ਸਿਹਤ ਵਿਭਾਗ ਵੱਲੋਂ ਸਟਾਪ ਡਾਇਰੀਆ, ਸੇਵ ਲਾਈਫ ਮੁਹਿੰਮ ਦੀ ਸ਼ੁਰੂਆਤ
ਸਿਹਤ ਵਿਭਾਗ ਵੱਲੋਂ ਸਟਾਪ ਡਾਇਰੀਆ, ਸੇਵ ਲਾਈਫ ਮੁਹਿੰਮ ਦੀ ਕੀਤੀ ਸ਼ੁਰੂਆਤ
Publish Date: Tue, 16 Jun 2026 04:47 PM (IST)
Updated Date: Tue, 16 Jun 2026 04:48 PM (IST)

ਓਆਰਐੱਸ-ਜ਼ਿੰਕ ਕਾਰਨਰ ਕੀਤੇ ਜਾਣਗੇ ਸਥਾਪਿਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਰੂਪਨਗਰ ਵਿਖੇ ਸਿਵਲ ਸਰਜਨ ਰੂਪਨਗਰ ਡਾ.ਰਮਨ ਗੁਪਤਾ ਦੀ ਅਗਵਾਈ ਹੇਠ ਸਟਾਪ ਡਾਇਰੀਆ, ਸੇਵ ਲਾਈਫ ਮੁਹਿੰਮ ਦੀ ਵਰਚੂਅਲ ਮੋਡ ਰਾਹੀਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ.ਰਮਨ ਗੁਪਤਾ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਨਵਰੂਪ ਕੌਰ ਵੱਲੋਂ ਜ਼ਿਲ੍ਹੇ ਦੇ ਸਮੂਹ ਐੱਸਐੱਮਓਜ਼,, ਨੋਡਲ ਅਫ਼ਸਰਾਂ, ਬਲਾਕ ਐਜੂਕੇਟਰਜ਼, ਏਐੱਨਐੱਮਜ਼ ਅਤੇ ਐੱਲਐੱਚਵੀਜ਼ ਦੇ ਨਾਲ ਵਰਚੂਅਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 16 ਜੂਨ ਤੋਂ 31 ਜੁਲਾਈ ਤੱਕ ਚਲਾਈ ਜਾਵੇਗੀ। ਇਸ ਦਾ ਮੁੱਖ ਉਦੇਸ਼ ਬੱਚਿਆਂ ਵਿਚ ਡਾਇਰੀਆ (ਦਸਤ) ਕਾਰਨ ਹੋਣ ਵਾਲੀ ਬਿਮਾਰੀ ਅਤੇ ਮੌਤ ਦਰ ਨੂੰ ਘਟਾਉਣਾ ਹੈ। ਇਸ ਮੌਕੇ ਸਿਵਲ ਸਰਜਨ ਡਾ.ਰਮਨ ਗੁਪਤਾ ਨੇ ਦੱਸਿਆ ਕਿ ਮੁਹਿੰਮ ਦੌਰਾਨ ਜ਼ਿਲ੍ਹਾ ਪੱਧਰ ’ਤੇ ਅੰਤਰ-ਵਿਭਾਗੀ ਟਾਸਕ ਫੋਰਸ ਮੀਟਿੰਗਾਂ ਕਰਵਾਈਆਂ ਜਾਣਗੀਆਂ ਅਤੇ ਸੋਸ਼ਲ ਐਂਡ ਬਿਹੇਵੀਅਰ ਚੇਂਜ ਕਮਿਊਨੀਕੇਸ਼ਨ (ਐੰਸਬੀਸੀਸੀ) ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਿੱਖਿਆ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਚਾਇਤੀ ਰਾਜ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਸਾਂਝੀਆਂ ਗਤੀਵਿਧੀਆਂ ਚਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਓਆਰਐੱਸ-ਜ਼ਿੰਕ ਕਾਰਨਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਡਾਇਰੀਆ ਤੋਂ ਪ੍ਰਭਾਵਿਤ ਬੱਚਿਆਂ ਨੂੰ ਸਮੇਂ ਸਿਰ ਓਆਰਐੱਸ ਅਤੇ ਜ਼ਿੰਕ ਦੀ ਉਪਲੱਬਧਤਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਸਮੂਹ ਸਿਹਤ ਕਰਮਚਾਰੀਆਂ, ਆਸ਼ਾ ਤੇ ਆਂਗਣਵਾੜੀ ਵਰਕਰਜ਼ ਅਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰੇ ਸਮਰਪਣ ਨਾਲ ਕੰਮ ਕਰਨ ਤਾਂ ਜੋ ਡਾਇਰੀਆ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਨਵਰੂਪ ਕੌਰ ਨੇ ਦੱਸਿਆ ਕਿ ਮੁਹਿੰਮ ਦੌਰਾਨ ਸਿਹਤ ਕਰਮਚਾਰੀਆਂ ਵੱਲੋਂ ਡਾਇਰੀਆ ਦੇ ਕੇਸਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਯੋਗ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਅਤੇ ਗੰਭੀਰ ਮਾਮਲਿਆਂ ਨੂੰ ਉੱਚ ਸਿਹਤ ਸੰਸਥਾਵਾਂ ਵਿਚ ਰੈਫਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀਆਂ ਵੱਲੋਂ ਸਿਹਤ ਸੰਸਥਾਵਾਂ, ਆਂਗਣਵਾੜੀ ਕੇਂਦਰਾਂ, ਸਕੂਲਾਂ ਅਤੇ ਘਰ-ਘਰ ਜਾ ਕੇ ਜਾਗਰੂਕਤਾ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਡਾਇਰੀਆ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਨਵਜੰਮੇ ਅਤੇ ਛੋਟੇ ਬੱਚਿਆਂ ਲਈ ਮਾਂ ਦੇ ਦੁੱਧ ਨੂੰ ਪਿਲਾਉਣ ਲਈ ਉਤਸਾਹਿਤ ਕਰਨ, ਰੋਟਾਵਾਇਰਸ ਵੈਕਸੀਨ ਸਮੇਤ ਪੂਰਨ ਟੀਕਾਕਰਨ, ਸਾਫ਼ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ, ਸਾਫ਼-ਸਫ਼ਾਈ ਅਤੇ ਸਾਬਣ ਨਾਲ ਹੱਥ ਧੋਣ ਦੀ ਆਦਤ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ ਤਾਂ ਜੋ ਡਾਇਰੀਆ ਦੀ ਰੋਕਥਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।