ਇਤਿਹਾਸਕ ਕਸਬੇ ਘੜੂੰਆਂ 'ਚ ਯੋਜਨਾਬੱਧ ਵਿਕਾਸ ਦਾ ਰਾਹ ਸਾਫ਼
ਇਤਿਹਾਸਕ ਕਸਬੇ ਘੜੂੰਆਂ 'ਚ ਯੋਜਨਾਬੱਧ ਵਿਕਾਸ ਦਾ ਰਾਹ ਸਾਫ਼,ਰਿਹਾਇਸ਼ੀ ਤੇ ਉਦਯੋਗਿਕ ਵਿਕਾਸ ਦਾ ਖਾਕਾ ਤਿਆਰ
Publish Date: Sun, 28 Jun 2026 04:02 PM (IST)
Updated Date: Mon, 29 Jun 2026 04:01 AM (IST)

ਰਿਹਾਇਸ਼ੀ ਤੇ ਉਦਯੋਗਿਕ ਵਿਕਾਸ ਦਾ ਖਾਕਾ ਤਿਆਰ ਅਮਰਜੀਤ ਧੀਮਾਨ, ਪੰਜਾਬੀ ਜਾਰਗਣ, ਮੋਰਿੰਡਾ : ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਕਸਬਾ ਘੜੂੰਆਂ ਲਈ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਮਾਸਟਰ ਪਲਾਨ ਜਾਰੀ ਹੋਣ ਨਾਲ ਖੇਤਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਜਾਗੀ ਹੈ। ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਤੇ ਗਮਾਡਾ ਵੱਲੋਂ ਤਿਆਰ ਕੀਤੀ ਗਈ ਸੋਧੀ ਹੋਈ ਭੂ-ਉਪਯੋਗ ਯੋਜਨਾ ਨੂੰ ਜਨਤਕ ਕੀਤਾ ਗਿਆ ਹੈ, ਜਿਸ ਤੇ ਹੁਣ 30 ਦਿਨਾਂ ਤੱਕ ਲੋਕ ਆਪਣੇ ਸੁਝਾਅ ਅਤੇ ਇਤਰਾਜ਼ ਦਰਜ ਕਰਵਾ ਸਕਣਗੇ। ਟ੍ਰਾਈਸਿਟੀ ਦੇ ਵਿਸਥਾਰ ਦੇ ਕੇਂਦਰ ਚ ਆ ਚੁੱਕੇ ਨਗਰ ਘੜੂੰਆਂ ਚ ਪਿਛਲੇ ਕੁਝ ਸਾਲਾਂ ਦੌਰਾਨ ਰਿਹਾਇਸ਼ੀ ਤੇ ਵਪਾਰਕ ਗਤੀਵਿਧੀਆਂ ਤੇਜ਼ੀ ਨਾਲ ਵਧੀਆਂ ਹਨ। ਇਸ ਦੇ ਬਾਵਜੂਦ ਖੇਤਰ ਲਈ ਸਪੱਸ਼ਟ ਵਿਕਾਸ ਢਾਂਚਾ ਨਾ ਹੋਣ ਕਾਰਨ ਨਿਰਮਾਣ ਗਤੀਵਿਧੀਆਂ, ਮਨਜ਼ੂਰੀ ਪ੍ਰਕਿਰਿਆਵਾਂ ਤੇ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਚ ਕਈ ਦਿੱਕਤਾਂ ਸਾਹਮਣੇ ਆ ਰਹੀਆਂ ਸਨ। ਹੁਣ ਪਿੰਡ ਘੜੂਆਂ ਲਈ ਐਲਾਣੇ ਨਵੇਂ ਮਾਸਟਰ ਪਲਾਨ ਨਾਲ ਹੁਣ ਵੱਖ-ਵੱਖ ਖੇਤਰਾਂ ਦੀ ਵਰਤੋਂ ਸਪੱਸ਼ਟ ਹੋਣ ਕਾਰਨ ਭਵਿੱਖ ਦੇ ਵਿਕਾਸ ਪ੍ਰਾਜੈਕਟਾਂ ਨੂੰ ਨਿਸ਼ਚਿਤ ਦਿਸ਼ਾ ਮਿਲੇਗੀ। ਯੋਜਨਾ ਅਨੁਸਾਰ ਘੜੂੰਆਂ, ਮਾਮੂਪੁਰ ਤੇ ਸਕਰੂਲਾਂਪੁਰ ਨੂੰ ਨਗਰ ਪੰਚਾਇਤ ਦੇ ਮੁੱਖ ਸ਼ਹਿਰੀ ਖੇਤਰ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ ਨਾਗਰਿਕ ਸਹੂਲਤਾਂ, ਸੜਕਾਂ, ਡਰੇਨੇਜ ਪ੍ਰਬੰਧ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਧਿਆਨ ਚ ਰੱਖਦਿਆਂ ਵਿਕਾਸ ਕਾਰਜ ਅੱਗੇ ਵਧਾਏ ਜਾਣਗੇ। ਇਸ ਨਾਲ ਵਸਨੀਕਾਂ ਨੂੰ ਲੰਬੇ ਸਮੇਂ ਤੋਂ ਦਰਪੇਸ਼ ਕਈ ਪ੍ਰਸ਼ਾਸਨਿਕ ਅਤੇ ਤਕਨੀਕੀ ਮੁਸ਼ਕਲਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਰੌਲੀ, ਹਸਨਪੁਰ, ਰੁੜਕੀ ਪੁਖਤਾ, ਪੀਰ ਸੋਹਾਣਾ ਅਤੇ ਸਿੰਬਲ ਮਾਜਰਾ ਨੂੰ ਭਵਿੱਖ ਦੇ ਰਿਹਾਇਸ਼ੀ ਵਿਸਥਾਰ ਲਈ ਰਾਖਵਾਂ ਰੱਖਿਆ ਗਿਆ ਹੈ। ਇਨ੍ਹਾਂ ਖੇਤਰਾਂ ਚ ਵੱਡੇ ਪੱਧਰ ਤੇ ਯੋਜਨਾਬੱਧ ਟਾਊਨਸ਼ਿਪਾਂ ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਬੇਤਰਤੀਬ ਉਸਾਰੀਆਂ ਦੀ ਥਾਂ ਸੁਚੱਜੇ ਸ਼ਹਿਰੀ ਢਾਂਚੇ ਦੀ ਸਥਾਪਨਾ ਹੋ ਸਕੇ। ਮਾਸਟਰ ਪਲਾਨ ਚ ਉਦਯੋਗਿਕ ਵਿਕਾਸ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਸਿੱਲ ਤੇ ਗੜ੍ਹਾਂਗਾ ਨੂੰ ਉਦਯੋਗਿਕ ਜ਼ੋਨ ਵਜੋਂ ਰਾਖਵਾਂ ਕਰ ਕੇ ਭਵਿੱਖ ਦੇ ਨਿਵੇਸ਼ ਲਈ ਰਾਹ ਖੋਲ੍ਹਿਆ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਨਾ ਸਿਰਫ਼ ਉਦਯੋਗਿਕ ਇਕਾਈਆਂ ਸਥਾਪਤ ਹੋਣਗੀਆਂ ਸਗੋਂ ਸਥਾਨਕ ਪੱਧਰ ਤੇ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਖੇਤੀਬਾੜੀ ਆਧਾਰਿਤ ਪਿੰਡਾਂ ਦੀ ਮੂਲ ਪਹਿਚਾਣ ਰਹੇਗੀ ਬਰਕਰਾਰ ਦੂਜੇ ਪਾਸੇ ਕਈ ਪਿੰਡਾਂ ਨੂੰ ਖੇਤੀਬਾੜੀ ਤੇ ਪਿੰਡ ਆਧਾਰਿਤ ਜ਼ੋਨ ਵਜੋਂ ਕਾਇਮ ਰੱਖਿਆ ਗਿਆ ਹੈ। ਇਸ ਨਾਲ ਖੇਤੀਬਾੜੀ ਸਰਗਰਮੀਆਂ ਨੂੰ ਸੁਰੱਖਿਆ ਮਿਲੇਗੀ ਤੇ ਸ਼ਹਿਰੀ ਵਿਸਥਾਰ ਦੇ ਬਾਵਜੂਦ ਪੇਂਡੂ ਖੇਤਰਾਂ ਦੀ ਮੂਲ ਪਛਾਣ ਬਰਕਰਾਰ ਰਹੇਗੀ। ਰੀਅਲ ਅਸਟੇਟ ਖੇਤਰ ਨਾਲ ਜੁੜੇ ਲੋਕਾਂ ਅਨੁਸਾਰ ਮਾਸਟਰ ਪਲਾਨ ਦੇ ਜਾਰੀ ਹੋਣ ਤੋਂ ਬਾਅਦ ਨਿਵੇਸ਼ਕਾਂ ਦੀ ਦਿਲਚਸਪੀ ਚ ਵਾਧਾ ਦੇਖਿਆ ਜਾ ਰਿਹਾ ਹੈ। ਖੇਤਰ ਦੀ ਭੂਗੋਲਿਕ ਸਥਿਤੀ ਅਤੇ ਟ੍ਰਾਈਸਿਟੀ ਦੇ ਵਧਦੇ ਪ੍ਰਭਾਵ ਕਾਰਨ ਆਉਣ ਵਾਲੇ ਸਮੇਂ ਚ ਇੱਥੇ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋ ਸਕਦੀ ਹੈ। ਜ਼ਮੀਨੀ ਮੰਗ ਵਧਣ ਨਾਲ ਕੀਮਤਾਂ ਚ ਹੋਵੇਗਾ ਵੱਡਾ ਇਜ਼ਾਫ਼ਾ ਮਾਸਟਰ ਪਲਾਨ ਦਾ ਅਸਰ ਜ਼ਮੀਨੀ ਬਾਜ਼ਾਰ ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਪਹਿਲਾਂ ਤੋਂ ਹੀ ਮਾਸਟਰ ਪਲਾਨ ਦੀ ਉਡੀਕ ਵਿਚ ਬੈਠੇ ਇਨਵੈਸਟਰਾਂ ਅਤੇ ਪ੍ਰਾਪਰਟੀ ਕਾਰੋਬਾਰੀਆਂ ਅਨੁਸਾਰ ਖੇਤਰ ਚ ਜ਼ਮੀਨਾਂ ਦੀ ਮੰਗ ਵਧੀ ਹੈ ਤੇ ਕਈ ਇਨਵੈਸਟਰਾ ਵੱਲੋਂ ਜਮੀਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸਮਝਿਆ ਜਾ ਰਿਹਾ ਹੈ ਕਿ ਮਾਸਟਰ ਪਲਾਨ ਨਾਲ ਯੋਜਨਾਬੱਧ ਵਿਕਾਸ ਨਾਲ ਆਧੁਨਿਕ ਰਿਹਾਇਸ਼ੀ ਪ੍ਰੋਜੈਕਟਾਂ, ਵਪਾਰਕ ਕੇਂਦਰਾਂ, ਸਿੱਖਿਆ ਸੰਸਥਾਵਾਂ, ਸਿਹਤ ਸਹੂਲਤਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲੇਗਾ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹਨ ਕਿ ਲੋਕਾਂ ਤੋਂ ਪ੍ਰਾਪਤ ਸੁਝਾਵਾਂ ਅਤੇ ਇਤਰਾਜ਼ਾਂ ਤੋਂ ਬਾਅਦ ਅੰਤਿਮ ਮਾਸਟਰ ਪਲਾਨ ਨੂੰ ਕਦੋਂ ਮਨਜ਼ੂਰੀ ਮਿਲਦੀ ਹੈ ਅਤੇ ਇਸ ਦੇ ਅਮਲ ਨਾਲ ਘੜੂੰਆਂ ਨੂੰ ਵਿਕਾਸ ਦੀ ਨਵੀਂ ਪਛਾਣ ਕਿਵੇਂ ਮਿਲਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਯੋਜਨਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਈਆਂ ਤਾਂ ਘੜੂੰਆਂ ਆਉਣ ਵਾਲੇ ਵਰ੍ਹਿਆਂ ਚ ਟ੍ਰਾਈਸਿਟੀ ਦੇ ਸਭ ਤੋਂ ਤੇਜ਼ੀ ਨਾਲ ਵਿਕਸਤ ਹੋਣ ਵਾਲੇ ਖੇਤਰਾਂ ਚ ਸ਼ਾਮਲ ਹੋ ਸਕਦਾ ਹੈ।