- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਐੱਮਐੱਸ ਕਮੇਟੀ ਵੱਲੋਂ ਕਰ ਮੁਕਤ ਵਪਾਰ ਸਮਝੌਤੇ ਵਿਰੁੱਧ ਫੂਕੇ ਮੋਦੀ ਤੇ ਟਰੰਪ ਦੇ ਪੁੱਤਲੇ

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਇੱਥੋਂ ਦੇ ਚੁੰਨੀ ਚੌਕ ’ਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨ ਮਜ਼ਦੂਰ ਸੰਘਰਸ਼ (ਕੇਐੱਮਐੱਸ) ਕਮੇਟੀ ਰੂਪਨਗਰ ਵੱਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪੁਤਲੇ ਫੂਕੇ ਗਏ। ਇਹ ਰੋਸ ਪ੍ਰਦਰਸ਼ਨ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਢੰਗਰਾਲੀ ਦੀ ਅਗਵਾਈ ਹੇਠ ਭਾਰਤ-ਅਮਰੀਕਾ ਵਿਚਕਾਰ ਹੋ ਰਹੇ ਕਰ ਮੁਕਤ ਵਪਾਰ ਸਮਝੌਤੇ ਦੇ ਵਿਰੁੱਧ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਗੁਰਦੀਪ ਸਿੰਘ ਕੰਗ ਅਤੇ ਮੀਤ ਪ੍ਰਧਾਨ ਜਸਵੀਰ ਸਿੰਘ ਦਾਤਾਰਪੁਰ ਨੇ ਦੱਸਿਆ ਕਿ ਇਸ ਦੌਰਾਨ ਕੇਂਦਰ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਢੰਗਰਾਲੀ ਨੇ ਕਿਹਾ ਕਿ ਅਮਰੀਕਾ ਦੇ ਦਬਾਅ ਹੇਠਾਂ ਆ ਕੇ ਕਿਸਾਨਾਂ-ਮਜ਼ਦੂਰਾਂ ਵਿਰੁੱਧ ਕਰ ਮੁਕਤ ਸਮਝੌਤੇ ’ਤੇ ਦਸਤਖਤ ਕਰਕੇ ਦੇਸ਼ ਨੂੰ ਖੇਤੀਬਾੜੀ ਵਿਚ ਆਤਮ ਨਿਰਭਰ ਕਰਨ ਦੀ ਥਾਂ ਅਮਰੀਕਾ ’ਤੇ ਨਿਰਭਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹਰ ਸਾਲ 1 ਲੱਖ, 75 ਹਜ਼ਾਰ ਕਰੋੜ ਦਾ ਖਾਣ ਵਾਲਾ ਤੇਲ ਅਤੇ 70 ਹਜ਼ਾਰ ਕਰੋੜ ਦੀਆਂ ਦਾਲਾਂ ਬਾਹਰਲੇ ਮੁਲਕਾਂ ਤੋਂ ਮੰਗਵਾਉਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਤੇ ਐੱਮਐੱਸਪੀ ਗਰੰਟੀ ਕਾਨੂੰਨ ਲਾਗੂ ਕੀਤਾ ਜਾਵੇ ਤਾਂ ਦਾਲਾਂ ਅਤੇ ਖਾਣ ਵਾਲੇ ਤੇਲ ਦੀਆਂ ਫਸਲਾਂ ਦੀ ਪੈਦਾਵਾਰ ਦੇਸ਼ ਵਿਚ ਹੀ ਲੋੜੀਂਦੀ ਮਾਤਰਾ ਵਿਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਅਮਰੀਕਾ ਦੇ ਰਹਿਮੋ ਕਰਮ ’ਤੇ ਛੱਡਣ ਲਈ ਯਤਨਸ਼ੀਲ ਹੈ, ਜਿਸ ਦੇ ਲਈ ਪਿਛਲੇ ਸਾਲ ਤੋਂ ਕਰ ਮੁਕਤ ਸਮਝੌਤੇ ਨੂੰ ਸਿਰੇ ਚਾੜਨ ਲਈ ਭਾਰਤ ਸਰਕਾਰ ਤਰਲੋ ਮੱਛੀ ਹੋਈ ਪਈ ਹੈ। 7 ਫਰਵਰੀ, 2026 ਨੂੰ ਦੋਨਾਂ ਮੁਲਕਾਂ ਵੱਲੋਂ ਸਾਂਝਾ ਐਲਾਨ ਕੀਤਾ ਗਿਆ ਸੀ ਕਿ ਕਰ ਮੁਕਤ ਵਪਾਰ ਸਮਝੌਤਾ ਜਲਦੀ ਸਿਰੇ ਚਾੜ ਲਿਆ ਜਾਵੇਗਾ ਜੋ ਇਰਾਨ ਯੁੱਧ ਕਾਰਨ ਅਤੇ ਹੋਰ ਕਾਰਨਾਂ ਕਰਕੇ ਨਹੀਂ ਹੋ ਸਕਿਆ ਸੀ। 