ਬਿਜਲੀ ਸਪਲਾਈ ਨਾ ਮਿਲਣ ਕਾਰਨ ਭੜਕੇ ਕਿਸਾਨ, ਬੂਰਮਾਜਰਾ ਵਿਖੇ ਲਾਇਆ ਜਾਮ
ਬਿਜਲੀ ਸਪਲਾਈ ਨਾ ਮਿਲਣ ਕਾਰਨ ਭੜਕੇ ਕਿਸਾਨ, ਬੂਰਮਾਜਰਾ ਵਿਖੇ ਲਾਇਆ ਜਾਮ
Publish Date: Sat, 27 Jun 2026 06:34 PM (IST)
Updated Date: Sun, 28 Jun 2026 04:04 AM (IST)

ਕਿਸਾਨਾਂ ਵੱਲੋਂ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ, ਰੋਪੜ ਦਫਤਰ ਦਾ ਘਿਰਾਉ ਕਰਨ ਦੀ ਚੇਤਾਵਨੀ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਪਿੰਡ ਬੂਰਮਾਜਰਾ ਵਿਖੇ ਸਥਿਤ ਬਿਜਲੀ ਗਰਿੱਡ ਦੇ ਅਧਿਕਾਰੀਆਂ ਵੱਲੋਂ ਝੋਨੇ ਦੀ ਲਵਾਈ ਲਈ ਦਿਨ ਸਮੇਂ ਦਿੱਤੀ ਜਾਣ ਵਾਲੀ 8 ਘੰਟੇ ਦੀ ਬਿਜਲੀ ਸਪਲਾਈ ਨਾ ਛੱਡਣ ਦੇ ਵਿਰੋਧ ਵਿਚ ਕਿਸਾਨਾਂ ਦਾ ਗੁੱਸਾ ਫੁੱਟ ਪਿਆ। ਇਸ ਗਰਿੱਡ ਨਾਲ ਜੁੜੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਅਤੇ ਲੋਕਾਂ ਵੱਲੋਂ ਇਕੱਠੇ ਹੋ ਕੇ ਪਿੰਡ ਬੂਰਮਾਜਰਾ ਦੇ ਬੱਸ ਸਟੈਂਡ ’ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਚੱਕਾ ਜਾਮ ਕਰਕੇ ਟ੍ਰੈਫਿਕ ਰੋਕ ਦਿੱਤੀ ਗਈ। ਇਸ ਦੌਰਾਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਅਜਿਹੀ ਸਥਿਤੀ ਵਿਚ ਝੋਨੇ ਦੀ ਫ਼ਸਲ ਲਈ ਬਿਜਲੀ ਦੀ ਅਤਿ ਲੋੜ ਹੋਣ ਦੇ ਬਾਵਜੂਦ ਪਾਵਰਕਾਮ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਲੰਬੇ-ਲੰਬੇ ਕੱਟ ਲਗਾਏ ਜਾ ਰਹੇ ਹਨ। ਇਸ ਸਮੱਸਿਆ ਤੋਂ ਤੰਗ-ਪ੍ਰੇਸ਼ਾਨ ਕਿਸਾਨਾਂ ਵੱਲੋਂ ਮੋਰਿੰਡਾ ਵਿਖੇ ਬਿਜਲੀ ਦਫ਼ਤਰ ਅੱਗੇ ਵੀ ਰੋਸ ਧਰਨਾ ਦਿੱਤਾ ਗਿਆ ਅਤੇ ਪਾਵਰਕਾਮ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਬਲਾਕ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਕੰਗ, ਮਨਜੀਤ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪ੍ਰੰਤੂ ਜ਼ਮੀਨੀ ਹਕੀਕਤ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਖੇਤੀ ਮੋਟਰਾਂ ਦੀ ਬਿਜਲੀ ਬਹੁਤ ਘੱਟ ਆ ਰਹੀ ਹੈ, ਜਿਸ ਕਾਰਨ ਝੋਨੇ ਦੀ ਲੁਆਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀ ਸੈਕਟਰ ਲਈ 8 ਘੰਟੇ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਪੀਸੀ ਪਟਿਆਲਾ ਵੱਲੋਂ ਲੱਗ ਰਹੇ ਨੇ ਕੱਟ : ਐੱਸਈ ਰੂਪਨਗਰ ਇਸ ਸਬੰਧੀ ਪਾਵਰਕਾਮ ਰੂਪਨਗਰ ਦੇ ਨਿਗਰਾਨ ਇੰਜਨੀਅਰ (ਐੱਸਈ) ਨੇ ਦੱਸਿਆ ਕਿ ਇਹ ਬਿਜਲੀ ਕੱਟ ਸਥਾਨਕ ਪੱਧਰ ’ਤੇ ਨਹੀਂ, ਬਲਕਿ ਪੀਸੀ ਪਟਿਆਲਾ ਵੱਲੋਂ ਲਗਾਏ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਆਸ ਪ੍ਰਗਟਾਈ ਕਿ ਅਗਲੇ ਦੋ ਦਿਨਾਂ ਤੱਕ ਇਸ ਮਸਲੇ ਨੂੰ ਸੁਧਾਰ ਲਿਆ ਜਾਵੇਗਾ ਅਤੇ ਬਿਜਲੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ, ਜਿਸ ਉਪਰੰਤ ਧਰਨਾ ਪ੍ਰਦਰਸ਼ਨ ਸਮਾਪਤ ਹੋਇਆ। ਦੂਜੇ ਪਾਸੇ, ਕਿਸਾਨ ਆਗੂ ਸੁਖਵਿੰਦਰ ਸਿੰਘ ਬੂਰਮਾਜਰਾ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੋਮਵਾਰ ਤੱਕ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਪੂਰੀ 8 ਘੰਟੇ ਬਿਜਲੀ ਨਾ ਮਿਲੀ, ਤਾਂ ਸਾਰੇ ਪਿੰਡਾਂ ਦੇ ਕਿਸਾਨ ਇਕੱਠੇ ਹੋ ਕੇ ਮੁੱਖ ਬਿਜਲੀ ਦਫ਼ਤਰ ਰੂਪਨਗਰ ਦੇ ਅੱਗੇ ਭਾਰੀ ਰੋਸ ਪ੍ਰਦਰਸ਼ਨ ਅਤੇ ਘਿਰਾਓ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੌਰਾਨ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਟਕਰਾਅ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਸ਼ਾਸਨ ਦੀ ਹੋਵੇਗੀ। ਰੋਸ ਪ੍ਰਦਰਸ਼ਨ ਵਿਚ ਵੱਖ ਵੱਖ ਪਿੰਡਾਂ ਤੋਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਰੋਸ ਪ੍ਰਦਰਸ਼ਨ ਵਿਚ ਸੁਖਵਿੰਦਰ ਸਿੰਘ ਬੂਰ ਮਾਜਰਾ, ਗੁਰਨਾਮ ਸਿੰਘ ਬੂਰ ਮਾਜਰਾ, ਰਣਧੀਰ ਸਿੰਘ ਧੀਰਾ ਨਥਲਪੁਰ, ਅਮਰਜੀਤ ਸਿੰਘ ਨਥਲਪੁਰ, ਲੰਬੜਦਾਰ ਦਰਸ਼ਨ ਸਿੰਘ, ਜਸ਼ਨਪ੍ਰੀਤ ਸਿੰਘ ਬਾਠ, ਰਾਣਾ ਰਣਜੀਤ ਸਿੰਘ, ਓਂਕਾਰ ਸਿੰਘ, ਗੁਰਦੇਵ ਸਿੰਘ ਕਾਕਾ, ਫੌਜੀ ਨਿਰਮਲ ਸਿੰਘ, ਅਮਰਜੀਤ ਸਿੰਘ ਸਰਾਓ, ਰਾਜਵਿੰਦਰ ਸਿੰਘ ਰਾਜੂ ਕੰਗ, ਲਖਵਿੰਦਰ ਸਿੰਘ, ਅਵਤਾਰ ਸਿੰਘ, ਸੱਜਣ ਸਿੰਘ, ਸੁਰਿੰਦਰ ਸਿੰਘ, ਜਸਬੀਰ ਸਿੰਘ ਧਨੌਰੀ ਤੇ ਸਥਾਨਕ ਕਿਸਾਨਾਂ ਨੇ ਸ਼ਮੂਲੀਅਤ ਕੀਤੀ।