ਫਾਰਮ ਸਟੇਅ ਨੀਤੀ-2026 ਸਬੰਧੀ ਪਹਿਲੀ ਜਾਗਰੂਕਤਾ ਵਰਕਸ਼ਾਪ ਕਰਵਾਈ
ਫਾਰਮ ਸਟੇਅ ਨੀਤੀ-2026 ਸਬੰਧੀ ਪਹਿਲੀ ਜਾਗਰੂਕਤਾ ਵਰਕਸ਼ਾਪ ਆਯੋਜਿਤ
Publish Date: Tue, 16 Jun 2026 03:27 PM (IST)
Updated Date: Tue, 16 Jun 2026 03:30 PM (IST)

ਪੇਂਡੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪ ’ਚ 60 ਤੋਂ ਵੱਧ ਕਿਸਾਨਾਂ ਨੇ ਲਿਆ ਹਿੱਸਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਕੇਵੀਕੇ ਰੂਪਨਗਰ ਵਿਖੇ ਪੇਂਡੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਲਈ ਆਮਦਨ ਦੇ ਵਾਧੂ ਸਰੋਤ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਫਾਰਮ ਸਟੇਅ ਨੀਤੀ-2026 ਸਬੰਧੀ ਪਹਿਲੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਜ਼ਿਲ੍ਹੇ ਭਰ ਤੋਂ 60 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿਚ ਡਾਇਰੈਕਟਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਪੰਜਾਬ ਸਰਕਾਰ ਡਾ.ਸੰਜੀਵ ਕੁਮਾਰ ਤਿਵਾੜੀ, ਜੁਆਇੰਟ ਡਾਇਰੈਕਟਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦਮਪ੍ਰੀਤ ਵਾਲੀਆ, ਸਹਾਇਕ ਮੈਨੇਜਰ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੈਗਰੈਕਸਕੋ) ਸਤਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ.ਵਿਨੈ ਕੁਮਾਰ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਰੂਪਨਗਰ ਕੇਵੀਕੇ ਡਾ.ਸਤਬੀਰ ਸਿੰਘ, ਜ਼ਿਲ੍ਹਾ ਟੂਰਿਸਟ ਅਫ਼ਸਰ ਰੂਪਨਗਰ ਕੰਵਰਦੀਪ ਸਿੰਘ ਅਤੇ ਈਵਾਈ ਟੀਮ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ.ਸੰਜੀਵ ਕੁਮਾਰ ਤਿਵਾੜੀ ਨੇ ਫਾਰਮ ਸਟੇਅ ਨੀਤੀ-2026 ਦੇ ਉਦੇਸ਼ਾਂ ਅਤੇ ਦੂਰਦਰਸ਼ੀ ਸੋਚ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਇਸ ਨੀਤੀ ਅਧੀਨ ਰਜਿਸਟ੍ਰੇਸ਼ਨ ਕਰਵਾ ਕੇ ਵੱਧ ਰਹੇ ਸੈਰ-ਸਪਾਟਾ ਖੇਤਰ ਤੋਂ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮਕਸਦ ਪੇਂਡੂ ਖੇਤਰਾਂ ਵਿਚ ਆਮਦਨ ਦੇ ਸਰੋਤਾਂ ਨੂੰ ਵਧਾਉਣ ਦੇ ਨਾਲ-ਨਾਲ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਰਵਾਇਤਾਂ, ਪਰੰਪਰਾਵਾਂ ਅਤੇ ਖੇਤੀਬਾੜੀ ਜੀਵਨ-ਸ਼ੈਲੀ ਨੂੰ ਦੇਸ਼ ਅਤੇ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਤੱਕ ਪਹੁੰਚਾਉਣਾ ਹੈ। ਇਸ ਵਰਕਸ਼ਾਪ ਦੌਰਾਨ ਕਿਸਾਨਾਂ ਨੂੰ ਨੀਤੀ ਦੀਆਂ ਵਿਵਸਥਾਵਾਂ, ਯੋਗਤਾ ਮਾਪਦੰਡਾਂ, ਰਜਿਸਟ੍ਰੇਸ਼ਨ ਪ੍ਰਕਿਰਿਆ, ਪ੍ਰੋਤਸਾਹਨਾਂ ਅਤੇ ਉਪਲੱਬਧ ਸਹਾਇਤਾ ਪ੍ਰਣਾਲੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਟਿਕਾਊ ਪੇਂਡੂ ਸੈਰ-ਸਪਾਟੇ, ਸਮਰੱਥਾ ਨਿਰਮਾਣ, ਸਥਾਨਕ ਹਸਤ-ਕਲਾਵਾਂ ਦੇ ਪ੍ਰਚਾਰ, ਖੇਤੀ-ਅਧਾਰਿਤ ਤਜਰਬਿਆਂ ਅਤੇ ਭਾਈਚਾਰਕ ਭਾਗੀਦਾਰੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਦੌਰਾਨ ਪਹਿਲਾਂ ਤੋਂ ਫਾਰਮ ਸਟੇਅ ਚਲਾ ਰਹੇ ਸੰਚਾਲਕਾਂ ਨੇ ਆਪਣੇ ਤਜਰਬੇ ਅਤੇ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਦਿਆਂ ਨਵੇਂ ਉੱਦਮੀਆਂ ਨੂੰ ਸੈਰ-ਸਪਾਟੇ ਅਧਾਰਿਤ ਰੁਜ਼ਗਾਰ ਦੇ ਮੌਕਿਆਂ ਦੀ ਖੋਜ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਹੋਏ ਇੰਟਰਐਕਟਿਵ ਸੈਸ਼ਨ ਨੇ ਕਿਸਾਨਾਂ ਨੂੰ ਆਪਣੀਆਂ ਸ਼ੰਕਾਵਾਂ ਦੇ ਨਿਵਾਰਣ ਅਤੇ ਅਧਿਕਾਰੀਆਂ ਨਾਲ ਸਿੱਧਾ ਸੰਵਾਦ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਵਰਕਸ਼ਾਪ ਦੀ ਸਮਾਪਤੀ ਭਾਗੀਦਾਰਾਂ ਦੇ ਉਤਸ਼ਾਹਜਨਕ ਹੁੰਗਾਰੇ ਨਾਲ ਹੋਈ, ਜੋ ਪੇਂਡੂ ਸੈਰ-ਸਪਾਟੇ ਅਤੇ ਫਾਰਮ ਸਟੇਅ ਨੀਤੀ-2026 ਪ੍ਰਤੀ ਵੱਧ ਰਹੀ ਦਿਲਚਸਪੀ ਨੂੰ ਦਰਸਾਉਂਦੀ ਹੈ। ਇਸ ਮੌਕੇ ਵਰਕਸ਼ਾਪ ਦੇ ਸੰਚਾਲਨ ਅਤੇ ਸੁਵਿਧਾ ਪ੍ਰਦਾਨ ਕਰਨ ਵਿਚ ਈਵਾਈ ਪੰਜਾਬ ਟੀਮ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।