ਸਰਕਾਰਾਂ ਵੱਲੋਂ ਹੜ੍ਹਾਂ ਪ੍ਰਤੀ ਗੈਰ ਸੰਜੀਦਗੀ ਵਾਲੀ ਪਹੁੰਚ ਚਿੰਤਾਜਨਕ : ਢੰਗਰਾਲੀ
ਸਰਕਾਰਾਂ ਵੱਲੋਂ ਹੜ੍ਹਾਂ ਪ੍ਰਤੀ ਗੈਰ ਸੰਜੀਦਗੀ ਵਾਲੀ ਪਹੁੰਚ ਚਿੰਤਾਜਨਕ:ਢੰਗਰਾਲੀ
Publish Date: Sat, 20 Jun 2026 06:11 PM (IST)
Updated Date: Sun, 21 Jun 2026 04:04 AM (IST)

ਤੇਜੀ ਨਾਲ ਤੇਲ ਕੀਮਤਾਂ ’ਚ ਹੋਏ ਵਾਧੇ ਦੀ ਪੂਰਤੀ ਲਈ ਝੋਨੇ ’ਤੇ ਬੋਨਸ ਦੀ ਕੀਤੀ ਮੰਗ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪਿੰਡ ਬੂਰਮਾਜਰਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਬੂਰਮਾਜਰਾ ਦੀ ਇਕੱਤਰਤਾ ਗੁਰਦੀਪ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੁਖਵਿੰਦਰ ਸਿੰਘ ਬੂਰਮਾਜਰਾ ਨੇ ਦੱਸਿਆ ਕਿ ਮੀਟਿੰਗ ਕਿਸਾਨਾਂ ਦੀਆਂ ਭਖਵੀਆਂ ਮੰਗਾਂ ਅਤੇ ਬੂਹੇ ਉੱਤੇ ਆ ਢੁਕੀ ਬਰਸਾਤ ਦੇ ਮੱਦੇਨਜ਼ਰ ਹੜ੍ਹਾਂ ਦੀ ਸਥਿਤੀ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਚਿੰਤਾ ਪ੍ਰਗਟ ਕੀਤੀ ਗਈ ਕਿ ਸਰਕਾਰਾਂ ਪੰਜਾਬ ਵਿਚ ਪੈਦਾ ਹੋਣ ਵਾਲੀ ਹੜ੍ਹਾਂ ਦੀ ਸਥਿਤੀ ਪ੍ਰਤੀ ਗੰਭੀਰਤਾ ਨਾਲ ਤਸੱਲੀਬਖਸ਼ ਪ੍ਰਬੰਧ ਨਹੀਂ ਕਰ ਰਹੀਆਂ ਹਨ। ਇਸ ਮੌਕੇ ਡੀਜ਼ਲ ਦੀਆਂ ਅਚਾਨਕ ਤੇਜੀ ਨਾਲ ਵਧੀਆ ਬਹੁਤ ਜ਼ਿਆਦਾ ਕੀਮਤਾਂ ਕਾਰਨ ਝੋਨੇ ਦੀ ਫਸਲ ’ਤੇ ਵਾਧੂ ਖਰਚੇ ਦਾ ਭਾਰ ਕਿਸਾਨਾਂ ਸਿਰ ਪੈ ਗਿਆ ਹੈ, ਜੋ ਕਿਸਾਨਾਂ ਦੇ ਫਸਲੀ ਘਾਟੇ ਵਿਚ ਹੋਰ ਵਾਧਾ ਕਰ ਦੇਵੇਗਾ ਅਤੇ ਕਿਸਾਨ ਦੇ ਕਰਜੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਢੰਗਰਾਲੀ ਨੇ ਕਿਹਾ ਕਿ ਭਾਖੜਾ ਡੈਮ ਸਮੇਤ ਪੰਜਾਬ ਦੇ ਸਤਲੁੱਜ, ਬਿਆਸ, ਰਾਵੀ ਦਰਿਆਵਾਂ ਦੀ ਸਫਾਈ ਨਹੀਂ ਕੀਤੀ ਗਈ। ਇਨ੍ਹਾਂ ਦਰਿਆਵਾਂ ਵਿਚ ਉੱਚੇ ਉੱਚੇ ਰੇਤ ਦੇ ਟਿੱਬੇ ਬਣੇ ਹੋਏ ਹਨ, ਜਿਨਾਂ ’ਤ ਝਾੜ, ਦਰਖਤ, ਸਰਕੰਡਾ ਆਦਿ ਖੜ੍ਹੇ ਹਨ, ਜੋ ਦਰਿਆਵਾਂ ਦੇ ਪਾਣੀ ਦੇ ਵਹਾਅ ਵਿਚ ਵੱਡੀ ਰੁਕਾਵਟ ਬਣਦੇ ਹਨ। ਇਸ ਕਾਰਨ ਪਾਣੀ ਕੰਢਿਆਂ ਦੇ ਨਾਲ ਨਾਲ ਬਹਿੰਦਾ ਹੈ ਅਤੇ ਬਰਸਾਤ ਦੇ ਦਿਨਾਂ ਵਿਚ ਜਦੋਂ ਭਾਖੜਾ ਡੈਮ ਤੋਂ ਜਾਂ ਹੈੱਡ ਵਰਕਸਾਂ ਤੋਂ ਜ਼ਿਆਦਾ ਪਾਣੀ ਛੱਡਿਆ ਜਾਂਦਾ ਹੈ ਤਾਂ ਦਰਿਆਵਾਂ ਦੇ ਧੁੱਸੀ ਬੰਨ੍ਹ ਟੁੱਟ ਜਾਂਦੇ ਹਨ। ਇਸ ਕਾਰਨ ਹੜ੍ਹ ਦੀ ਸਥਿਤੀ ਖਤਰਨਾਕ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਦੇ ਵਿਚਕਾਰ ਦਰਖਤਾਂ, ਝਾੜਾਂ, ਰੇਤ ਮਿੱਟੀ ਦੇ ਉੱਚੇ ਟੱਬੇ ਟਿੱਬਿਆਂ ਨੂੰ ਸਾਫ ਕਰਵਾਉਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰੰਤੂ ਇਸ ਨੂੰ ਸੰਜੀਦਗੀ ਨਾਲ ਨਹੀਂ ਨਿਭਾਇਆ ਜਾ ਰਿਹਾ ਹੈ। ਦੂਜੇ ਪਾਸੇ ਭਾਖੜਾ ਡੈਮ ਦੇ ਵਿਚ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ ਵੀ ਘਟ ਗਈ ਹੈ ਕਿਉਂਕਿ ਡੈਮ ਵਿਚ ਵੀ ਬਹੁਤ ਸਾਰੀ ਜਗ੍ਹਾ ਰੇਤੇ ਨਾਲ ਭਰ ਗਈ ਹੈ। ਉਨ੍ਹਾਂ ਕਿਹਾ ਕਿ ਅਖਬਾਰਾਂ ਵਿਚ ਬਰਸਾਤ ਤੋਂ ਪਹਿਲਾਂ ਹੀ ਭਾਖੜਾ ਡੈਮ ਦੇ ਵਿਚ ਪਾਣੀ ਦੇ ਵਧਣ ਦੀਆਂ ਆ ਰਹੀਆਂ ਖਬਰਾਂ ਨੇ ਪੰਜਾਬ ਵਾਸੀਆਂ ਨੂੰ ਮੁੜ ਤੋਂ ਚਿੰਤਾ ਵਿਚ ਪਾ ਦਿੱਤਾ ਹੈ। ਇਸ ਮੌਕੇ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਗਈ ਕਿ ਪਿਛਲੇ ਸਾਲ ਦੇ ਹੜ੍ਹ ਵੱਲੋਂ ਝੰਬੇ ਗਏ ਲੋਕਾਂ ਨੇ ਸੁਰਤ ਵੀ ਨਹੀਂ ਸੰਭਾਲੀ ਹੈ ਕਿ ਮੁੜ ਤੋਂ ਹੜ੍ਹ ਦੀ ਆਫ਼ਤ ਡਰਾਉਣ ਲੱਗੀ ਹੈ, ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਸ ਨਾਲ ਨਜਿੱਠਣ ਲਈ ਕਿਧਰੇ ਵੀ ਕਿਤੇ ਕਾਰਗਰ ਪ੍ਰਬੰਧ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਅਚਾਨਕ ਤੇ ਤੇਜ਼ੀ ਨਾਲ ਵਧੀਆਂ ਤੇਲ ਦੀਆਂ ਕੀਮਤਾਂ ਤੋਂ ਪਹਿਲਾਂ ਤੈਅ ਕੀਤਾ ਗਿਆ ਸੀ ਪ੍ਰੰਤੂ ਤੇਜ਼ੀ ਨਾਲ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵੱਡੇ ਵਾਧੇ ਕਾਰਨ ਝੋਨੇ ਦੀ ਪੈਦਾਵਾਰ ਦਾ ਖਰਚਾ ਵੀ ਉਸੇ ਅਨੁਪਾਤ ਵਿਚ ਵੱਧ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਕਾਰ ਤੋਂ ਮੰਗ ਹੈ ਕਿ ਇਸ ਖਰਚੇ ਦੀ ਪੂਰਤੀ ਲਈ ਝੋਨੇ ਦੀ ਫਸਲ ’ਤੇ ਢੁਕਵਾਂ ਬੋਨਸ ਦਿੱਤਾ ਜਾਵੇ। ਇਸ ਮੌਕੇ ਧਰਮਪਾਲ ਸਿੰਘ, ਸ਼ੀਤਲ ਸੈਨ, ਰਘਵੀਰ ਸਿੰਘ, ਮਹਿੰਦਰ ਸਿੰਘ, ਸੋਹਣ ਸਿੰਘ, ਹਰਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਿੰਦਰ ਸਿੰਘ, ਗੁਰਚਰਨ ਸਿੰਘ, ਗੁਰਨਾਮ ਸਿੰਘ, ਕਰਮ ਸਿੰਘ, ਰਣਜੋਧ ਸਿੰਘ ਬਾਠ, ਅਰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।