ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ’ਚ 35961 ਬੱਚਿਆਂ ਨੂੰ ਪਿਲਾਈਆਂ ਬੂੰਦਾਂ
ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ’ਚ 35961 ਬੱਚਿਆ ਨੂੰ ਪਲਾਈਆਂ ਬੂੂੰਦਾਂ
Publish Date: Sun, 28 Jun 2026 05:43 PM (IST)
Updated Date: Mon, 29 Jun 2026 04:02 AM (IST)

ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ’ਚ 260 ਰੈਗੂਲਰ ਬੂਥ, ਟ੍ਰਾਂਜਿਟ 22 ਤੇ 23 ਮੋਬਾਈਲ ਟੀਮਾਂ ਕੀਤੀਆਂ ਸਨ ਗਠਿਤ, ਮੁਹਿੰਮ ਤਹਿਤ 29 ਤੇ 30 ਨੂੰ ਟੀਮਾਂ ਘਰ ਘਰ ਜਾ ਕੇ 19782 ਬੱਚਿਆਂ ਨੂੰ ਪਿਲਾਉਣਗੀਆਂ ਬੂੰਦਾਂ। ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਸਿਹਤ ਵਿਭਾਗ ਰੂਪਨਗਰ ਵੱਲੋਂ ਤਿੰਨ ਰੋਜ਼ਾ ਰਾਸ਼ਟਰੀ ਪਲਸ ਪੋਲੀਓ ਦੇ ਪਹਿਲੇ ਦਿਨ ਜ਼ਿਲ੍ਹੇ 35961 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਲਾਈਆ ਗਈਆਂ, ਜਦਕਿ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ 55,473 ਹੈ। ਰੂਪਨਗਰ ਵਿਖੇ ਮੁਹਿੰਮ ਦੀ ਰਸਮੀ ਸ਼ੁਰੂਆਤ ਬੇਲਾ ਚੌਂਕ ਵਿਖੇ ਰੋਟਰੀ ਕਲੱਬ ਵੱਲੋਂ ਲਗਾਏ ਗਏ ਪੋਲੀਓ ਬੂਥ ਤੋਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ ਤੇ ਡਾ ਆਰਐਸ ਪਰਮਾਰ ਨੇ ਬੱਚੇ ਨੂੰ ਬੂੰਦਾਂ ਪਿਲਾ ਕੇ ਕੀਤੀ। ਡਾ. ਰਮਨ ਗੁਪਤਾ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਇਹ ਮੁਹਿੰਮ 28, 29 ਅਤੇ 30 ਜੂਨ ਤੱਕ ਤਿੰਨ ਦਿਨ ਚੱਲੇਗੀ, ਜਿਸ ਦੌਰਾਨ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਲਈ ਦੋ ਬੂੰਦਾਂ ਪਿਲਾਈਆਂ ਜਾਣਗੀਆਂ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਨਵਰੂਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਬੱਚੇ ਤੱਕ ਪਹੁੰਚ ਬਣਾਉਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਕੁੱਲ ਆਬਾਦੀ 7,33,082 ਹੈ, ਜਿਸ ਵਿੱਚੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ 55,473 ਹੈ ਅਤੇ ਮੁਹਿੰਮ ਦੌਰਾਨ 1,49,591 ਘਰਾਂ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ 28 ਜੂਨ ਨੂੰ ਜ਼ਿਲ੍ਹੇ ਭਰ ਵਿਚ 260 ਰੈਗੂਲਰ ਬੂਥ , ਟ੍ਰਾਂਜਿਟ 22 ਅਤੇ 23 ਮੋਬਾਈਲ ਟੀਮਾਂ ਵੱਲੋਂ 5 ਸਾਲ ਤੋਂ ਛੋਟੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ 29 ਅਤੇ 30 ਜੂਨ ਨੂੰ ਸਿਹਤ ਟੀਮਾਂ ਘਰ-ਘਰ ਜਾ ਕੇ ਉਨਾਂ ਬੱਚਿਆਂ ਨੂੰ ਕਵਰ ਕਰਨਗੀਆਂ ਜੋ ਬੂਥਾਂ ਤੇ ਨਹੀਂ ਪਹੁੰਚ ਸਕੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਬੋਬੀ ਗੁਲਾਟੀ, ਡਾਕਟਰ ਭਾਨੂ ਪਰਮਾਰ,ਡਾਕਟਰ ਭੀਮ ਸੇਨ, ਡਾ. ਰਜੀਵ, ਡਾ. ਗੁਰਸੇਵਕ ਸਿੰਘ, ਡਾ. ਚੌਧਰੀ, ਡਾ. ਆਰਤੀ, ਡਾ. ਅੰਕੁਰ ਸਿਹਤ ਵਿਭਾਗ ਦਾ ਸਟਾਫ ਤੇ ਰੋਟਰੀ ਮੈਂਬਰ ਹਾਜ਼ਰ ਸਨ l ‘ਹਰ ਬੂੰਦ–ਸੁਰੱਖਿਅਤ ਭਵਿੱਖ’ ਡਾ ਨਵਰੂਪ ਕੌਰ ਨੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਅਤੇ ਬੱਚਿਆਂ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਉਣ। ‘ਹਰ ਬੂੰਦ–ਸੁਰੱਖਿਅਤ ਭਵਿੱਖ’ ਦੇ ਸੰਦੇਸ਼ ਨਾਲ ਇਹ ਮੁਹਿੰਮ ਬੱਚਿਆਂ ਦੀ ਸਿਹਤਮੰਦ ਜ਼ਿੰਦਗੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਪੋਲੀਓ ਇੱਕ ਗੰਭੀਰ ਅਤੇ ਅਪਾਹਜਤਾ ਪੈਦਾ ਕਰਨ ਵਾਲੀ ਬਿਮਾਰੀ ਹੈ, ਜਿਸ ਤੋਂ ਬਚਾਅ ਸਿਰਫ਼ ਟੀਕਾਕਰਨ ਰਾਹੀਂ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਪੋਲੀਓ ਮੁਕਤ ਭਾਰਤ ਦਾ ਦਰਜਾ ਕਾਇਮ ਰੱਖਣ ਲਈ ਹਰ ਬੱਚੇ ਨੂੰ ਇਹ ਬੂੰਦਾਂ ਪਿਲਾਉਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਭਾਵੇਂ ਬੱਚੇ ਨੂੰ ਪਹਿਲਾਂ ਵੀ ਕਈ ਵਾਰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹੋਣ, ਫਿਰ ਵੀ ਇਸ ਮੁਹਿੰਮ ਦੌਰਾਨ ਦੋ ਬੂੰਦਾਂ ਜ਼ਰੂਰ ਪਿਲਾਈਆਂ ਜਾਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ। ਟੀਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਹਰ ਘਰ ਤੱਕ ਪਹੁੰਚ ਕਰਕੇ ਮੁਹਿੰਮ ਨੂੰ 100 ਫੀਸਦੀ ਕਾਮਯਾਬ ਬਣਾਉਣ। ਜ਼ਿਲ੍ਹੇ ਦੇ ਵੱਖ ਵੱਖ ਸਿਹਤ ਕੇਂਦਰਾਂ ਨੇ ਪਲਸ ਪੋਲਿਓ ਮੁਹਿੰਮ ਲਈ ਟੀਚਾਂ ਤੇ ਪਹਿਲੇ ਦਿਨ ਕਿੰਨੀਆਂ ਨੂੰ ਪਿਲਾਈਆਂ ਬੂੰਦਾਂ। 01: ਸਿਵਲ ਹਸਪਤਾਲ ਰੂਪਨਗਰ: 5991=2892 02:ਪ੍ਰਾਇਮਰੀ ਹੈਲਥ ਸੈਂਟਰ ਸ੍ਰੀ ਕੀਤਰਪੁਰ ਸਾਹਿਬ: 12203=9221 03: ਕਮਨਿਊਟੀ ਹੈਲਥ ਸੈਂਟਰ ਭਰਤਗੜ੍ਹ :12130=7248 04: ਕਮਨਿਊਟੀ ਹੈਲਥ ਸੈਂਟਰ ਨੂਰਪੁਰਬੇਦੀ: 7812=6425 05:ਸਬ ਡਵੀਜ਼ਨਲ ਹਸਪਤਾਲ ਸ੍ਰੀ ਚਮਕੌਰ ਸਾਹਿਬ: 8466=5634 06: ਸਬ ਡਵੀਜ਼ਨਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ: 2810=1593 07: ਸੀਡੀ ਰਾਜ ਨਗਰ: 2165=1424 08: ਬੀਬੀਐਮਬੀ ਨੰਗਲ:548=498 09: ਕਮਨਿਊਟੀ ਹੈਲਥ ਸੈਂਟਰ ਮੋਰਿੰਡਾ: 3348=1026