ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨਾਂ ’ਚ ਭਾਰੀ ਰੋਸ
ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ
Publish Date: Sat, 20 Jun 2026 05:36 PM (IST)
Updated Date: Sun, 21 Jun 2026 04:04 AM (IST)

ਬੀਕੀਯੂ (ਸਿੱਧੂਪੁਰ) ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪੰਜਾਬ ਸਰਕਾਰ ਵੱਲੋਂ ਝੋਨਾ ਲਗਾਉਣ ਲਈ ਸੂਬੇ ਨੂੰ ਵੱਖ ਵੱਖ ਜ਼ੋਨਾਂ ਵਿਚ ਵੰਡ ਕੇ ਝੋਨਾ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਪ੍ਰੰਤੂ ਖੇਤੀਬਾੜੀ ਵਿਭਾਗ ਦੇ ਨਿਯਮਾਂ ਅਨੁਸਾਰ ਝੋਨਾ ਲਾਉਣ ਤੋਂ 40 ਦਿਨਾਂ ਦੇ ਅੰਦਰ-ਅੰਦਰ ਯੂਰੀਆ ਖਾਦ ਪਾਉਣੀ ਲਾਜ਼ਮੀ ਹੁੰਦੀ ਹੈ। ਇਸ ਦੇ ਬਾਵਜੂਦ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿਚ ਯੂਰੀਆ ਖਾਦ ਦੀ ਭਾਰੀ ਕਿੱਲਤ ਪੈਦਾ ਹੋ ਚੁੱਕੀ ਹੈ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੀਨੀਅਰ ਆਗੂ ਮੇਹਰ ਸਿੰਘ ਥੇੜੀ, ਹਕੀਕਤ ਸਿੰਘ ਘੜੂੰਆਂ ਅਤੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਖੇੜੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਵਿਚ 1 ਜੂਨ ਦਾ ਲੱਗਿਆ ਝੋਨਾ ਹੁਣ ਖਾਦ ਤੋਂ ਬਿਨਾਂ ਸੁੱਕ ਰਿਹਾ ਹੈ ਅਤੇ ਯੂਰੀਆ ਨਾ ਮਿਲਣ ਕਾਰਨ ਗੰਨੇ ਦੀ ਕਮਜ਼ੋਰ ਪੈ ਰਹੀ ਫ਼ਸਲ ਦੇ ਇਸ ਨਾਜ਼ੁਕ ਸਮੇਂ ਵਿਚ ਕਾਮਯਾਬੀ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਮਾਰਕਫੈੱਡ ਅਤੇ ਇਫਕੋ ਵਰਗੇ ਵੱਡੇ ਸਰਕਾਰੀ ਅਦਾਰੇ ਸਹਿਕਾਰੀ ਸਭਾਵਾਂ ਨੂੰ ਯੂਰੀਆ ਦੀ ਸਪਲਾਈ ਨਹੀਂ ਭੇਜ ਰਹੇ। ਇਸ ਦੇ ਕਾਰਨ ਛੋਟੇ ਕਿਸਾਨ, ਜੋ ਪੂਰੀ ਤਰ੍ਹਾਂ ਸਹਿਕਾਰੀ ਸਭਾਵਾਂ ’ਤੇ ਨਿਰਭਰ ਹਨ, ਖਾਦ ਲਈ ਭਟਕ ਰਹੇ ਹਨ। ਜਦਕਿ ਦੂਜੇ ਪਾਸੇ, ਪ੍ਰਾਈਵੇਟ ਡੀਲਰਾਂ ਕੋਲ ਯੂਰੀਆ ਦੀ ਕੋਈ ਕਮੀ ਨਹੀਂ ਹੈ, ਪ੍ਰੰਤੂ ਉਹ ਸਹਿਕਾਰੀ ਸਭਾਵਾਂ ਵਿਚ ਯੂਰੀਆ ਖਾਦ ਦੀ ਘਾਟ ਦਾ ਫਾਇਦਾ ਚੁੱਕ ਕੇ ਕਿਸਾਨਾਂ ਨੂੰ ਕਥਿਤ ਤੌਰ ’ਤੇ ਬਲੈਕ ਵਿਚ ਖਾਦ ਵੇਚ ਰਹੇ ਹਨ ਅਤੇ ਯੂਰੀਆ ਦੇ ਨਾਲ ਹੋਰ ਬੇਲੋੜੀਆਂ ਮਹਿੰਗੀਆਂ ਦਵਾਈਆਂ ਲੈਣ ਲਈ ਮਜ਼ਬੂਰ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਜਦੋਂ ਖਾਦ ਸਪਲਾਈ ਕਰਨ ਵਾਲੇ ਅਧਿਕਾਰੀਆਂ ਨੂੰ ਫੋਨ ਕੀਤਾ ਜਾਂਦਾ ਹੈ, ਤਾਂ ਉਹ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਦੇ। ਉਨਾਂ ਦੱਸਿਆ ਕਿ ਪਿੰਡ ਘੜੂੰਆ ਜੋ ਕਿ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਅਤੇ ਇੱਥੋਂ ਦੀ ਸਹਿਕਾਰੀ ਸਭਾ (ਸੋਸਾਇਟੀ) ਵੀ ਕਾਫੀ ਵੱਡੀ ਹੈ, ਵਿਖੇ ਇਸ ਸੀਜ਼ਨ ਦੌਰਾਨ ਘੱਟੋ-ਘੱਟ 9,000 ਬੋਰੀਆਂ ਯੂਰੀਆ ਖਾਦ ਦੀ ਲੋੜ ਹੈ। ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਹੁਣ ਤੱਕ ਇੱਥੇ ਸਿਰਫ਼ 2,500 ਬੋਰੀਆਂ ਹੀ ਪਹੁੰਚ ਸਕੀਆਂ ਹਨ। ਇੰਨੇ ਰੁਝੇਵਿਆਂ ਭਰੇ ਸਮੇਂ ਵਿਚ ਕਿਸਾਨ ਰੋਜ਼ਾਨਾ ਸੁਸਾਇਟੀ ਦੇ ਗੇੜੇ ਮਾਰ ਕੇ ਨਿਰਾਸ਼ ਪਰਤ ਰਹੇ ਹਨ ਕਿਉਂਕਿ ਸਹਿਕਾਰੀ ਸਭਾ ਦੇ ਗੋਦਾਮ ਖਾਲੀ ਪਏ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਸਹਿਕਾਰੀ ਸਭਾ ਘੜੂੰਆਂ ਵਿਖੇ ਇਕੱਠੇ ਹੋਏ ਵੱਡੀ ਗਿਣਤੀ ’ਚ ਕਿਸਾਨਾਂ ਨੇ ਮੰਗ ਕੀਤੀ ਕਿ ਮਾਰਕਫੈੱਡ ਅਤੇ ਇਫਕੋ ਵਿਭਾਗ ਤੁਰੰਤ ਪੰਜਾਬ ਭਰ ਦੀਆਂ ਸਹਿਕਾਰੀ ਸਭਾਵਾਂ ਵਿਚ ਯੂਰੀਆ ਦੀ ਸਪਲਾਈ ਯਕੀਨੀ ਬਣਾਏ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਗਲੇ 2 ਤੋਂ 3 ਦਿਨਾਂ ਦੇ ਵਿਚ ਖਾਦ ਦੀ ਸਪਲਾਈ ਨਾ ਹੋਈ ਤਾਂ ਕਿਸਾਨ ਸੜ੍ਹਕਾਂ ’ਤੇ ਉਤਰਨ ਲਈ ਮ਼ਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰੀ ਅਧਿਕਾਰੀਆਂ ਅਤੇ ਸਬੰਧਤ ਵਿਭਾਗਾਂ ਦੀ ਹੋਵੇਗੀ। ਇਸ ਮੌਕੇ ਜਰਨੈਲ ਸਿੰਘ ਘੜੂੰਆਂ, ਸਿਕੰਦਰ ਸਿੰਘ ਜ਼ਿਲ੍ਹਾ ਕੈਸ਼ੀਅਰ, ਭੁਪਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਘੜੂੰਆਂ, ਗੁਰਿੰਦਰਜੀਤ ਸਿੰਘ ਘੜੂੰਆਂ, ਗੁਰਵਿੰਦਰ ਸਿੰਘ ਲਾਛੜਾਂ ਪੰਚ, ਨਿਰਮਲ ਸਿੰਘ ਬਦਨਪੁਰ, ਲਾਲੀ ਘੜੂੰਆਂ, ਮਨਜਿੰਦਰ ਸਿੰਘ ਘੜੂੰਆਂ, ਕੁਲਦੀਪ ਸਿੰਘ ਬਦਨਪੁਰ ਸਾਬਕਾ ਪ੍ਰਧਾਨ, ਕੁਲਜੀਤ ਸਿੰਘ ਘੜੂੰਆਂ, ਮੇਜਰ ਸਿੰਘ ਨਵਾਂਗਰਾਂ, ਜਿੰਦਰ ਸਿੰਘ ਨਵਾਂਗਰਾਂ ਅਤੇ ਘੋਲਾ ਸਿੰਘ ਖੇੜੀ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਹਾਜ਼ਰ ਸਨ।