24 ਜੂਨ ਨੂੰ ਕਰ ਮੁਕਤ ਵਪਾਰ ਸਮਝੌਤਾ ਕਰ ਲਿਆ ਜਾਵੇਗਾ, ਜਿਸ ਦਾ ਪਹਿਲਾ ਪੜਾਅ ਜਲਾਈ, 2026 ਵਿਚ ਹੀ ਲਾਗੂ ਹੋ ਜਾਵੇਗਾ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਕਰ ਮੁਕਤ ਸਮਝੌਤੇ ਅਧੀਨ 5 ਸਾਲ ਵਿਚ 45 ਲੱਖ ਕਰੋੜ ਦੀਆਂ ਖੇਤੀ ਤੇ ਡੇਅਰੀ ਦੀਆਂ ਵਸਤੂਆਂ ਦਾ ਵਪਾਰ ਅਮਰੀਕਾ ਵੱਲੋਂ ਭਾਰਤ ਨਾਲ ਕੀਤਾ ਜਾਵੇਗਾ, ਜਿਸ ’ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਦੇ ਉਲਟ ਜੋ ਵਸਤੂਆਂ ਭਾਰਤ ਵੱਲੋਂ ਅਮਰੀਕਾ ਨੂੰ ਭੇਜੀਆਂ ਜਾਣਗੀਆਂ, ਉਨ੍ਹਾਂ ’ਤੇ ਅਮਰੀਕਾ ਵੱਲੋਂ 18 ਫੀਸਦੀ ਟੈਕਸ ਲਗਾਇਆ ਜਾਵੇਗਾ। ਅਮਰੀਕੀ ਦਬਾਅ ਹੇਠ ਅਜਿਹੇ ਸਮਝੌਤੇ ਕਰਨਾ ਦੇਸ਼ ਦੀ ਆਜ਼ਾਦੀ ’ਤੇ ਪ੍ਰਸ਼ਨ ਚਿੰਨ ਲਗਾਉਂਦਾ ਹੈ ਕਿਉਂਕਿ ਆਜ਼ਾਦ ਮੁਲਕ ਬਰਾਬਰੀ ਦਾ ਸਮਝੌਤਾ ਕਰਦੇ ਹਨ ਪ੍ਰੰਤੂ ਇਹ ਇੱਕ ਤਰਫਾ ਭਾਰਤ ਵਿਰੋਧੀ ਫੈਸਲਾ ਹੈ। ਇਹ ਸਮਝੌਤਾ ਕਿਸਾਨੀ ਦੇ ਮੌਤ ਦੇ ਵਰੰਟਾਂ ’ਤੇ ਦਸਤਖਤ ਕਰਨਾ ਹੋਵੇਗਾ। ਇਸ ਨਾਲ ਜਿੱਥੇ ਪਰੰਪਰਾਗਤ ਕਣਕ, ਝੋਨੇ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਦੀ ਕਿਸਾਨੀ ਖਤਮ ਹੋਵੇਗੀ, ਉਥੇ ਦੁੱਧ ਉਤਪਾਦਕਾਂ, ਦਾਲਾਂ ਤੇ ਖਾਣ ਵਾਲੇ ਤੇਲਾਂ ਦੀਆਂ ਫਸਲਾਂ ਪੈਦਾ ਕਰਨ ਵਾਲੇ ਕਿਸਾਨਾਂ ਦਾ ਲੱਕ ਟੁੱਟ ਜਾਵੇਗਾ। ਇਸ ਨਾਲ ਦੇਸ਼ ਵਿਚ ਬੇਰੁਜ਼ਗਾਰੀ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਲਵੇਗੀ, ਜਿਸ ਨਾਲ ਦੇਸ਼ ਵਿਚ ਬਦ ਅਮਨੀ ਦੇ ਹਾਲਾਤ ਪੈਦਾ ਹੋ ਸਕਦੇ ਹਨ। ਇਸ ਰੋਸ ਪ੍ਰਦਰਸ਼ਨ ਦੌਰਾਨ ਸੁਖਵਿੰਦਰ ਸਿੰਘ ਬੂਰਮਾਜਰਾ, ਗੁਰਨਾਮ ਸਿੰਘ ਬੂਰਮਾਜਰਾ, ਰਣਧੀਰ ਸਿੰਘ ਧੀਰਾ ਨੱਥਮਲਪੁਰ, ਅਮਰਜੀਤ ਸਿੰਘ ਨਥਮਲਪੁਰ, ਲੰਬੜਦਾਰ ਦਰਸ਼ਨ ਸਿੰਘ, ਜਸ਼ਨਪ੍ਰੀਤ ਸਿੰਘ ਬਾਠ, ਰਾਣਾ ਰਣਜੀਤ ਸਿੰਘ, ਓਂਕਾਰ ਸਿੰਘ, ਗੁਰਦੇਵ ਸਿੰਘ ਕਾਕਾ, ਫੌਜੀ ਨਿਰਮਲ ਸਿੰਘ, ਅਮਰਜੀਤ ਸਿੰਘ ਸਰਾਓ, ਰਾਜਵਿੰਦਰ ਸਿੰਘ ਰਾਜੂ ਕੰਗ, ਲਖਵਿੰਦਰ ਸਿੰਘ, ਅਵਤਾਰ ਸਿੰਘ, ਸੱਜਣ ਸਿੰਘ ਬਡਵਾਲੀ, ਸੁਰਿੰਦਰ ਸਿੰਘ, ਜਸਬੀਰ ਸਿੰਘ ਦਾਤਾਰਪੁਰ ਆਦਿ ਸਮੇਤ ਸਥਾਨਕ ਆਗੂਆਂ ਅਤੇ ਆਸਪਾਸ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ।