ਕੈਬਨਿਟ ਮੰਤਰੀ ਸੌਂਦ ਦੀ ਹਾਜ਼ਰੀ ‘ਚ ਸਤਿੰਦਰ ਕੌਰ ਨੇ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਵਜੋਂ ਸੰਭਾਲਿਆ ਅਹੁਦਾ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਹਾਜ਼ਰੀ ‘ਚ ਸਤਿੰਦਰ ਕੌਰ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਵਜੋਂ ਸੰਭਾਲਿਆ ਅਹੁਦਾ
Publish Date: Mon, 06 Jul 2026 04:01 PM (IST)
Updated Date: Mon, 06 Jul 2026 04:03 PM (IST)
ਦੇਸ ਰਾਜ ਨੇ ਵਾਈਸ ਚੇਅਰਮੈਨ ਤੇ ਸ਼ਿਵ ਕੁਮਾਰ ਨੇ ਇੰਪਰੂਵਮੈਂਟ ਟਰੱਸਟ ਵਜੋਂ ਸੰਭਾਲਿਆ ਕਾਰਜਭਾਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਿੰਦਰ ਕੌਰ ਨੇ ਸੋਮਵਾਰ ਨੂੰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਹਾਜ਼ਰੀ ਚੇਅਰਪਰਸਨ ਵਜੋਂ ਅਹੁਦਾ ਸੰਭਾਲ ਲਿਆ, ਜਦਕਿ ਦੇਸ ਰਾਜ ਸੈਣੀ ਨੇ ਵਾਈਸ ਚੇਅਰਮੈਨ ਅਤੇ ਸ਼ਿਵ ਕੁਮਾਰ ਲਾਲਪੁਰਾ ਨੇ ਇੰਪਰੂਵਮੈਂਟ ਟਰੱਸਟ ਰੂਪਨਗਰ ਦੇ ਚੇਅਰਮੈਨ ਵਜੋਂ ਆਪਣਾ ਕਾਰਜਭਾਰ ਸੰਭਾਲਿਆ। ਇਸ ਮੌਕੇ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਅਤੇ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਮਾਗਮ ਵਿਚ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਪਾਰਟੀ ਆਗੂਆਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਮੈਂਬਰਾਂ, ਵਲੰਟੀਅਰਾਂ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਮਿਹਨਤੀ, ਇਮਾਨਦਾਰ ਅਤੇ ਸਮਰਪਿਤ ਵਰਕਰਾਂ ਨੂੰ ਲੋਕ ਸੇਵਾ ਦਾ ਮੌਕਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਪੇਂਡੂ ਵਿਕਾਸ ਦੀ ਅਹਿਮ ਸੰਸਥਾ ਹੈ ਅਤੇ ਇਸ ਰਾਹੀਂ ਪਿੰਡਾਂ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾਂਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਟੀਮ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਦਿਆਂ ਵਿਕਾਸ ਕਾਰਜਾਂ ਨੂੰ ਹੋਰ ਗਤੀ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਸਾਡੀ ਟੀਮ ਉੱਪਰ ਵਿਸ਼ਵਾਸ ਜਤਾਉਂਦਿਆਂ ਵੱਡੀ ਜਿੱਤ ਦਿਵਾਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ, ਉਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੀ ਸਾਰੀ ਟੀਮ ਵੀ ਲੋਕਾਂ ਦੇ ਇਸ ਵਿਸ਼ਵਾਸ ਉੱਪਰ ਖਰਾ ਉਤਰੇਗੀ। ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਪਰਿਵਾਰਾਂ ਨਾਲ ਸਬੰਧਤ ਮਿਹਨਤੀ ਵਰਕਰਾਂ ਨੂੰ ਯੋਗਤਾ ਦੇ ਆਧਾਰ ਤੇ ਜ਼ਿੰਮੇਵਾਰੀਆਂ ਸੌਂਪ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਇੰਪਰੂਵਮੈਂਟ ਟਰੱਸਟ ਲੋਕਾਂ ਦੀਆਂ ਉਮੀਦਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਰੂਪਨਗਰ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਵੀਂ ਟੀਮ ਪਾਰਦਰਸ਼ਤਾ, ਇਮਾਨਦਾਰੀ ਅਤੇ ਲੋਕ ਭਲਾਈ ਦੀ ਭਾਵਨਾ ਨਾਲ ਕੰਮ ਕਰਦਿਆਂ ਸਰਕਾਰੀ ਯੋਜਨਾਵਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਏਗੀ। ਅਹੁਦਾ ਸੰਭਾਲਣ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਸਤਿੰਦਰ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਾਰਟੀ ਲੀਡਰਸ਼ਿਪ ਅਤੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਸਮਰਪਣ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ, ਸਫ਼ਾਈ ਪ੍ਰਬੰਧ ਵਿਚ ਸੁਧਾਰ ਲਿਆਉਣਾ, ਨੌਜਵਾਨਾਂ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਯਤਨ ਕਰਨਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕਰਨਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੋਣਗੀਆਂ। ਇਸ ਮੌਕੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਡਾ. ਸੰਜੀਵ ਗੌਤਮ, ਚੇਅਰਮੈਨ ਬਲਾਕ ਸੰਮਤੀ ਰੂਪਨਗਰ ਮਲਕੀਤ ਸਿੰਘ ਭੰਗੂ, ਚੇਅਰਮੈਨ ਬਲਾਕ ਸੰਮਤੀ ਨੂਰਪੁਰ ਬੇਦੀ ਸੁਨੀਤਾ ਦੇਵੀ, ਚੇਅਰਮੈਨ ਮਾਰਕੀਟ ਕਮੇਟੀ ਭਾਗ ਸਿੰਘ ਮੈਦਾਨ, ਪ੍ਰਧਾਨ ਨਗਰ ਕੌਂਸਲ ਰੂਪਨਗਰ ਇੰਦਰਪਾਲ ਸਿੰਘ ਰਾਜੂ ਸਤਿਆਲ, ਜ਼ਿਲ੍ਹਾ ਯੂਥ ਪ੍ਰਧਾਨ ਚੇਤਨ ਕਾਲੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਸੰਮਤੀ ਮੈਂਬਰ ਤਿਲਕ ਰਾਜ ਪੰਮਾ, ਐਡਵੋਕੇਟ ਦੌਲਤ ਸਿੰਘ ਚੱਬੇਵਾਲ, ਚੌਧਰੀ ਹੁਸਨ ਲਾਲ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਅਹੁਦੇਦਾਰ, ਵਰਕਰ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਮੈਂਬਰ, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।