ਦਿੜ੍ਹਬਾ ਮੰਡੀ ਵਿਖੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਵਿਸ਼ਾਲ ਰੈਲੀ 23 ਨੂੰ
ਦਿੜ੍ਹਬਾ ਮੰਡੀ ਵਿਖੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਵਿਸ਼ਾਲ ਰੈਲੀ 23 ਨੂੰ
Publish Date: Sat, 20 Jun 2026 04:55 PM (IST)
Updated Date: Sun, 21 Jun 2026 04:04 AM (IST)

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਬਲਾਕ ਮੋਰਿੰਡਾ ਦੇ ਸਮੂਹ ਨਰੇਗਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ 19 ਦਿਨਾਂ ਤੋਂ ਧਰਨੇ ’ਤੇ ਬੈਠੇ ਹਨ ਅਤੇ ਇਹ ਧਰਨਾ ਨਿਰੰਤਰ ਜਾਰੀ ਹੈ, ਪ੍ਰੰਤੂ ਹਾਲੇ ਤੱਕ ਵੀ ਸਰਕਾਰ ਸਿਰਫ਼ ਝੂਠੇ ਲਾਰੇ ਹੀ ਲਗਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਵਰਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨਰੇਗਾ ਮੁਲਾਜ਼ਮਾਂ ਵੱਲੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੀਤੀ 18 ਸਾਲਾਂ ਦੀ ਸੇਵਾ ਦਾ ਮੁੱਲ ਮੁਲਾਜ਼ਮਾਂ ਨੂੰ ਸੜਕਾਂ ’ਤੇ ਰੋਲ ਕੇ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਉਧਾਰ ਮਟੀਰੀਅਲ ਖਰੀਦ ਕੇ ਕੰਮ ਕਰਵਾਏ ਜਾ ਰਹੇ ਹਨ ਪ੍ਰੰਤੂ 5 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ 10 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਪੈਨਲ ਮੀਟਿੰਗ ਵਿਚ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਪ੍ਰਵਾਨ ਕਰ ਲਈ ਗਈ ਸੀ। ਉਸੇ ਦਿਨ ਅਗਲੀ ਮੀਟਿੰਗ ਪ੍ਰੋਸੋਨਲ ਵਿਭਾਗ, ਵਿੱਤ ਵਿਭਾਗ, ਪੰਚਾਇਤ ਵਿਭਾਗ, ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿਚ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ 17 ਜੂਨ ਨੂੰ ਮੀਟਿੰਗ ਲਈ ਸੱਦਾ ਆਇਆ ਤਾਂ ਉਹ ਮੀਟਿੰਗ ਸਿਰਫ ਸੰਯੁਕਤ ਵਿਕਾਸ ਕਮਿਸ਼ਨਰ ਨਾਲ ਹੀ ਹੋਈ। ਇਸ ਮੀਟਿੰਗ ਵਿਚ ਉਨ੍ਹਾਂ ਵੱਲੋਂ ਯੂਨੀਅਨ ਆਗੂਆਂ ਨੂੰ ਕਿਹਾ ਗਿਆ ਕਿ ਹੜ੍ਹਤਾਲ ਵਾਪਸ ਲਵੋ ਅਤੇ ਕੰਮ ’ਤੇ ਆਓ ਨਹੀਂ ਤਾਂ ਉਹ ਨੌਕਰੀ ਤੋਂ ਕੱਢ ਦੇਣਗੇ। ਉਨ੍ਹਾਂ ਸੇਵਾਵਾਂ ਨਿਯਮਤ ਕਰਨ ਦੇ ਕੇਸ ਤਿਆਰ ਕੀਤੇ ਜਾਣ ਬਾਰੇ ਕਿਹਾ ਕਿ ਪਹਿਲਾਂ ਹੜ੍ਹਤਾਲ ਵਾਪਸ ਲਵੋ। ਇਸ ’ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਪਿਛਲੇ 18 ਸਾਲਾਂ ਵਿਚ ਅਜਿਹਾ ਧੋਖਾ 2011, 2015, 2016, 2019 ਤੇ 2021 ਦੌਰਾਨ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਸਰਕਾਰਾਂ ਨੇ ਵੀ ਕਈ ਵਾਰ ਕੀਤਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਵਿਭਾਗ ਦੇ ਵਿੱਤ ਸਕੱਤਰ ਅਜੀਤ ਬਾਲਾਜੀ ਜੋਸ਼ੀ ਨੇ ਵੀ 13 ਮਾਰਚ 2025 ਨੂੰ ਭਰੋਸਾ ਦਿੱਤਾ ਸੀ ਕਿ ਤਿੰਨ ਮਹੀਨੇ ਕੰਮ ਕਰਨ ਤੋਂ ਬਾਅਦ ਉਹ ਨਰੇਗਾ ਮਜ਼ਦੂਰਾਂ ਪੱਕੇ ਕਰਾਂਵਉਣਗੇ ਪ੍ਰੰਤੂ ਵਾਰ-ਵਾਰ ਅਜਿਹੇ ਲਾਰਿਆਂ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੇਵਾਵਾਂ ਪੱਕੀਆਂ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਕਿਸੇ ਵੀ ਕੀਮਤ ’ਤੇ ਹੜਤਾਲ ਵਾਪਸ ਨਹੀਂ ਲਈ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 23 ਜੂਨ ਨੂੰ ਦਿੜ੍ਹਬਾ ਮੰਡੀ ਵਿਖੇ ਪੰਜਾਬ ਪੱਧਰ ਦਾ ਲਾਮਿਸਾਲ ਇਕੱਠ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਧਰਨੇ ਵਿਚ ਹਰ ਪਿੰਡ ਵਿੱਚੋਂ 50 ਤੋਂ ਵੱਧ ਸਰਪੰਚ-ਪੰਚ, ਨਰੇਗਾ ਮੇਟ, ਮਜ਼ਦੂਰ ਤੇ ਮਜ਼ਦੂਰ ਆਗੂਆਂ ਨੂੰ ਸ਼ਾਮਲ ਕਰਨ ਲਈ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ ਵਿਚ ਮਰਜ਼ ਕਰਕੇ ਪੱਕੇ ਕਰਨ ਦੀ ਮੰਗ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਦੀਆਂ ਲੋਕ ਮਿਲਣੀਆਂ ਦੌਰਾਨ ਸਰਕਾਰ ਦੇ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹਰ ਕੀਤਮ ’ਤੇ ਆਪਣਾ ਨੌਕਰੀ ਪੱਕੀ ਕਰਵਾਉਣ ਦਾ ਹੱਕ ਲੈ ਕੇ ਰਹਿਣਗੇ। ਉਨ੍ਹਾਂ ਪੰਜਾਬ ਭਰ ਦੇ ਨਰੇਗਾ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਵਿਭਾਗ ਦੀ ਅਫ਼ਸਰਸ਼ਾਹੀ ਸਾਡੀ ਏਕਤਾ ਅਤੇ ਹੜ੍ਹਤਾਲ ਨੂੰ ਤੋੜਨ ਲਈ ਕਈ ਤਰ੍ਹਾਂ ਦੇ ਲਾਲਚ ਤੇ ਡਰਾਵੇ ਦੇ ਸਕਦੀ ਹੈ ਪ੍ਰੰਤੂ ਕਿਸੇ ਗੱਲ ਤੋਂ ਘਬਰਾਉਣਆ ਨਹੀਂ ਕਿਉਂਕਿ ਪੂਰਾ ਪੰਜਾਬ ਇੱਕ ਹੈ ਅਤੇ ਜਿੱਤ ਸਾਡੀ ਹੈ। ਇਸ ਮੌਕੇ ਏਪੀਓ ਸਤਨਾਮ ਸਿੰਘ, ਜਗਦੀਪ ਕੌਰ ਲੇਖਾਕਾਰ, ਸਾਹਿਬ ਰਾਮ ਤਕਨੀਕੀ ਸਹਾਇਕ, ਦਲਜੀਤ ਕੌਰ, ਦਿਲਬਾਗ ਸਿੰਘ, ਸੀਤਲ ਸਿੰਘ, ਰਣਧੀਰ ਸਿੰਘ, ਚੰਦਰ ਸੱਨ, ਜੀਆਰਐੱਸ ਆਦਿ ਹਾਜ਼ਰ ਸਨ।