ਆਪ ਆਗੂ ਵੱਲੋਂ ਸ਼ਾਮਲਾਟ ਜ਼ਮੀਨ ’ਤੇ ਕੀਤਾ ਨਾਜਾਇਜ਼ ਕਬਜ਼ਾ ਛਡਵਾਉਣ ਦੀ ਮੰਗ
ਆਪ ਆਗੂ ਵੱਲੋਂ ਪਿੰਡ ਜਿੰਦਾਪੁਰ ਦੀ ਸ਼ਾਮਲਾਤ ਜਮੀਨ ਤੇ ਕੀਤਾ ਨਜਾਇਜ਼ ਕਬਜ਼ਾ ਛਡਵਾਉਣ ਦੀ ਮੰਗ
Publish Date: Sun, 28 Jun 2026 04:41 PM (IST)
Updated Date: Mon, 29 Jun 2026 04:02 AM (IST)

ਪੁਲਿਸ ਵੱਲੋਂ ਬੋਲੀ ਕਾਰਾਂ ‘ਤੇ ਹੀ ਪਰਚਾ ਦਰਜ ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਪਿੰਡ ਜਿੰਦਾਪੁਰ ਦੀ ਗ੍ਰਾਮ ਪੰਚਾਇਤ ਨੇ ਪਿੰਡ ਦੀ ਸ਼ਾਮਲਾਤ (ਪੰਚਾਇਤੀ) ਜ਼ਮੀਨ ਤੇ ਕਥਿਤ ਨਾਜਾਇਜ਼ ਕਬਜ਼ੇ ਅਤੇ ਸਿਆਸੀ ਦਬਾਅ ਹੇਠ ਬੋਲੀਕਾਰ ਕਿਸਾਨ ਖ਼ਿਲਾਫ਼ ਝੂਠਾ ਪਰਚਾ ਦਰਜ ਕਰਵਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪੰਚਾਇਤ ਨੇ ਮੁੱਖ ਮੰਤਰੀ ਭਗਵੰਤ ਮਾਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੋਂ ਦਖ਼ਲ ਦੇ ਕੇ ਪੰਚਾਇਤ ਦੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਉਣ ਅਤੇ ਦਰਜ ਕੀਤੀ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਸਰਪੰਚ ਜਤਿੰਦਰ ਕੌਰ, ਮਲਕੀਤ ਸਿੰਘ ਅਤੇ ਹੋਰ ਪੰਚਾਇਤ ਨੁਮਾਇੰਦਿਆਂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ 6 ਜੂਨ 2026 ਨੂੰ ਸਾਲ 2026-27 ਲਈ ਪਿੰਡ ਮੁਲਾਣਾ ਵਿਖੇ ਸਥਿਤ ਕਰੀਬ ਦੋ ਏਕੜ ਸ਼ਾਮਲਾਤ ਜ਼ਮੀਨ (ਪਲਾਟ ਨੰਬਰ-4) ਦੀ ਖੁੱਲ੍ਹੀ ਬੋਲੀ ਕਰਵਾਈ ਸੀ। ਇਸ ਬੋਲੀ ਵਿਚ ਪਿੰਡ ਘੁੜਕੇਵਾਲ ਦੇ ਦਰਸ਼ਨ ਸਿੰਘ ਨੇ 75,800 ਰੁਪਏ ਸਾਲਾਨਾ ਚਕੋਤੇ ਤੇ ਸਭ ਤੋਂ ਵੱਧ ਬੋਲੀ ਦੇ ਕੇ ਜ਼ਮੀਨ ਲਈ ਅਤੇ ਨਿਰਧਾਰਿਤ ਰਕਮ ਸਰਕਾਰੀ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੀ। ਪੰਚਾਇਤ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ ਸੱਤਾਧਾਰੀ ਪਾਰਟੀ ਨਾਲ ਸਬੰਧਤ ਇੱਕ ਵਿਅਕਤੀ ਨੇ ਕਥਿਤ ਤੌਰ ਤੇ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰਦਿਆਂ ਇਸ ਜ਼ਮੀਨ ਤੇ ਜ਼ਬਰਦਸਤੀ ਬਾਜਰਾ ਬੀਜ ਦਿੱਤਾ ਅਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪੰਚਾਇਤ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦਾ ਇਸ ਜ਼ਮੀਨ ਨਾਲ ਕੋਈ ਕਾਨੂੰਨੀ ਸਬੰਧ ਨਹੀਂ ਹੈ, ਫਿਰ ਵੀ ਉਹ ਲਗਾਤਾਰ ਕਬਜ਼ੇ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਰੋਧ ਕਰਨ ਤੇ ਪੰਚਾਇਤ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਨੂੰ ਕਥਿਤ ਤੌਰ ਤੇ ਧਮਕੀਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀਡੀਪੀਓ) ਸ੍ਰੀ ਚਮਕੌਰ ਸਾਹਿਬ ਸਮੇਤ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਅਤੇ ਉਕਤ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਧਰ ਇਸ ਮਾਮਲੇ ਸਬੰਧੀ ਡੀਐਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗ੍ਰਾਮ ਪੰਚਾਇਤ ਜਿੰਦਾਪੁਰ ਅਤੇ ਨਵਾਂਸ਼ਹਿਰ ਦੇ ਮਾਲ ਵਿਭਾਗ ਨੂੰ ਸਾਂਝੇ ਤੌਰ ਤੇ ਮੌਕੇ ਦੀ ਮਿਣਤੀ ਕਰਵਾਉਣ ਲਈ ਬੀਡੀਪੀਓ ਸ੍ਰੀ ਚਮਕੌਰ ਸਾਹਿਬ ਨੂੰ ਲਿਖਿਆ ਗਿਆ ਹੈ। ਮੌਕੇ ਦੀ ਅਸਲ ਸਥਿਤੀ ਸਾਹਮਣੇ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਪੰਚਾਇਤੀ ਜ਼ਮੀਨ ਦੇ ਦੂਜੇ ਬੋਲੀਕਾਰ ਕਿਸਾਨ ਲਖਬੀਰ ਸਿੰਘ ਪੁੱਤਰ ਮੋਹਨ ਸਿੰਘ ਤੇ ਮੋਹਨ ਸਿੰਘ ਪੁੱਤਰ ਸਰਵਣ ਸਿੰਘ ਜੋ ਕਿ ਪਿੰਡ ਘੁੱੜਕੇਵਾਲ ਦੇ ਵਸਨੀਕ ਹਨ, ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਵੀ ਪੰਚਾਇਤ ਦੀ ਖੁੱਲ੍ਹੀ ਨਿਲਾਮੀ ਰਾਹੀਂ ਜ਼ਮੀਨ ਪ੍ਰਾਪਤ ਕੀਤੀ ਸੀ ਅਤੇ ਆਪਣੇ ਖੇਤ ਝੋਨੇ ਦੀ ਕਾਸ਼ਤ ਲਈ ਤਿਆਰ ਕੀਤੇ ਸਨ, ਪਰ ਉਨ੍ਹਾਂ ਨੂੰ ਖੇਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਰਾਜਨੀਤਿਕ ਦਬਾਅ ਕਾਰਨ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕਾਠਗੜ੍ਹ ਥਾਣੇ ਵਿਚ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਹ ਖੇਤਾਂ ਵਿਚ ਜਾਂਦੇ ਸਨ, ਪੁਲਿਸ ਉਨ੍ਹਾਂ ਨੂੰ ਰੋਕਦੀ ਸੀ, ਜਿਸ ਕਾਰਨ ਝੋਨੇ ਦੀ ਕਾਸ਼ਤ ਪ੍ਰਭਾਵਿਤ ਹੋ ਰਹੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਵਿਵਾਦਤ ਜ਼ਮੀਨ ਸ੍ਰੀ ਚਮਕੌਰ ਸਾਹਿਬ ਤਹਿਸੀਲ ਅਤੇ ਥਾਣੇ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ, ਜਦੋਂ ਕਿ ਕਾਠਗੜ੍ਹ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਐਫਆਈਆਰ ਨੰਬਰ 96 ਧਾਰਾ 329 (3), 324(4), 303(2) 351(3) 3(5) ਬੀਐੱਨਐੱਸ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਪੰਚਾਇਤ ਦਾ ਪੱਖ ਨਹੀਂ ਸੁਣਿਆ ਗਿਆ ਅਤੇ ਨਾ ਹੀ ਮਾਲ ਰਿਕਾਰਡ ਦੀ ਜਾਂਚ ਕੀਤੀ ਗਈ। ਪੰਚਾਇਤ ਨੇ ਇਹ ਵੀ ਦਾਅਵਾ ਕੀਤਾ ਕਿ ਬੀਡੀਪੀਓ ਦਫ਼ਤਰ ਨੇ 23 ਜੂਨ, 2026 ਨੂੰ ਐਸਐਸਪੀ ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਥਾਣੇ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿਚ ਕਥਿਤ ਗੈਰ-ਕਾਨੂੰਨੀ ਕਬਜ਼ੇ ਸਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਸੀ, ਪਰ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਕਾਠਗੜ੍ਹ ਥਾਣੇ ਦੇ ਐੱਸਐੱਚਓ ਅਭਿਸ਼ੇਕ ਸ਼ਰਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਮੌਕੇ ਸਰਪੰਚ ਜਤਿੰਦਰ ਕੌਰ ਜਿੰਦਾਪੁਰ, ਮਲਕੀਤ ਸਿੰਘ, ਲਖਬੀਰ ਸਿੰਘ, ਮੋਹਣ ਸਿੰਘ, ਨਵਪ੍ਰੀਤ ਕੌਰ ਮੈਂਬਰ ਪੰਚਾਇਤ, ਹਰਜੀਤ ਸਿੰਘ, ਪ੍ਰੀਤਮ ਸਿੰਘ, ਬੱਗਾ ਸਿੰਘ ਮੈਂਬਰ ਪੰਚਾਇਤ, ਹਰਜੀਤ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ ਭੁਪਿੰਦਰ ਸਿੰਘ ਸਾਬਕਾ ਪੰਚ, ਭਜਨ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ ਅਜੈਬ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਰੋਸ ਜਾਹਿਰ ਕੀਤਾ।