ਖੇਤੀ ਲਈ ਬਿਜਲੀ ਦੀ ਨਾਕਸ ਸਪਲਾਈ ਤੋਂ ਕਿਸਾਨਾਂ ’ਚ ਰੋਸ ਖੇਤੀ ਲਈ ਬਿਜਲੀ ਦੀ ਨਾਕਸ ਸਪਲਾਈ ਤੋਂ ਕਿਸਾਨਾਂ ਵਿਚ ਰੋਸ
Publish Date: Mon, 29 Jun 2026 06:09 PM (IST)
Updated Date: Tue, 30 Jun 2026 04:02 AM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਪੰਜਾਬ ਸਰਕਾਰ ਵੱਲੋਂ ਖੇਤੀ ਲਈ ਬਿਜਲੀ ਸਪਲਾਈ ਦੇਣ ਲਈ ਕੀਤੇ ਵਾਅਦੇ ਅਨੁਸਾਰ ਅਤੇ ਲੋੜ ਅਨੁਸਾਰ ਝੋਨੇ ਦੀ ਲਵਾਈ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਯੂਥ ਵਿੰਗ ਦੇ ਪ੍ਰਧਾਨ ਜਰਨੈਲ ਸਿੰਘ ਭਟੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਜਸਬੀਰ ਸਿੰਘ ਬਡਵਾਲਾ, ਅਵਤਾਰ ਸਿੰਘ ਭਟੇੜੀ, ਰਣਜੀਤ ਸਿੰਘ ਨੰਬਰਦਾਰ ਭਟੇੜੀ ਅਤੇ ਇਲਾਕੇ ਦੇ ਸਮੂਹ ਕਿਸਾਨਾਂ ਨੇ ਇੱਕ ਮੀਟਿੰਗ ਕਰਕੇ ਬਿਜਲੀ ਬੋਰਡ ਵਿਰੁੱਧ ਰੋਸ ਜਤਾਇਆ। ਜਰਨੈਲ ਸਿੰਘ ਭਟੇੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਲਈ ਖਾਸ ਕਰਕੇ ਝੋਨੇ ਦੀ ਲਵਾਈ ਲਈ ਬਿਜਲੀ ਦੇਣ ਦੇ ਕੀਤੇ ਗਏ ਵਾਅਦੇ ਅਨੁਸਾਰ ਕਿਸਾਨਾਂ ਨੂੰ ਜਰੂਰਤ ਅਨੁਸਾਰ ਬਿਜਲੀ ਨਹੀਂ ਮਿਲ ਰਹੀ ਜਿਸ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਸਾਨਾਂ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਘੜੂੰਆਂ ਤੋਂ ਚਲਦੇ ਸਿਕੰਦਰਪੁਰ ਅਤੇ ਲੂਲੋਂ ਫੀਡਰਾਂ ਤੋਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਦੋ ਦੋ ਘੰਟੇ ਦੋ ਤੋਂ ਤਿੰਨ ਘੰਟੇ ਤੱਕ ਬਿਜਲੀ ਕੱਟ ਲੱਗ ਰਹੇ ਹਨ। ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਹਰ ਤੀਸਰੇ ਦਿਨ 24 ਘੰਟੇ ਦਾ ਲਗਾਤਾਰ ਕੱਟ ਅਲੱਗ ਤੋਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਖੇਤੀ ਪ੍ਰਭਾਵਿਤ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਵੱਡਾ ਘਾਟਾ ਪਏਗਾ। ਉਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਦਿੱਤੇ ਗਏ ਸਮਾਂ ਸਾਰਨੀ ਅਨੁਸਾਰ ਬਿਜਲੀ ਸਪਲਾਈ ਦਿੱਤੀ ਜਾਵੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਬਡਵਾਲਾ ਬਲਾਕ ਪ੍ਰਧਾਨ ਬੀਕੇਯੂ ਰਾਜੇਵਾਲ, ਰਛਪਾਲ ਸਿੰਘ ਬਡਵਾਲਾ, ਜਗਜੀਤ ਸਿੰਘ ਜੱਗੀ, ਪਵਨਦੀਪ ਸਿੰਘ, ਅਵਤਾਰ ਸਿੰਘ ਭਟੇੜੀ, ਰਣਜੀਤ ਸਿੰਘ ਨੰਬਰਦਾਰ ਭਟੇੜੀ, ਕਰਮ ਸਿੰਘ, ਜਸਪਾਲ ਸਿੰਘ ਆਦ ਕਿਸਾਨ ਵੀ ਸ਼ਾਮਿਲ ਸਨ ਜਦ ਕਿ ਇਸ ਤੋਂ ਇਲਾਵਾ ਇਲਾਕੇ ਦੇ ਸਮੂਹ ਕਿਸਾਨ ਵੀਰਾਂ ਨੇ ਬਿਜਲੀ ਕੱਟਾਂ ਦਾ ਰੋਸ ਜਤਾਉਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਆਇਆ ਤਾਂ ਉਨ੍ਹਾਂ ਨੂੰ ਮਜਬੂਰਨ ਕੋਈ ਵੱਡਾ ਕਦਮ ਚੁੱਕਣਾ ਪਏਗਾ।