ਝੋਨੇ ਦੀ ਲਵਾਈ ਸਮੇਂ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਵਾਅਦੇ ਤੋਂ ਉਲਟ ਬਹੁਤ ਜਿਆਦਾ ਬਿਜਲੀ ਕੱਟ ਲੱਗਦੇ ਹਨ। ਕਿਸਾਨਾਂ ਨੂੰ ਇਹਨਾਂ ਕੱਟਾਂ ਦੇ ਬਾਰੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ। ਕਿਸਾਨ ਆਗੂਆਂ ਨੇ ਆਰੋਪ ਲਗਾਏ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਅਟੈਂਡ ਹੀ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀਆਂ ਨਾਲ ਸੰਪਰਕ ਹੁੰਦਾ ਹੈ ਤਾਂ ਉਨ੍ਹਾਂ ਵੱਲੋਂ ਸਿੱਧਾ ਜਵਾਬ ਹੁੰਦਾ ਹੈ ਕਿ ਬਿਜਲੀ ਕੱਟਾਂ ਬਾਰੇ ਜਾਂ ਬਿਜਲੀ ਬੰਦ ਹੋਣ ਬਾਰੇ ਪੀਸੀ ਦਾ ਹੁਕਮ ਆ ਗਿਆ। ਚਲਾਕੀ ਨੇ ਕਿਹਾ ਕਿ ਅੱਜ ਇੰਨੀ ਸਖਤ ਗਰਮੀ ਹੋਣ ਦੇ ਬਾਵਜੂਦ ਉਨਾਂ ਨੂੰ ਧਰਨਾ ਦੇਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਨਿਰਵਿਘਨ 8 ਘੰਟੇ ਦਿੱਤੀ ਜਾਵੇ ਅਤੇ ਜੇਕਰ ਕਿਸੇ ਟੈਕਨੀਕਲ ਕਾਰਨ ਕਰਕੇ ਬਿਜਲੀ ਕੱਟ ਲੱਗਦੇ ਹਨ ਤਾਂ ਉਨ੍ਹਾਂ ਕੱਟਾਂ ਦੇ ਸਮੇਂ ਦੀ ਭਰਪਾਈ ਵੀ ਕੀਤੀ ਜਾਵੇ। ਦੋ ਦਿਨਾਂ ਦੇ ਬਾਅਦ ਜੇ ਬਿਜਲੀ ਬੋਰਡ ਸੁਧਾਰ ਨਹੀਂ ਕਰਦਾ ਤਾਂ ਹਾਈ ਕਮਾਂਡ ਨਾਲ ਗੱਲਬਾਤ ਕਰਕੇ ਅਗਲਾ ਕੋਈ ਸਖਤ ਫੈਸਲਾ ਲਿਆ ਜਾਵੇਗਾ ਜਿਸ ਦਾ ਸਾਹਮਣਾ ਕਰਨ ਲਈ ਤਾਂ ਪਾਵਰਕਾਮ ਤਿਆਰ ਰਹੇ। ਇਸ ਮੌਕੇ ਤੇ ਐਸਡੀਓ ਭੁਪਿੰਦਰ ਸਿੰਘ ਨੇ ਕਿਸਾਨਾਂ ਵਿਚ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਉਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਜਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਕਮਲ ਗੋਪਾਲਪੁਰ, ਹਰਬੰਸ ਸਿੰਘ ਦਤਾਰਪੁਰ, ਜਰਨੈਲ ਸਿੰਘ ਸਰਹਾਣਾ, ਜਰਨੈਲ ਸਿੰਘ ਸਖੋਮਾਜਰਾ, ਅਵਤਾਰ ਸਿੰਘ ਸਰਹਾਣਾ, ਜਰਨੈਲ ਸਿੰਘ ਮੜੌਲੀ, ਸ਼ੇਰ ਸਿੰਘ ਸੰਗਤਪੁਰਾ, ਰਣਜੋਧ ਸਿੰਘ ਖੈਰਪੁਰ, ਜਗੀਰ ਸਿੰਘ ਕਾਂਜਲਾ, ਬੱਬੂ ਕਾਂਝਲਾ, ਪਿਆਰਾ ਸਿੰਘ ਦੁੱਮਣਾ, ਬਹਾਦਰ ਸਿੰਘ ਖੈਰਪੁਰ, ਅਮਰ ਸਿੰਘ ਕਲਾਰਾਂ, ਰਣਜੀਤ ਸਿੰਘ ਕਲਾਰਾਂ, ਰਵੀ ਅਮਰਾਲੀ, ਜਰਨੈਲ ਸਿੰਘ ਰੰਗੀ, ਹਰਮਨਜੀਤ ਸਿੰਘ ਕਾਂਜਲਾ, ਪਰਮਜੀਤ ਸਿੰਘ ਡੂਮਛੇੜੀ, ਕਰਮ ਸਿੰਘ ਸੱਖੋਮਾਜਰਾ, ਸਾਬਕਾ ਸਰਪੰਚ ਬਿਕਰਮਜੀਤ ਸਿੰਘ ਡੂਮਛੇੜੀ, ਵੀਰਪਾਲ ਸਿੰਘ ਡੂਮਛੇੜੀ, ਕੇਸਰ ਸਿੰਘ ਸਾਬਕਾ ਸਰਪੰਚ ਸੱਖੋ ਮਾਜਰਾ, ਕੇਸਰ ਸਿੰਘ ਪੂਨੀਆ ਸੱਖੋ ਮਾਜਰਾ, ਜਗਤਾਰ ਸਿੰਘ ਸੱਖੋ ਮਜਰਾ ਆਦਿ ਵੀ ਸ਼ਾਮਲ ਸਨ।